7ਮਾਨਸਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ਼ਾਰੇ-ਇਸ਼ਾਰੇ ‘ਚ ਕਿਹਾ ਹੈ ਕਿ ਕੁਝ ਮੌਜ਼ੂਦਾ ਪਾਰਟੀ ਵਿਧਾਇਕਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਤੇ ਜਿੱਤਣ ਦੀ ਕਾਬਿਲਿਅਤ ਦੇ ਮੱਦੇਨਜ਼ਰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਹੀਂ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਨੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ.ਬੀ.ਆਈ) ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਇਕ ਸਥਾਨਕ ਅਦਾਲਤ ਵੱਲੋਂ ਸੱਜਣ ਕੁਮਾਰ ਦੀ ਰਿਹਾਈ ਖਿਲਾਫ ਅਪੀਲ ਦਾਇਰ ਕਰਨ ਦਾ ਵੀ ਸਵਾਗਤ ਕੀਤਾ ਹੈ। ਇਥੇ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੀ ਪਛਾਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਟਿਕਟਾਂ ਦੇ ਚਾਹਵਾਨਾਂ ਦੀ ਜਿੱਤਣ ਦੀ ਕਾਬਿਲਿਅਤ ਦਾ ਅੰਦਾਜ਼ਾ ਲਗਾਉਣ ਵਾਸਤੇ ਵੱਖ ਵੱਖ ਸੁਤੰਤਰ ਏਜੰਸੀਆਂ ਪਾਸੋਂ ਸਰਵੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਇਕ ਸਵਾਲ ਕਿ ਕੀ ਸਾਰੇ ਮੌਜ਼ੂਦਾ ਵਿਧਾਇਕਾਂ ਨੂੰ ਮੁੜ ਨਾਮਾਂਕਣ ਕੀਤਾ ਜਾਵੇਗਾ, ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਹ ਜਿੱਤਣ ਦੀ ਕਾਬਿਲਿਅਤ ‘ਤੇ ਨਿਰਭਰ ਕਰੇਗਾ ਅਤੇ ਜੇ ਕੁਝ ਮੌਜ਼ੂਦਾ ਉਮੀਦਵਾਰਾਂ ਨੂੰ ਬਦਲੇ ਜਾਣ ਦੀ ਲੋੜ ਹੋਵੇਗੀ, ਤਾਂ ਅਜਿਹਾ ਕੀਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਇਕੋਮਾਤਰ ਅਧਾਰ ਉਨ੍ਹਾਂ ਦੀ ਜਿੱਤਣ ਦੀ ਕਾਬਿਲਿਅਤ ਹੋਵੇਗਾ।
ਇਸੇ ਤਰ੍ਹਾਂ, ਸੀ.ਬੀ.ਆਈ 1984 ਦੇ ਸਿੱਖ ਵਿਰੋਧੀ ਦੰਗਿਆਂ ਮਾਮਲੇ ‘ਚ ਸੱਜਣ ਕੁਮਾਰ ਦੀ ਰਿਹਾਈ ਖਿਲਾਫ ਅਪੀਲ ਕੀਤੇ ਜਾਣ ਸਬੰਧੀ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਸ ਕਦਮ ਦਾ ਸਵਾਗਤ ਕਰਦੇ ਹਨ ਅਤੇ ਨਿਆਂ ਹੋਣਾ ਚਾਹੀਦਾ ਹੈ ਤੇ ਦੋਸ਼ੀ ਨੂੰ ਸਜ਼ਾ ਮਿੱਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਸ ਦੀ ਬਿਨ੍ਹਾਂ ਕਿਸੇ ਦੇਰੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਉਹ ਉਮੀਦ ਕਰਦੇ ਹਨ ਕਿ ਅਖੀਰ ‘ਚ ਨਿਆਂ ਹੋਵੇਗਾ।
ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੂੰ ਦੰਗਿਆਂ ‘ਚ ਕੁਮਾਰ ਦੀ ਸ਼ਮੂਲਿਅਤ ਬਾਰੇ ਦੱਸਿਆ ਗਿਆ ਸੀ, ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਦੋਂ ਦੰਗਿਆਂ ਤੋਂ ਤੁਰੰਤ ਬਾਅਤ 1, 2 ਤੇ 3 ਨਵੰਬਰ, 1984 ਨੂੰ ਪੀੜਤਾਂ ਨੂੰ ਮਿਲੇ ਸਨ, ਉਨ੍ਹਾਂ ਨੇ ਉਸਦੇ (ਕੁਮਾਰ) ਸਮੇਤ ਐਚ.ਕੇ.ਐਲ ਭਗਤ, ਲਲਿਤ ਮਾਕਨ, ਧਰਮ ਦਾਸ ਸ਼ਾਸਤਰੀ ਤੇ ਅਰਜਨ ਦਾਸ ਦੇ ਨਾਂਮ ਲਏ ਸੀ।
ਜਦੋਂ ਕਾਂਗਰਸੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਐਸ.ਵਾਈ.ਐਲ ਦੇ ਫੈਸਲੇ ਦੇ ਪੰਜਾਬ ਖਿਲਾਫ ਜਾਣ ‘ਤੇ ਸਮੂਹਿਕ ਅਸਤੀਫੇ ਦਾ ਕਾਰਨ ਪੁੱਛਿਆ ਗਿਆ, ਤਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਕੋਲ ਵਾਪਸ ਜਾਵੇਗੀ ਅਤੇ ਉਨ੍ਹਾਂ ਦਾ ਸਮਰਥਨ ਮੰਗੇਗੀ, ਤਾਂ ਜੋ ਉਸ ਕੋਲ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਖਾਤਿਰ ਵਿਧਾਨ ਸਭਾ ‘ਚ ਕਾਨੂੰਨ ਲਿਆਉਣ ਵਾਸਤੇ ਲੋੜੀਂਦੀ ਸੰਖਿਆ ਹੋਵੇ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਿਸੇ ਗਲਤੀ ਨੂੰ ਠੀਕ ਕਰਨ ਦਾ ਹਮੇਸ਼ਾ ਇਕ ਕਾਨੂੰਨੀ, ਵੈਧਾਨਿਕ ਤੇ ਸੰਵਿਧਾਨਿਕ ਤਰੀਕਾ ਹੁੰਦਾ ਹੈ ਅਤੇ ਅਸੀਂ ਕਾਨੂੰਨ ਲਿਆ ਕੇ ਅਜਿਹਾ ਹੀ ਕਰਾਂਗੇ, ਜਿਵੇਂ ਅਸੀਂ 2004 ‘ਚ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਕਰਦਿਆਂ ਕੀਤਾ ਸੀ, ਜਿਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਸਾਰੇ ਵਿਕਲਪਾਂ ਨੂੰ ਗੁਆਂ ਦਿੱਤਾ, ਜਿਹੜੇ ਅਸਾਨੀ ਨਾਲ ਹਾਸਲ ਕੀਤੇ ਜਾ ਸਕਦੇ ਸਨ।
ਸਾਬਕਾ ਮੁੱਖ ਮੰਤਰੀ ਨੇ ਐਸ.ਵਾਈ.ਐਲ ‘ਤੇ ਆਪਣੇ ਮਜ਼ਬੂਤ ਪੱਖ ਦਾ ਬਚਾਅ ਕਰਦਿਆਂ ਕਿਹਾ ਕਿ ਪੰਜਾਬ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਲੋੜੀਂਦਾ ਪਾਣੀ ਨਹੀਂ ਹੈ, ਅਜਿਹੇ ‘ਚ ਉਹ ਕਿਵੇਂ ਦੂਜਿਆਂ ਨੂੰ ਪਾਣੀ ਦੇ ਸਕਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਐਸ.ਵਾਈ.ਐਲ ਨੂੰ ਬਣਨ ਦਿੱਤਾ ਗਿਆ, ਤਾਂ ਮਾਲਵਾ ਖੇਤਰ ਦੀ 10 ਲੱਖ ਏਕੜ ਤੋਂ ਵੱਧ ਜ਼ਮੀਨ ਸੁੱਕ ਜਾਵੇਗੀ। ਇਸ ਤੋਂ ਇਲਾਵਾ, ਲੋਕਾਂ ਕੋਲ ਪੀਣ ਵਾਸਤੇ ਪਾਣੀ ਨਹੀਂ ਬੱਚੇਗਾ, ਖੇਤੀ ਤਾਂ ਦੂਰ ਦੀ ਗੱਲ ਹੈ।
ਇਸ ਤੋਂ ਪਹਿਲਾਂ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਦੌਰਾਨ ਆਮ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜਿਨ੍ਹਾਂ ਕਾਂਗਰਸ ਬਹੁਮਤ ਵਾਲੇ ਪਿੰਡਾਂ ਤੇ ਪੰਚਾਇਤਾਂ ਨੂੰ ਅਕਾਲੀਆਂ ਵੱਲੋਂ ਨਜ਼ਰਅੰਦਾਜ਼ ਤੇ ਉਨ੍ਹਾਂ ਨਾਲ ਪੱਖਪਾਤ ਕੀਤਾ ਗਿਆ ਹੈ, ਨੂੰ ਵਿਕਾਸ ਫੰਡਾਂ ਤੇ ਗ੍ਰਾਂਟਾਂ ਦੇ ਮਾਮਲੇ ‘ਚ ਪਹਿਲ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਦੀ ਸਰਕਾਰ ਨੇ ਕਦੇ ਵੀ ਕਿਸੇ ਪਿੰਡ, ਪੰਚਾਇਤ ਤੇ ਹਲਕੇ ਨਾਲ ਪੱਖਪਾਤ ਨਹੀਂ ਕੀਤਾ ਸੀ, ਭਾਵੇਂ ਉਹ ਕਾਂਗਰਸੀ ਹੋਣ, ਅਕਾਲੀ ਜਾਂ ਫਿਰ ਭਾਜਪਾ ਸਮਰਥਕ। ਉਨ੍ਹਾਂ ਵਾਸਤੇ ਸਾਰੇ ਪੰਜਾਬੀ ਇਕੋ ਸਮਾਨ ਹਨ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਅਤੇ ਉਹ ਕਿਸੇ ਨਾਲ ਪੱਖਪਾਤ ਕਰਨਾ ਪਸੰਦ ਨਹੀਂ ਕਰਦੇ।
ਜਦਕਿ ਅਕਾਲੀਆਂ ਵੱਲੋਂ ਕਾਂਗਰਸੀ ਵਰਕਰਾਂ ਖਿਲਾਫ ਕੀਤੇ ਅੱਤਿਆਚਾਰ ਦਾ ਬਦਲਾ ਲੈਣ ਸਬੰਧੀ ਮੰਗਾਂ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਹਰੇਕ ਪ੍ਰਤਾੜਨਾ ਤੇ ਦੁਸ਼ਮਣੀ ਦੇ ਕੇਸ ਦਾ ਬਦਲਾ ਲੈਣਗੇ ਤੇ ਇਹ ਉਨ੍ਹਾਂ ਦੀ ਲੜਾਈ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਉਹ ਅਕਾਲੀ ਜਥੇਦਾਰ ਹੋਣ ਜਾਂ ਫਿਰ ਵਾਧੂ ਉਤਸਾਹੀ ਪੁਲਿਸ ਵਾਲੇ, ਕਾਂਗਰਸੀ ਵਰਕਰਾਂ ਨੂੰ ਪ੍ਰੇਸ਼ਾਨ ਤੇ ਪ੍ਰਤਾੜਤ ਕਰਨ ਵਾਲੇ ਹਰੇਕ ਵਿਅਕਤੀ ਨੂੰ ਹਿਸਾਬ ਦੇਣਾ ਪਵੇਗਾ। ਉਹ ਉਨ੍ਹਾਂ ਨੂੰ ਉਸੇ ਤਰੀਕੇ ਨਾਲ ਵਾਪਸ ਮੋੜਨਗੇ, ਜਿਸਦਾ ਉਥੇ ਮੌਜ਼ੂਦ 5000 ਤੋਂ ਵੱਧ ਲੋਕਾਂ ਦੀ ਗਿਣਤੀ ਦੀ ਸ਼ਮੂਲਿਅਤ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ, ਜਿਹੜੇ ਇਥੇ ਕੈਪਟਨ ਅਮਰਿੰਦਰ ਨਾਲ ਚਰਚਾ ਕਰਨ ਪਹੁੰਚੇ ਸਨ।  ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਥਾਨਕ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮਾਨ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕ੍ਰਮਜੀਤ ਸਿੰਘ ਮੋਫਰ ਵੀ ਮੌਜ਼ੂਦ ਰਹੇ।

LEAVE A REPLY