1ਫਿਰੋਜ਼ਪੁਰ : ਜੰਮੂ-ਕਸ਼ਮੀਰ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਰਹੱਦ ‘ਤੇ ਆਪਰੇਸ਼ਨ ਅਲਰਟ ਸ਼ੁਰੂ ਕਰ ਦਿੱਤਾ ਹੈ। 20 ਅਗਸਤ ਤੱਕ ਮੁੱਖ ਦਫਤਰ ਤੋਂ ਲੋੜ ਤੋਂ ਵਾਧੂ ਜਵਾਨਾਂ ਦੀ ਤਾਇਨਾਤੀ ਸਰਹੱਦ ‘ਤੇ ਕੀਤੀ ਗਈ ਹੈ। ਗ੍ਰਹਿ ਮੰਤਰਾਲੇ ਤੋਂ ਸੂਚਨਾ ਮਿਲਣ ਦੇ ਬਾਅਦ ਹੀ ਬੀ. ਐੱਸ. ਐੱਫ. ਨੇ ਇਹ ਕਦਮ ਚੁੱਕਿਆ ਹੈ। ਖੁਫੀਆ ਵਿਭਾਗ ਨੇ ਗ੍ਰਹਿ ਮੰਤਰਾਲੇ ਨੂੰ ਸੂਚਨਾ ਦਿੱਤੀ ਹੈ ਕਿ ਆਜ਼ਾਦੀ ਦਿਹਾੜੇ ਦੌਰਾਨ ਦੇਸ਼ ‘ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਅਤੇ ਪੰਜਾਬ ਦੀ ਸਰਹੱਦ ਤੋਂ ਅੱਤਵਾਦੀ ਭਾਰਤ ‘ਚ ਘੁਸਪੈਠ ਕਰ ਸਕਦੇ ਹਨ।
ਇਸ ਸੂਚਨਾ ਤੋਂ ਬਾਅਦ ਸਰਹੱਦ ‘ਤੇ 20 ਅਗਸਤ ਤੱਕ ਬੀ. ਐੱਸ. ਐੱਫ. ਨੇ ਆਪਰੇਸ਼ਨ ਅਲਰਟ ਸ਼ੁਰੂ ਕਰ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਬੀ. ਐੱਸ. ਐੱਫ. ਦੇ ਖੁਫੀਆ ਵਿੰਗ ਦੇ ਅਧਿਕਾਰੀਆਂ ਸਮੇਤ ਹੋਰ ਏਜੰਸੀਆਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਸਰਹੱਦ ਦੀ ਸੁਰੱਖਿਆ ‘ਚ ਕਮਜ਼ੋਰ ਕੜੀਆਂ ਨੂੰ ਤਲਾਸ਼ਿਆ। ਆਈ. ਐੱਸ. ਆਈ. ਜਿਸ ਤਰ੍ਹਾਂ ਨਾਲ ਅੱਤਵਾਦੀਆਂ ਨੂੰ ਭਾਰਤ ਭੇਜਣ ਦੀ ਫਿਰਾਕ ‘ਚ ਹੈ, ਉਹ ਪੰਜਾਬ ਸਰਹੱਦ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ। ਬੀ. ਐੱਸ. ਐੱਫ. ਦੇ ਡੀ. ਆਈ. ਥਾਪਾ ਦਾ ਕਹਿਣਾ ਹੈ ਕਿ ਬੀ. ਐੱਸ. ਐੱਫ. ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਬੀ. ਐੱਸ. ਐੱਫ. ਹਮੇਸ਼ਾ ਹੀ ਹਾਈ ਅਲਰਟ ‘ਤੇ ਰਹਿੰਦੀ ਹੈ। ਇਕ ਜਾਂ ਦੋ ਦਿਨ ਬਾਅਦ ਸਰਹੱਦ ਦੀ ਸੁਰੱਖਿਆ ਦੇ ਮਸਲੇ ‘ਤੇ ਖੁਫੀਆ ਏਜੰਸੀਆਂ ਅਤੇ ਬੀ. ਐੱਸ. ਐੱਫ. ਅਧਿਕਾਰੀਆਂ ਵਿਚਕਾਰ ਫਿਰ ਤੋਂ ਬੈਠਕ ਹੋ ਸਕਦੀ ਹੈ।

LEAVE A REPLY