5ਪਟਿਆਲਾ :  ਪੰਜਾਬ ਦੇ ਉਦਯੋਗਾਂ ਨੂੰ ਬਿਜਲੀ ਦਰਾਂ ਘਟਾ ਕੇ ਮਿਲੀ ਰਾਹਤ 2 ਹਫਤਿਆਂ ਤੋਂ ਪਹਿਲਾਂ ਹੀ ਖਤਮ ਹੋ ਗਈ ਹੈ। ਪੰਜਾਬ ‘ਚ ਖੁੱਲ੍ਹੀ ਮੰਡੀ ਰਾਹੀਂ ਬਿਜਲੀ ਖਰੀਦਣ ਵਾਲੇ ਵੱਡੇ ਉਦਯੋਗਿਕ ਖਪਤਕਾਰਾਂ ਨੂੰ ਹੁਣ ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਖਰੀਦੀ ਜਾ ਰਹੀ ਬਿਜਲੀ ‘ਤੇ 1 ਰੁਪਏ 13 ਪੈਸੇ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਵਾਧੂ ਸਰਚਾਰਜ ਦੇਣਾ ਪਵੇਗਾ। ਇਹ ਫੈਸਲਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਦਾਇਰ ਪਟੀਸ਼ਨ ‘ਤੇ ਕੀਤਾ ਹੈ।
ਪਾਵਰਕਾਮ ਨੇ ਪਟੀਸ਼ਨ ‘ਚ ਕਿਹਾ ਸੀ ਕਿ ਵੱਡੇ ਖਪਤਕਾਰ ਨਾ ਸਿਰਫ ਪਾਵਰਕਾਮ ਨੂੰ ਘਾਟਾ ਪਾ ਰਹੇ ਹਨ, ਸਗੋਂ ਆਮ ਖਪਤਕਾਰਾਂ ‘ਤੇ ਵੀ ਬੋਝ ਵਧ ਰਿਹਾ ਹੈ ਕਿਉਂਕਿ ਘਾਟੇ ਦੀ ਭਰਪਾਈ ਆਮ ਖਪਤਕਾਰਾਂ ਵੱਲੋਂ ਹੀ ਕਰਨੀ ਪੈਂਦੀ ਹੈ। ਇਸ ਲਈ ਜਿਹੜੇ ਖਪਤਕਾਰ ਖੁੱਲ੍ਹੀ ਮੰਡੀ ਰਾਹੀਂ ਬਿਜਲੀ ਦੀ ਖਰੀਦ 30 ਸਤੰਬਰ ਤੱਕ ਕਰਨਗੇ, ਨੂੰ ਵਾਧੂ ਸਰਚਾਰਜ ਦੇਣਾ ਪਵੇਗਾ। ਇਸ ਤਰ੍ਹਾਂ ਅਜਿਹੇ ਖਪਤਕਾਰਾਂ ਲਈ ਬਿਜਲੀ ਮਹਿੰਗੀ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਉਹ ਖਪਤਕਾਰ ਹਨ, ਜਿਨ੍ਹਾਂ ਦੇ ਲੋਡ ਇਕ ਮੈਗਾਵਾਟ ਤੋਂ ਵੱਧ ਹਨ। ਇਨ੍ਹਾਂ ਵਿਚ ਬਹੁ-ਗਿਣਤੀ ‘ਚ ਉਦਯੋਗਪਤੀ ਹਨ।
ਇਸ ਵੇਲੇ 249 ਅਜਿਹੇ ਖਪਤਕਾਰ ਹਨ, ਜਿਨ੍ਹਾਂ ਨੂੰ ਖੁੱਲ੍ਹੀ ਮੰਡੀ ਰਾਹੀਂ ਬਿਜਲੀ ਖਰੀਦਣ ਵਾਸਤੇ ‘ਇਤਰਾਜ਼ ਨਹੀਂ’ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਇਹ ਆਪਣੀ ਸਹੂਲਤ ਮੁਤਾਬਕ 1278 ਮੈਗਾਵਾਟ ਬਿਜਲੀ ਖੁੱਲ੍ਹੀ ਮੰਡੀ ਵਿਚੋਂ ਖਰੀਦ ਰਹੇ ਹਨ। ਖੁੱਲ੍ਹੀ ਮੰਡੀ ਵਿਚੋਂ ਬਿਜਲੀ ਖਰੀਦ ਦੀ ਪ੍ਰਣਾਲੀ ਲਾਗੂ ਹੋਣ ਮਗਰੋਂ ਹੁਣ ਤੱਕ 434 ਉਦਯੋਗਿਕ ਖਪਤਕਾਰਾਂ ਨੇ 1731.84 ਮੈਗਾਵਾਟ ਬਿਜਲੀ ਦੀ ਖਰੀਦ ਵਾਸਤੇ ਮਨਜ਼ੂਰੀ ਮੰਗੀ ਹੈ। ਪਾਵਰਕਾਮ ਦੀ ਆਪਣੀ ਬਿਜਲੀ ਪੈਦਾਵਾਰ ਸਮਰੱਥਾ ਇਸ ਵੇਲੇ 6895.62 ਮੈਗਾਵਾਟ ਹੈ। ਇਸ ਤੋਂ ਇਲਾਵਾ ਸੂਬੇ ਨੂੰ ਕੇਂਦਰੀ ਸੈਕਟਰ ਦੇ ਹਿੱਸੇ ‘ਚੋਂ 3671.34 ਮੈਗਾਵਾਟ ਤੇ ਬੀ. ਬੀ. ਐੈੱਮ. ਬੀ. ਤੋਂ 1161.28 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਹ ਕੁੱਲ 11900.64 ਮੈਗਾਵਾਟ ਬਿਜਲੀ ਬਣਦੀ ਹੈ, ਜਿਸ ਦੀ ਵਰਤੋਂ ਪਾਵਰਕਾਮ ਵੱਲੋਂ ਕੀਤੀ ਜਾ ਰਹੀ ਹੈ। ਸੂਬੇ ਵਿਚ 2014-15 ਅਤੇ 2015-16 ਦੌਰਾਨ ਬਿਜਲੀ ਦੀ ਪੀਕ ਡਿਮਾਂਡ ਕ੍ਰਮਵਾਰ 10155 ਅਤੇ 10852 ਮੈਗਾਵਾਟ ਰਹੀ ਹੈ। ਪਾਵਰਕਾਮ ਕੋਲ ਇਸ ਮੰਗ ਦੀ ਪੂਰਤੀ ਲਈ ਆਪਣੀ ਹੀ ਸਮਰੱਥਾ ਕਾਫੀ ਹੈ। ਮੌਜੂਦਾ ਸੀਜ਼ਨ ਦੌਰਾਨ ਬਿਜਲੀ ਦੀ ਪੀਕ ਮੰਗ 11400 ਮੈਗਾਵਾਟ ਦੀ ਪੂਰਤੀ ਪਾਵਰਕਾਮ ਕਰ ਚੁੱਕਾ ਹੈ।
ਜਦੋਂ ਬਿਜਲੀ ਖੁੱਲ੍ਹੀ ਮੰਡੀ ਵਿਚ ਸਸਤੀ ਉਪਲਬਧ ਹੁੰਦੀ ਹੈ ਤਾਂ ਉਦਯੋਗਿਕ ਖਪਤਕਾਰ ਬਾਹਰੋਂ ਸਸਤੀ ਖਰੀਦ ਲੈਂਦੇ ਹਨ। ਪਾਵਰਕਾਮ ਨੂੰ ਆਪਣੇ ਕੀਤੇ ਖਰੀਦ ਇਕਰਾਰਾਂ ਕਾਰਨ ਤੈਅਸ਼ੁਦਾ ਚਾਰਜਿਜ਼ ਅਦਾ ਕਰਨੇ ਪੈਂਦੇ ਹਨ। ਇਹ ਖਰਚਾ ਪਹਿਲਾਂ ਆਮ ਖਪਤਕਾਰਾਂ ਸਿਰ ਪੈ ਰਿਹਾ ਸੀ। ਕਮਿਸ਼ਨ ਦੇ ਹੁਕਮਾਂ ਮਗਰੋਂ ਹੁਣ ਖੁੱਲ੍ਹੀ ਮੰਡੀ ਵਿਚੋਂ ਬਿਜਲੀ ਖਰੀਦਣ ਵਾਲੇ ਉਦਯੋਗਿਕ ਖਪਤਕਾਰਾਂ ਨੂੰ ਹੁਣ ਵਧੀਕ ਸਰਚਾਰਜ ਦੇ ਰੂਪ ਵਿਚ ਇਹ ਖਰਚਾ ਅਦਾ ਕਰਨਾ ਪਵੇਗਾ।

LEAVE A REPLY