main-news-300x150ਇੱਕ ਤਾਂ ਹਾੜ ਦੇ ਦਿਨਾਂ ਦੀ ਗਰਮੀ ਨੇ ਲੋਕਾਂ ਨੂੰ ਮੱਕੀ ਦੇ ਦਾਣਿਆਂ ਵਾਂਗ ਭੁੰਨ ਛੱਡਿਆ ਸੀ ਅਤੇ ਦੂਜਾ ਬਿਜਲੀ ਵੀ ਲੋਕਾਂ ਨਾਲ ਲੁਕਣਮੀਚੀ ਖੇਡ ਰਹੀ ਸੀ। ਕਦੇ ਦੋ ਘੰਟੇ ਆ ਜਾਇਆ ਕਰੇ ਤੇ ਕਦੇ ਚਾਰ ਘੰਟੇ ਇੱਕ ਭੋਰਾ ਚਮਕਾਰਾ ਵੀ ਨਾ ਮਾਰੇ। ਗਰਮੀ ਅਤੇ ਬਿਜਲੀ ਦੇ ਸਤਾਏ ਲੋਕ ਸੱਥ ਵੱਲ ਨੂੰ ਤੜਕ ਸਾਰ ਹੀ ਵਹੀਰਾਂ ਘੱਤ ਲੈਂਦੇ। ਨੱਕੋ ਨੱਕ ਭਰੀ ਸੱਥ ‘ਚ ਆ ਕੇ ਬਾਬਾ ਚੰਨਣ ਸਿਉਂ ਆਵਦੇ ਹਾਣੀ ਸੁਦਾਗਰ ਸਿਉਂ ਨੂੰ ਕਹਿੰਦਾ, ”ਕਿਉਂ ਸਦਾਗਰ ਸਿਆਂ! ਜੇ ਬਿਜਲੀ ਤੇ ਗਰਮੀ ਦਾ ਪੰਜ ਸੱਤ ਦਿਨ ਹੋਰ ਇਉਂ ਈ ਚੱਜ ਹਾਲ ਰਿਹਾ ਤਾਂ ਲੋਕ ਜੈਨੂੰ ਘਮਿਆਰ ਦੀ ਆਵੀ ‘ਚ ਪਏ ਕੱਚੇ ਪਿੱਲੇ ਭਾਂਡਿਆਂ ਅਰਗੇ ਹੋ ਜਾਣਗੇ ਭੁੱਜ ਕੇ। ਅੰਦਰ ਪਿਆ ਪਾਣੀ ਵੀ ਪਾਂਧੀ ਲੁਅ੍ਹਾਰ ਦੇ ਆਹਰਣ ਆਂਗੂੰ ਤਪ ਜਾਂਦਾ।”
ਤਾਸ਼ ਖੇਡੀ ਜਾਂਦਾ ਸੀਤਾ ਮਰਾਸੀ ਕਹਿੰਦਾ, ”ਗਰਮੀ ‘ਚ ਪਾਣੀ ਨੇ ਤਾਂ ਬਾਬਾ ਤਪਣਾ ਈ ਤਪਣਾ, ਪੰਦਰਾਂ ਦਿਨਾਂ ਦਾ ਸਾਰਾ ਪਿੰਡ ਤਪਿਆ ਪਿਆ ਕਰ ਕੇ ਪਾਂਧੀ ਲੁਅ੍ਹਾਰ ਦੇ ਆਹਰਣ ‘ਤੇ ਵੀ ਵਾਰੀ ਨ੍ਹੀ ਆਉਂਦੀ। ਸਾਰਾ ਪਿੰਡ ਸੇਲੇ ਬਰਛੇ ਗੰਧਾਲੀਆਂ ਬਣਾਈ ਜਾਂਦੈ।”
ਬਾਬੇ ਚੰਨਣ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਬਰਛੇ ਗੰਧਾਲੀਆਂ ਕੀ ਕਰਨੇ ਐ ਲੋਕਾਂ ਨੇ। ਸਤਾਏ ਤਾਂ ਲੋਕ ਗਰਮੀ ਦੇ ਪਏ ਐ। ਸੇਲੇ ਬਰਛੇ ਕੀ ਕਰਨਗੇ ਗਰਮੀ ਨੂੰ ਬਈ, ਕੁ ਰੱਬ ‘ਚ ਮੋਰੀ ਕਰ ਕੇ ਮੀਂਹ ਪੁਆਉਣ ਦੀ ਕੋਈ ਸਕੀਮ ਬਣਾਉਂਦੇ ਐ?”
ਨਾਥਾ ਅਮਲੀ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਬਰਛੇ ਗੰਧਾਲੀਆਂ ਨਾਲ ਕਿਤੇ ਬਾਬਾ ਬਿਜਲੀ ਆਲੇ ਨਾ ਢਾਹੁਣੇ ਢੂਹਣੇ ਹੋਣ ਬਈ ਬਿਜਲੀ ਦਾ ਕੱਟ ਮਾਰ ਦਿੰਦੇ ਐ।”
ਸੀਤੇ ਮਰਾਸੀ ਨੇ :ਫੇਰ ਲਈ ਵਾਰੀ, ”ਬਿਜਲੀ ਆਲੇ ਕਿਉਂ ਢਾਹੁਣੇ ਐ, ਆਹ ਜਿਹੜੇ ਰਾਤ ਬਰਾਤੇ ਕਿਸੇ ਨਾ ਕਿਸੇ ਦੇ ਘਰੇ ਨਿੱਤ ਈ ਚੋਰ ਆ ਵੜਦੇ ਐ, ਉਨ੍ਹਾਂ ਵਾਸਤੇ ਬੰਦੋਬਸਤ ਕਰਦੇ ਐ। ਕਈ ਦਿਨ ਹੋ ਗੇ ਓਧਰਲੇ ਗੁਆੜ ਆਲੇ ਹਾਕਮ ਫ਼ੌਜੀ ਕੀ ਸਬ੍ਹਾਤ ਦੇ ਤਖ਼ਤਿਆਂ ‘ਚ ਕਿਤੇ ਬਿੱਲੀਆਂ ਲੜਦੀਆਂ-ਲੜਦੀਆਂ ਠਾਹ ਦੇਣੇ ਵੱਜੀਆਂ। ਤਖ਼ਤੇ ਇੱਕਦਮ ਬੰਦ ਹੋ ਗੇ। ਫ਼ੌਜੀ ਦੇ ਘਰ ਆਲੀ ਨੇ ਰੌਲਾ ਪਾ ‘ਤਾ ਬਈ ਘਰੇ ਚੋਰ ਵੜਗੇ, ਚੋਰ ਵੜਗੇ। ਆਥਣ ਜਾ ਹੋਇਆ ਵਿਆ ਸੀ। ਲੋਕਾਂ ਨੇ ਫ਼ੌਜੀ ਦਾ ਘਰ ਇਉਂ ਘੇਰ ਲਿਆ ਜਿਮੇਂ ਛਪਾਰ ਦੇ ਮੇਲੇ ‘ਤੇ ਚੰਡੋਲ ਤੋਂ ਡਿੱਗੀ ਬੌਰਨੀ ਦੁਆਲੇ ਲੋਕ ‘ਕੱਠੇ ਹੋਏ ਵੇ ਹੋਣ। ਫ਼ੌਜੀ ਦੀ ਬਹੂ ਦਰਵਾਜੇ ਆਲੀ ਬੈਠਕ ਦੇ ਖੂੰਜੇ ਨਾਲ ਇਉਂ ਠਠਿੰਬਰੀ ਖੜ੍ਹੀ ਜਿਮੇਂ ਠੱਕੇ ਦੀ ਮਾਰੀ ਬੱਕਰੀ ਤੰਦੂਰ ਨਾਲ ਲੱਗੀ ਖੜ੍ਹੀ ਹੁੰਦੀ ਐ। ਸੂਬੇਦਾਰ ਖਜਾਨ ਸਿਉਂ ਦਨਾਲੀ ਰਫ਼ਲ ਲੈ ਕੇ ਕੋਠੇ ਉੱਤੋਂ ਦੀ ਹਾਕਮ ਫ਼ੌਜੀ ਕੇ ਘਰੇ ਆ ਉਤਰਿਆ। ਉਤਰਦਾ ਈ ਫ਼ੌਜੀ ਦੇ ਘਰ ਆਲੀ ਨੂੰ ਕਹਿੰਦਾ ‘ਕਿਹੜੇ ਅੰਦਰ ਵੜੇ ਐ ਭਾਈ ਬੰਦੇ’? ਅਕੇ ਫ਼ੌਜਣ ਨੇ ਸਬ੍ਹਾਤ ਵੱਲ ਹੱਥ ਕਰ ਕੇ ਦੋਮੇਂ ਹੱਥ ਕੰਨਾਂ ‘ਤੇ ਧਰ ਲੇ ਬਈ ਸੂਬੇਦਾਰ ਹੁਣ ਫ਼ੈਰ ਕਰੂ। ਜਦੋਂ ਸੂਬੇਦਾਰ ਨੇ ਸਬ੍ਹਾਤ ਵੱਲ ਨੂੰ ਰਫ਼ਲ ਸਿੱਧੀ ਕੀਤੀ ਤਾਂ ਸੁਰਜਨ ਬੁੜ੍ਹਾ ਸੂਬੇਦਾਰ ਨੂੰ ਕਹਿੰਦਾ ‘ਨਾ ਬਈ ਨਾ ਖਜਾਨ ਸਿਆਂ ਰੌਂਦ ਨਾ ਚਲਾਈਂ। ਆਪਾਂ ਨੇੜੇ ਹੋ ਕੇ ਪੁੱਛਦੇ ਆਂ ਬਈ ਅੰਦਰ ਕੋਈ ਹੈ ਵੀ ਕੁ ਨਹੀਂ। ਲੋਕ ਫ਼ੌਜੀ ਕੇ ਘਰੇ ਗੰਡਾਸੇ ਟਕੂਏ ਲਈ ਖੜ੍ਹੇ ਉੱਚੀ ਉੱਚੀ ਬੋਲਣ ਬਈ ਚੋਰਾਂ ਨੂੰ ਬਾਹਰ ਕੱਢੋ ਸਹੀ। ਘਰ ਦੇ ਵੇਹੜੇ ‘ਚ ਘਸਮਾਨ ਪਈ ਜਾਂਦਿਆਂ ਤੋਂ ਬਿੱਲੀਆਂ ਇੱਕ ਵਾਰ ਫ਼ੇਰ ਲੜਦੀਆਂ ਲੜਦੀਆਂ ਜਦੋਂ ਤਖ਼ਤਿਆਂ ‘ਚ ਵੱਜੀਆਂ ਤਾਂ ਤਖ਼ਤੇ ਖੁੱਲ੍ਹਗੇ। ਸਬ੍ਹਾਤ ਦੇ ਤਖ਼ਤੇ ਖੁੱਲਦੇ ਸਾਰ ਹੀ ਲੋਕਾਂ ਦੇ ‘ਕੱਠ ਦਾ ਪਤਾ ਨਾ ਲੱਗਿਆ ਬਾਬਾ ਕਿੱਧਰ ਭੱਜ ਗੇ ਡਰਦੇ। ਇੱਕ ਦੂਜੇ ‘ਚ ਅੜ੍ਹਕ ਅੜ੍ਹਕ ਈ ਡਿੱਗੀ ਗਏ। ਲੋਕ ਫ਼ੌਜੀ ਦੇ ਵੇਹੜੇ ‘ਚ ਇੱਕ ਦੂਜੇ ਦੇ ਹੇਠਾਂ ਉੱਤੇ ਇਉਂ ਪਏ ਜਿਮੇਂ ਦਾਣਾ ਮੰਡੀ ‘ਚ ਕਣਕ ਦੀਆਂ ਬੋਰੀਆਂ ਦਾ ਢੇਰ ਮਾਰਿਆ ਹੋਵੇ। ਇੱਕ ਸਕਿੰਟ ‘ਚ ਲੋਕ ਇਉਂ ਖਿੰਡ ਗੇ ਜਿਮੇਂ ਨੇਰ੍ਹੀ ਕੱਖਾਂ ਨੂੰ ‘ੜਾ ਕੇ ਲੈ ਗੀ ਹੋਵੇ। ਜਦੋਂ ਤਖ਼ਤੇ ਇੱਕਦਮ ਖੁੱਲ੍ਹੇ ਤਾਂ ਸੂਬੇਦਾਰ ਖਜਾਨ ਸਿਉਂ ਦਸ ਕਰਮਾਂ ‘ਤੇ ਜਾ ਡਿੱਗਿਆ। ਪੱਗ ਸੂਬੇਦਾਰ ਦੀ ਨਲਕੇ ਆਲੀ ਪਾਣੀ ਦੀ ਖੇਲ ‘ਚ ਪਈ। ਬਿੱਲੀਆਂ ਲੜਦੀਆਂ ਲੜਦੀਆਂ ਜਦੋਂ ਬਾਹਰ ਵੇਹੜੇ ਵਿੱਚਦੀ ਭੱਜੀਆਂ ਤਾਂ ਫ਼ੇਰ ਜਾ ਕੇ ਪਤਾ ਲੱਗਿਆ ਬਈ ਚੋਰ ਕਾਹਨੂੰ ਵੜੇ ਸੀ ਇਹ ਤਾਂ ਬਿੱਲੀਆਂ ਸੀ ਅੰਦਰ। ਫ਼ੇਰ ਲੋਕਾਂ ਦੇ ਸਾਹ ‘ਚ ਸਾਹ ਆਇਆ।”
ਮਾਹਲਾ ਨੰਬਰਦਾਰ ਕਹਿੰਦਾ, ”ਕੋਠਿਆਂ ਆਲੇ ਸ਼ਕਾਇਤੀਆਂ ਦੇ ਗਿੰਦਰ ਦੀ ਲੱਤ ਵੀ ਫ਼ਿਰ ਓੱਥੇ ਈ ਟੁੱਟੀ ਹੋਣੀ ਐ। ਕਿੰਨੇ ਈ ਦਿਨ ਹੋ ਗੇ ਹਜੇ ਗੁਪਤੇ ਦੇ ਹੱਥਪਤਾਲ ‘ਚ ਪਿਆ।”
ਪਿੰਡੋਂ ਬਾਹਰ ਕੋਠਿਆਂ ‘ਚ ਰਹਿੰਦੇ ਗਿੰਦਰ ਕੇ ਪਰਿਵਾਰ ਨੂੰ ਸਾਰਾ ਪਿੰਡ ਸ਼ਿਕਾਇਤੀਆਂ ਦਾ ਲਾਣਾ ਕਹਿੰਦਾ ਸੀ ਕਿਉਂਕਿ ਉਨ੍ਹਾਂ ਦੇ ਟੱਬਰ ਦੇ ਜੀਅ-ਜੀਅ ਨੂੰ ਬਿਨਾਂ ਗੱਲ ਤੋਂ ਈ ਹਰ ਕਿਸੇ ਦੀ ਸ਼ਕਾਇਤ ਕਰਨ ਦੀ ਆਦਤ ਸੀ ਜਿਸ ਕਰ ਕੇ ਪਿੰਡ ਦੇ ਲੋਕ ਉਨ੍ਹਾਂ ਨੂੰ ਸ਼ਿਕਾਇਤੀਆਂ ਦੇ ਨਾਂਅ ਨਾਲ ਜਾਣਦੇ ਸਨ।
ਸੀਤਾ ਮਰਾਸੀ ਕਹਿੰਦਾ, ”ਹੁਣ ਨੂੰ ਤਾਂ ਯਾਰ ਜੁੜ ਜਾਣੀ ਚਾਹੀਦੀ ਸੀ। ਅੱਠ ਦਸ ਦਿਨ ਹੋ ਗੇ ਏਸ ਗੱਲ ਨੂੰ ਤਾਂ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਤੁਸੀਂ ਜੁੜਣ ਦੀ ਗੱਲ ਕਰਦੇ ਐ ਮੈਨੂੰ ਤਾਂ ਇਉਂ ਲਗਦਾ ਬਈ ਕਿਤੇ ਹੱਥਪਤਾਲ ‘ਚੋਂ ਦੂਜੀ ਮਨਾ ਤੜਾ ਕੇ ਆ ਜੇ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਕਿਉਂ ਕੀ ਗੱਲ ਹੋਗੀ। ਤੁਰਿਆ ਤਾਂ ਉਹਤੋਂ ਜਾਂਦਾ ਨ੍ਹੀ, ਦੂਜੀ ਕਿਮੇਂ ਤੜਾ ਲੂ ਬਈ। ਮੰਜੇ ‘ਤੇ ਪਏ ਦੀ ਓ ਈ ਟੁੱਟ ਜੂ ਹੈਂਅ। ਲੱਤਾਂ ਕੁ ਕੰਚ ਦੇ ਗਲਾਸ ਐ ਬਈ ਤੱਤੀ ਚਾਹ ਪਾਇਆਂ ਤੋਂ ਈ ਤਿੜਕ ਜਾਣਗੇ।”
ਨਾਥਾ ਅਮਲੀ ਕਹਿੰਦਾ, ”ਦੂਜੀ ਵੀ ਤੜਾਊਗਾ ਈ ਹੋਰ ਕੀ ਕਰੂ, ਸ਼ਕੈਤਾਂ ਕਰਨ ਦੀ ਆਦਤ ਤਾਂ ਜਾਂਦੀ ਨ੍ਹੀ। ਜੇ ਹੱਥਪਤਾਲ ‘ਚ ਵੀ ਕਿਤੇ ਕਿਸੇ ਦੀ ਸ਼ਕੈਤ ਸ਼ਕੂਤ ਕਰ ‘ਤੀ ਤਾਂ ਪੰਗਾ ਪੈਣਾ ਈਂ ਪੈਣਾ।”
ਸੀਤਾ ਮਰਾਸੀ ਕਹਿੰਦਾ, ”ਓੱਥੇ ਵੀ ਪ੍ਰਭਾ ਕਰ ‘ਤੀ ਸ਼ਕੈਤ। ਜੇ ਆਦਤੀ ਬੰਦੇ ਆਦਤ ਛੱਡ ਦੇਣ ਤਾਂ ਵਾਰੇਸ਼ਾਹ ਝੂਠਾ ਹੋ ਜੂ।”
ਕਰਮੇ ਮੈਂਬਰ ਨੇ ਪੁੱਛਿਆ, ”ਹੱਥਪਤਾਲ ‘ਚ ਕੀਹਦੀ ਸ਼ਕੈਤ ਕਰ ‘ਤੀ?”
ਨਾਥਾ ਅਮਲੀ ਕਹਿੰਦਾ, ”ਡਾਕਦਾਰ ਦੀ।”
ਬੁੱਘਰ ਦਖਾਣ ਕਹਿੰਦਾ, ”ਉਹਦੀਆਂ ਤਾਂ ਪਹਿਲਾਂ ਈ ਬਾਹਲੀਆਂ ਸ਼ਕਾਇਤਾਂ ਹੁੰਦੀਐਂ। ਕੋਈ ਕਹਿੰਦਾ ਉਹਨੂੰ ਬੋਲਣਾ ਨ੍ਹੀ ਆਉਂਦਾ, ਕੋਈ ਕਹਿੰਦਾ ਹਰੇਕ ਦੇ ਗਲ ਪੈਂਦਾ। ਕੋਈ ਕਹੀ ਜਾਂਦਾ ਆਪ ਨੂੰ ਹੀਰਾ ਸਮਝਦਾ, ਦੂਜਿਆਂ ਨੂੰ ਕਹੂ ਕਾਣੀ ਕੌਡੀਉਂ ਖੋਟਾ।”

ਮਾਹਲਾ ਨੰਬਰਦਾਰ ਕਹਿੰਦਾ, ”ਅਕਲ ਤਾਂ ਧੇਲੇ ਦੀ ਨ੍ਹੀ, ਆਵਦੇ ਆਪ ਨੂੰ ਸਮਝੂ ਬਈ ਖਣੀ ਮੈਂ ਈ ਸਿਆਣਾ ਸਾਰਿਆਂ ਤੋਂ।”
ਨਾਥਾ ਅਮਲੀ ਨੰਬਰਦਾਰ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਕਹਿੰਦਾ, ”ਕਈ ਬੰਦੇ ਤਾਂ ਨੰਬਰਦਾਰਾ ਉਹਨੂੰ ਗਾਲ੍ਹ ਕੱਢਣ ਦੇ ਮਾਰੇ ਈ ਬਲਾਉਂਦੇ ਐ। ਆਹ ਆਪਣੇ ਪਿੰਡ ਆਲੇ ਜੰਗੇ ਰਾਹੀ ਦੇ ਮੁੰਡੇ ਲੱਖੇ ਦਾ ਕੁਸ ਦੁਖਦਾ ਦਖਦਾ ਤਾਂ ਹੁੰਦਾ ਨ੍ਹੀ ਤੇ ਨਾ ਈ ਓਹਨੇ ਕੋਈ ਦੁਆ ਬੂਟੀ ਕਰਾਉਣੀ ਹੁੰਦੀ ਐ, ਪਰ ਉਹਦੀ ਬੇਜਤੀ ਕਰਨ ਦਾ ਮਾਰਾ ਨਿੱਤ ਈ ਟੈਲੀਫ਼ੂਨ ਕਰ ਕੇ ਕਹੂ ‘ਜੇ ਬਥਾੜਾ ਨ੍ਹੀ ਚੰਗਾ ਤਾਂ ਜਬਾਨ ਤਾਂ ਚੰਗੀ ਕਰ ਲਾ। ਗੰਦ ਨਾਲ ਲਿਬੜੀ ਵੀ ਸੂਰ ਦੀ ਪੂਛ ਅਰਗੀ ਬਣਾ ਕੇ ਜੀਭ, ਹਰੇਕ ਨੂੰ ਈ ਹਲਕੀ ਕੁੱਤੀ ਆਂਗੂੰ ਬੋਲਦੈਂ, ਸਾਲਾ ਚਰੜਗੁੱਗ ਜਾ ਨਾ ਹੋਵੇ ਤਾਂ’।”
ਬਾਬਾ ਚੰਨਣ ਸਿਉਂ ਕਹਿੰਦਾ, ”ਨਹੀਂ ਯਾਰ ਆਏਂ ਤਾਂ ਨ੍ਹੀ ਕਹਿੰਦੇ ਹੋਣੇ ਲੋਕ। ਐਨੀ ਬੇਜਤੀ ਕਰਦੇ ਐ ਹੈਂਅ?”
ਨਾਥਾ ਅਮਲੀ ਫ਼ੇਰ ਬੋਲਿਆ, ”ਤੂੰ ਤਾਂ ਬਾਬਾ ਕਦੇ ਸੁਣਿਆ ਨ੍ਹੀ ਬੋਲਦਾ। ਹਰੇਕ ਨੂੰ ਈ ਪੁੱਠਾ ਬੋਲੂ। ਲੋਕ ਵੀ ਗਾਲਾਂ ਕੱਢ-ਕੱਢ ਥੱਕ ਜਾਂਦੇ ਐ ਪਰ ਉਹ ਨ੍ਹੀ ਹਾਰਦਾ। ਪੂਰਾ ਮੋਟਾ ਢੀਠ ਐ।”
ਬਾਬਾ ਚੰਨਣ ਸਿਉਂ ਕਹਿੰਦਾ, ”ਫ਼ੇਰ ਤਾਂ ਉਹ ਗੱਲ ਐ, ਅਕੇ ਕੇਰਾਂ ਲੋਕ ਕਿਸੇ ਸਾਧ ਨੂੰ ਕਹਿੰਦੇ ‘ਬਾਬਾ ਜੀ! ਲੋਕ ਸੋਨੂੰ ਟਿੱਚ ਈ ਸਮਝਦੇ ਐਂ। ਸਾਧ ਮੂਹਰੋਂ ਕਹਿੰਦਾ ‘ਮੈਂ ਸਾਰਿਆਂ ਨੂੰ ਟਿੱਚ ਸਮਝਦਾਂ’। ਉਹੀ ਗੱਲ ਫ਼ੇਰ ਇਹਦੀ ਐ।”
ਏਨੇ ਚਿਰ ਨੂੰ ਜਿਉਂ ਹੀ ਮੋਦਨ ਮਾਸਟਰ ਸੱਥ ‘ਚ ਆਇਆ ਤਾਂ ਬਾਬੇ ਚੰਨਣ ਸਿਉਂ ਨੇ ਮਾਸਟਰ ਨੂੰ ਪੁੱਛਿਆ, ”ਕਿਉਂ ਬਈ ਮਾਹਟਰ! ਕਹਿੰਦੇ ਆਪਣੇ ਪਿੰਡ ਆਲੇ ਹੱਥਪਤਾਲ ਆਲੇ ਡਾਕਦਾਰ ਨੂੰ ਜਦੋਂ ਕੋਈ ਫ਼ੂਨ ਫ਼ਾਨ ਕਰਦਾ ਜਾਂ ਮਿਲ ਕੇ ਕੋਈ ਗੱਲਬਾਤ ਕਰਦਾ ਉਹਨੂੰ ਵੱਢ ਖਾਣੀ ਕੁੱਤੀ ਆਂਗੂੰ ਪੈਂਦਾ, ਏਮੇਂ ਈ ਗੱਲ ਬਈ। ਕਿਸੇ ਵੱਡੇ ਅਸਫ਼ਰ ਉਸਫ਼ਰ ਨੂੰ ਕਹਿ ਕਹਾ ਕੇ ਬਦਲੀ ਬੁਦਲੀ ਕਰਾ ਕੇ ਓਧਰ ਬਾਡਰ ਬੂਡਰ ‘ਤੇ ਸਿੱਟੋ ਪਰ੍ਹੇ।”
ਮਾਸਟਰ ਕਹਿੰਦਾ, ”ਉਹਦੇ ਆਲੇ ਤਾਂ ਬਾਬਾ ਜੀ ਚੱਕ ‘ਤੇ ਬਗੌੜ ਕੱਲ੍ਹ। ਜਦੋਂ ਨੋਕਰੀ ਤੋਂ ਲਾਹਿਆ ਨਾਹ, ਅਗਲਿਆਂ ਨੇ ਮਾਰਕੇ ਧੱਕੇ ਇਉਂ ਬਾਹਰ ਕੱਢ ਕੱਢਿਆ ਜਿਮੇਂ ‘ਖੰਡ ਪਾਠ ਆਲੇ ਘਰੋਂ ਸ਼ਰਾਬੀ ਨੂੰ ਧੱਕੇ ਮਾਰ ਕੇ ਘਰੋਂ ਕੱਢਦੇ ਹੁੰਦੇ ਐ।”
ਨੰਬਰਦਾਰ ਨੇ ਪੁੱਛਿਆ, ”ਗੱਲ ਕੀ ਹੋਈ ਸੀ ਬਈ?”
ਨਾਥਾ ਅਮਲੀ ਕਹਿੰਦਾ, ”ਗੱਲ ਕੀ ਹੋਣੀ ਸੀ। ਅਗਲਿਆਂ ਨੇ ਵਾਹਸੜੀਏ ਆਂਗੂੰ ਪੂਜ ਕੇ ਰੱਖ ‘ਤਾ। ਕਹਿੰਦੇ ਲੈ ਹੁਣ ਜਿੰਨਾਂ ਮਰਜੀ ਭੌਕੀਂ ਜਾਹ। ਹੁਣ ਇਉਂ ਤੁਰਿਆ ਫ਼ਿਰਦਾ ਹੋਊ ਜਿਮੇਂ ਕਿੱਲਾ ਪਟਾ ਕੇ ਔਟਲੀ ਵੀ ਮੱਝ ਤੁਰੀ ਫ਼ਿਰਦੀ ਹੁੰਦੀ ਐ।”
ਬਾਬੇ ਚੰਨਣ ਸਿਉਂ ਨੇ ਪੁੱਛਿਆ, ”ਓਹਦੇ ਆਲੀ ਕੁਰਸੀ ਤਾਂ ਅਮਲੀਆ ਫ਼ਿਰ ਖ਼ਾਲੀ ਹੋ ਗੀ ਹੋਣੀ ਐ ਹੁਣ ਕੁ ਨਹੀਂ?”
ਅਮਲੀ ਕਹਿੰਦਾ, ”ਅਗਲਿਆਂ ਨੇ ਪਹਿਲਾਂ ਨਮੇਂ ਨਾਲ ਗੱਲਬਾਤ ਕਰਕੇ ਫ਼ੇਰ ਈ ਕੱਢੀ ਐ ਕੁੱਤੀ ਪਕਾਹ ‘ਚੋਂ। ਨਮੇਂ ਡਾਕਦਾਰ ਦੇ ਆਉਣ ਤੋਂ ਪਹਿਲਾਂ-ਪਹਿਲਾਂ ਈ ਪੰਜੀਰੀ ਦੇ ਕੇ ਤੋਰ ‘ਤਾ।”
ਬੁੱਘਰ ਦਖਾਣ ਨੇ ਪੁੱਛਿਆ, ”ਹੁਣ ਆਲਾ ਕਿਹੋ ਜਾ ਬਈ ਜਿਹੜਾ ਨਮਾਂ ਆਇਆ?”
ਸੀਤਾ ਮਰਾਸੀ ਕਹਿੰਦਾ, ”ਕੀ ਗੱਲਾਂ ਪੁੱਛਦੈਂ ਮਿਸਤਰੀਆ। ਔਲੇ ਦੇ ਮਰੱਬੇ ਜਿੰਨਾਂ ਪੂਰਾ ਗੁਣਾਂਕਾਰੀ ਐ। ਜਦੋਂ ਨਮੇਂ ਡਾਕਦਾਰ ਨੇ ਆ ਕੇ ਫ਼ੂਕ ਮਾਰੀ, ਫ਼ੇਰ ਤਾਂ ਲੋਕਾਂ ਨੂੰ ਨਮੇਂ ਆਏ ਦਾ ਪੰਜ ਭਾਂਦੋਂ ਨੂੰ ਲਿਆਂਦੇ ਦਰੌਜੇ ਜਿੰਨਾਂ ਚਾਅ ਚੜ੍ਹ ਗਿਆ। ਪਹਿਲੇ ਦਿਨ ਈਂ ਲੋਕਾਂ ਨੇ ਬਲਾ ਬਲਾਕੇ ਸੱਸਰੀ ਕਾਲਾਂ ਗੁੜ ‘ਚ ਲਿਬੜੇ ਮਸੱਦ ਅਰਗਾ ਕਰ ‘ਤਾ। ਹੁਣ ਓੱਦੇ ਦੀ ਹੱਥਪਤਾਲ ‘ਚ ਜਰਗ ਦੇ ਮੇਲੇ ਆਗੂੰ ਰੌਣਕ ਲੱਗੀ ਰਹਿੰਦੀ ਹੈ। ਲੋਕਾਂ ਨੂੰ ਗੱਲ ਕਰਨ ਦਾ ਟੈਮ ਈ ਨ੍ਹੀ ਮਿਲਦਾ।”
ਜੱਗੇ ਕਾਮਰੇਡ ਨੇ ਪੁੱਛਿਆ, ”ਪਹਿਲਾ ਤਾਂ ਯਾਰ ਐਮੇਂ ਈ ਕੱਢਿਆ। ਉਹ ਕਿੱਧਰ ਨੂੰ ਤੋਰ ‘ਤਾ ਬਈ?”
ਨਾਥਾ ਅਮਲੀ ਕਹਿੰਦਾ, ”ਕੱਢਣਾ ਕੀਹਨੇ ਸੀ ਕਾਮਰੇਟਾ। ਆਵਦੀ ਕਰਤੂਤੀਂ ਨਿੱਕਲਿਆ ਜਦੋਂ ਕਿਸੇ ਨੂੰ ਮੂੰਹ ਨ੍ਹੀ ਸੀ ਬੋਲਦਾ। ਅਗਲਿਆਂ ਨੇ ਇਉਂ ਚੱਕ ਕੇ ਤੋਰ ‘ਤਾ ਜਿਮੇਂ ਆਟੇ ਆਲੀ ਪਰਾਂਤ ‘ਚੋਂ ਲਿਬੜਿਆ ਵਿਆ ਵੇਲਣਾ ਚੱਕੀ ਦਾ ਹੁੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਮਾਘੀ ਚੌਂਕੀਦਾਰ ਸੱਥ ‘ਚ ਆ ਕੇ ਬਾਬੇ ਚੰਨਣ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਆਪਣੇ ਬੰਦਿਆਂ ਆਲੇ ਹੱਥਪਤਾਲ ‘ਚ ਅੱਜ ਪਿੰਡ ਦਾ ‘ਕੱਠ ਐ। ਸੋਨੂੰ ਵੀ ਸਾਰਿਆਂ ਨੂੰ ਓੱਥੇ ਸੱਦਿਆ। ਕਿਸੇ ਵੱਡੇ ਅਸਫ਼ਰ ਉਸਫ਼ਰ ਨੇ ਆਉਣੈ। ਘੁੱਲੇ ਸਰਪੈਂਚ ਨੇ ਕਿਹਾ ਬਈ ਜਿੰਨੇ ਬੰਦੇ ਸੱਥ ‘ਚ ਬੈਠੇ ਐ ਉਨ੍ਹਾਂ ਸਾਰਿਆਂ ਨੂੰ ਕਹਿ ਕੇ ਆਈਂ।”
ਚੌਕੀਂਦਾਰ ਤੋਂ ਸੁਨੇਹਾ ਸੁਣਦੇ ਸਾਰ ਹੀ ਸੱਥ ਵਾਲੇ ਸਾਰੇ ਜਣੇ ਹਸਪਤਾਲ ਵੱਲ ਨੂੰ ਤੁਰ ਪਏ ਜਿਮੇਂ ਕਿਤੇ ਉਹ ਵੋਟਾਂ ਪਾਉਣ ਜਾਂਦੇ ਹੋਣ।

LEAVE A REPLY