1ਦੋਦਾ/ਗਿੱਦੜਬਾਹਾ/ਚੰਡੀਗੜ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬੀਆਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਕਾਂਗਰਸ ਦਾ ਚਾਪਲੂਸ ਬਣ ਕੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਤਾਂ ਧੋਖਾ ਕਮਾਇਆ ਹੀ ਹੈ ਪਰ ਮਨਪ੍ਰੀਤ ਦਾ ਸਭ ਤੋਂ ਜ਼ਿਆਦਾ ਖਿਆਲ ਰੱਖਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਪਿੱਠ ਵਿਚ ਵੀ ਉਸ ਨੇ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਬਾਦਲ ਸਾਬ੍ਹ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ।
ਇੱਥੇ ਗਿੱਦੜਬਾਹਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਨਾਲ ਬਾਦਲ ਪਰਿਵਾਰ ਦਾ ਪੁਰਾਣਾ ਅਤੇ ਦਿਲੀ ਰਿਸ਼ਤਾ ਹੈ ਅਤੇ ਬਾਦਲ ਪਰਿਵਾਰ ਨੂੰ ਇਸੇ ਹਲਕੇ ਦੇ ਲੋਕਾਂ ਨੇ ਸਿਆਸਤ ਵਿਚ ਭਾਰਤ ਦੇ ਚੋਟੀ ਦੇ ਸਿਆਸਤਦਾਨਾਂ ਵਿਚ ਸ਼ਾਮਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਗਿੱਦੜਬਾਹਾ ਹਲਕੇ ਨੇ ਬਾਦਲ ਪਰਿਵਾਰ ‘ਤੇ ਏਨਾ ਜ਼ਿਆਦਾ ਵਿਸ਼ਵਾਸ ਪ੍ਰਗਟਾਇਆ ਉੱਥੇ ਹੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹਲਕੇ ਦੇ ਲੋਕਾਂ ਨਾਲ ‘ਕਾਂਗਰਸੀ ਚਾਪਲੂਸ’ ਬਣ ਕੇ ਧ੍ਰੋਹ ਕਮਾਇਆ ਹੈ।
ਪੰਜਾਬ ਵਿਚ ਪਿਛਲੇ 9 ਸਾਲਾਂ ਵਿਚ ਹੋਏ ਵਿਕਾਸ ਬਾਰੇ ਬੋਲਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਤਰੱਕੀ ਸਿਰਫ ਉਦੋਂ ਹੋਈ ਹੈ ਜਦੋਂ-ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਸੇਵਾ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਖਰਚ ਕਰਕੇ ਮੁਕਤਸਰ ਇਲਾਕੇ ਵਿਚ ਸੇਮ ਦੀ ਸਮੱਸਿਆ ਦੂਰ ਕਰਨ ਲਈ ਹੰਭਲੇ ਮਾਰੇ ਗਏ ਹਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਇਸ ਇਲਾਕੇ ਵਿਚ ਹੁਣ ਕਿਰਸਾਨੀ ਦੀ ਹਾਲਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਗਰੀਬਾਂ, ਵਪਾਰੀਆਂ ਅਤੇ ਨੌਜਵਾਨਾਂ ਦੀ ਜੇਕਰ ਬਾਂਹ ਕਿਸੇ ਪਾਰਟੀ ਨੇ ਫੜ੍ਹੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ 6000 ਕਰੋੜ ਰੁਪਏ ਤੋਂ ਜ਼ਿਆਦਾ ਦੇ ਬਿਜਲੀ ਬਿਲਾਂ ਦਾ ਪਾਵਰਕੌਮ ਨੂੰ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਸਾਨਾਂ ਨੂੰ ਬਿਜਲੀ ਬਿਲਕੁਲ ਮੁਫਤ ਦੇਣ ਵਾਲਾ ਪੰਜਾਬ ਭਾਰਤ ਦਾ ਇਕੋ-ਇਕ ਸੂਬਾ ਹੈ।
ਸ. ਬਾਦਲ ਨੇ ਕਿਹਾ ਕਿ ਆਟਾ-ਦਾਲ ਸਕੀਮ, ਮੁਫਤ ਸਿਹਤ ਬੀਮਾ ਯੋਜਨਾ, ਐਸ.ਸੀ., ਬੀ.ਸੀ. ਪਰਿਵਾਰਾਂ ਨੂੰ 200 ਬਿਜਲੀ ਦੇ ਮੁਫਤ ਯੂਨਿਟ, ਸਕੂਲੀ ਲੜਕੀਆਂ ਨੂੰ ਮੁਫਤ ਸਾਈਕਲ, ਪੈਨਸ਼ਨ ਸਕੀਮ ਅਤੇ ਸ਼ਗਨ ਸਕੀਮ ਵਰਗੀਆਂ ਯੋਜਵਾਨਾਂ ਤੇ ਸਕੀਮਾਂ ਨੇ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਖੁਸ਼ਹਾਲ ਕਰਨ ਵਿਚ ਮਦਦ ਕੀਤੀ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ 2147 ਸੇਵਾ ਕੇਂਦਰਾਂ ਦੀ ਸ਼ੁਰੂਆਤ ਨਾਲ ਪੰਜਾਬਵਾਸੀਆਂ ਨੂੰ ਸੌਖੀਆਂ, ਭ੍ਰਿਸ਼ਟਾਚਾਰ-ਮੁਕਤ ਤੇ ਬਿਹਤਰ ਸਰਕਾਰੀ ਸੇਵਾਵਾਂ ਮਿਲਣਗੀਆਂ ਤੇ ਉਨ੍ਹਾਂ ਨੂੰ ਸਰਕਾਰੀ ਦਫਤਰਾਂ ਦੀ ਖੱਜਲ-ਖੁਆਰੀ ਤੋਂ ਵੀ ਮੁਕਤੀ ਮਿਲੇਗੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਪੰਜਾਬ ਦੇ ਲੋਕ ਤੀਜੀ ਵਾਰ ਵੀ ਗੱਠਜੋੜ ਨੂੰ ਸੇਵਾ ਦਾ ਮੌਕਾ ਦੇਣਗੇ ਕਿਉਂ ਕਿ ਵਿਰੋਧੀ ਪਾਰਟੀਆਂ ਵਿਚੋਂ ਕਾਂਗਰਸੀ ਤਾਂ ਪਹਿਲਾਂ ਹੀ ਖੁਦ ਆਪਣੀ ਹਾਰ ਮੰਨੀ ਬੈਠੇ ਹਨ ਜਦਕਿ ‘ਆਪ’ ਵਾਲੇ ਧਰਮ ਦਾ ਨਿਰਾਦਰ ਕਰਨ ਵਾਲੇ ਅਤੇ ਪੰਜਾਬੀ ਮਾਹੌਲ, ਸਭਿਆਚਾਰ ਤੇ ਵਿਰਸੇ ਤੋਂ ਅਣਜਾਣ ਅਜਿਹੇ ਗਰਮਖਿਆਲੀ ਵਿਅਕਤੀਆਂ ਦਾ ਟੋਲਾ ਹੈ ਜੋ ਪੰਜਾਬ ਵਿਚ ਸੱਤਾ ਪ੍ਰਾਪਤੀ ਦੀ ਲਾਲਸਾ ਸਿਰਫ ਇਸ ਕਰਕੇ ਕਰ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਨਾਲ ਵਿਵਾਦ ਖੜ੍ਹਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਟਕਰਾਅ ਵਾਲੀ ਸਿਆਸਤ ਕਰਦਾ ਹੈ ਅਤੇ ਪੰਜਾਬ ਵਰਗੇ ਖੁਸ਼ਹਾਲ ਤੇ ਤਰੱਕੀ ਵਾਲਾ ਸੂਬਾ ਨੂੰ ਇਹ ਵਿਨਾਸ਼ ਵੱਲ ਧੱਕਣ ਦੀ ਕੋਸ਼ਿਸ਼ ਵਿਚ ਹੈ ਜਦਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਵਾਲਿਆਂ ਦਾ ਹਾਲ ਮਨਪ੍ਰੀਤ ਬਾਦਲ ਦੀ ਪੀਪੀਪੀ ਤੋਂ ਵੀ ਮਾੜਾ ਹੋਵੇਗਾ।
ਬਾਅਦ ਵਿਚ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਅਤੇ ਪਾਰਟੀ ਦੀ ਪਹਿਲੀ ਸੂਚੀ ਲਗਭਗ ਤੈਅ ਹੋ ਚੁੱਕੀ ਹੈ। ਤਰਨ ਤਾਰਨ ਵਿਚ ਗੈਂਗਸਟਰ ਵਾਰ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼ਾਂਤੀ ਭਰਿਆ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਜਿਹੜੇ ਇੱਕਾ-ਦੁੱਕਾ ਗੈਂਗਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਗਿੱਦੜਬਾਹਾ ਹਲਕੇ ਦੇ ਸੰਗਤ ਦਰਸ਼ਨ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਹਲਕੇ ਦੇ ਸਾਰੇ ਪਿੰਡਾਂ ਵਿਚ 100-100 ਸੋਲਰ ਲਾਈਟਾਂ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 30000 ਕਰੋੜ ਰੁਪਏ ਨਾਲ ਅਗਲੇ ਪੰਜ ਸਾਲਾਂ ਵਿਚ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਨਾਲ ਪੱਕੀਆਂ ਬਣਾ ਦਿੱਤੀਆਂ ਜਾਣਗੀਆਂ ਅਤੇ ਅਜਿਹਾ ਕਰਨ ਵਾਲਾ ਵੀ ਪੰਜਾਬ ਦੇਸ਼ ਦਾ ਅੱਵਲ ਸੂਬਾ ਬਣ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ 25 ਪੰਚਾਇਤਾਂ ਅਤੇ ਗਿੱਦੜਬਾਹਾ ਸ਼ਹਿਰ ਦੇ 8 ਵਾਰਡਾਂ ਨੂੰ ਵਿਕਾਸ ਗ੍ਰਾਂਟਾਂ ਵੰਡੀਆਂ। ਉਨ੍ਹਾਂ ਲੋੜਵੰਦਾਂ ਨੂੰ ਟ੍ਰਾਈਸਾਈਕਲ, ਸਿਲਾਈ ਮਸ਼ੀਨਾਂ, ਸਕੂਲੀ ਲੜਕੀਆਂ ਨੂੰ ਸਾਈਕਲ, ਆਟਾ-ਦਾਲ ਸਕੀਮ ਤੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਨਵੇਂ ਕਾਰਡ ਵੀ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪੰਜਾਬ ਐਗਰੋ ਜੱਥੇਦਾਰ ਦਿਆਲ ਸਿੰਘ ਕੋਲਿਆਵਾਲੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਦੀਪ ਸਿੰਘ ਡਿੰਪੀ ਢਿੱਲੋਂ, ਚੇਅਰਮੈਨ ਤੇ ਐਸਜੀਪੀਸੀ ਮੈਂਬਰ ਨਵਤੇਜ ਸਿੰਘ ਕਾਉਣੀ, ਚੇਅਰਮੈਨ ਸੁਰਜੀਤ ਸਿੰਘ ਗਿਲਜੇਵਾਲਾ, ਸੀਨੀਅਰ ਅਕਾਲੀ ਆਗੂ ਸੰਤ ਸਿੰਘ ਬਰਾੜ, ਚਰਨਜੀਤ ਸਿੰਘ ਭੂੰਦੜ, ਜਬਰਜੰਗ ਸਿੰਘ ਦੋਦਾ, ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਐਸਐਸਪੀ ਗੁਰਪ੍ਰੀਤ ਸਿੰਘ ਗਿੱਲ, ਅਕਾਲੀ ਆਗੂ ਸੰਨੀ ਢਿੱਲੋਂ, ਗੁਲਾਬ ਸਿੰਘ ਸਰਪੰਚ, ਸੁਖਪਾਲ ਸਿੰਘ, ਸੁਰਜੀਤ ਸਿੰਘ ਫੱਕਰਸਰ, ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।

LEAVE A REPLY