7ਅੰਮ੍ਰਿਤਸਰ  :  ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਕਿ ਮੈਨੂੰ ਕੇਜਰੀਵਾਲ ਵਿਚ ਇੰਦਰਾ ਗਾਂਧੀ ਦੀ ਰੂਹ ਨਜ਼ਰ ਆ ਰਹੀ ਹੈ। ਸ. ਮਜੀਠੀਆ ਅੱਜ ਇੱਥੇ ਬਾਬਾ ਬਕਾਲਾ ਦੀ ਰੱਖੜ ਪੁੰਨਿਆ ਸਮੇਂ 18 ਅਗਸਤ ਨੂੰ ਹੋਣ ਜਾ ਰਹੀ ਅਕਾਲੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਵੀਰ ਸਿੰਘ ਲੋਪੋਕੇ ਦੀ ਅਗਵਾਈ ‘ਚ ਕੀਤੀ ਜਾ ਰਹੀ ਜ਼ਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਕਾਲੀ ਆਗੂਆਂ ਦੀ ਇਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਸ. ਮਜੀਠੀਆ ਨੇ ਕਿਹਾ ਕਿ ਇੰਦਰਾ ਗਾਂਧੀ ਜਾਂ ਗਾਂਧੀ ਪਰਿਵਾਰ ਨੇ ਕੁੱਝ ਵੀ ਅਜਿਹਾ ਨਹੀਂ ਕੀਤਾ, ਜੋ ਪੰਜਾਬ ਦੇ ਹਿੱਤ ਵਿਚ ਹੋਵੇ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਐੱਸ. ਵਾਈ. ਐੱਲ. ਨਹਿਰ ਸ਼ੁਰੂ ਕਰਨ ਲਈ ਕਪੂਰੀ ਵਿਖੇ ਟੱਕ ਲਾਇਆ, ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਉੱਥੇ ਹੀ ਕੇਜਰੀਵਾਲ ਵੱਲੋਂ ਸਿੱਖੀ ਪਛਾਣ-ਵਜੂਦ ਅਤੇ ਸਿਧਾਂਤਾਂ ‘ਤੇ ਹਮਲਾ ਕੀਤਾ ਜਾ ਰਿਹਾ ਹੈ।
ਕੇਜਰੀਵਾਲ ਵੱਲੋਂ ਚੋਣ ਮੈਨੀਫੈਸਟੋ ‘ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਝਾੜੂ ਨੂੰ ਦਰਸਾਉਣਾ, ਮੈਨੀਫੈਸਟੋ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੱਸਣਾ ਅਤੇ ਉਸ ਦੇ ਆਗੂਆਂ ਵੱਲੋਂ ਸਿੱਖਾਂ ਦੀ ਅਕਲ ‘ਤੇ ਵਿਅੰਗਆਤਮਿਕ ਟਿੱਪਣੀਆਂ ਕਰਨੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਦਸ ਕੇ ਵਿਸ਼ਵ ਪੱਧਰ ‘ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਇਹ ਦਰਸਾਉਂਦੀ ਹੈ ਕਿ ਕੇਜਰੀਵਾਲ ਸਿੱਖੀ ਅਤੇ ਪੰਜਾਬੀਆਂ ਦੀ ਅਣਖ ਨੂੰ ਦਾਗ ਲਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਨੌਜਵਾਨਾਂ ਦੇ ਭਵਿੱਖ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਦੁਸ਼ਮਣਾਂ ਦਾ ਠੋਕਵਾਂ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਸ. ਮਜੀਠੀਆ ਨੇ ਕਿਹਾ ਕਿ ਦਿੱਲੀ ਦੇ 15 ਵਿਧਾਇਕ ਕਿਸੇ ਨਾ ਕਿਸੇ ਗੰਭੀਰ ਜੁਰਮ ਤਹਿਤ ਜੇਲ ਦੀ ਹਵਾ ਖਾ ਚੁੱਕੇ ਹਨ। ਉਨ੍ਹਾਂ ਕੇਜਰੀਵਾਲ ਦੇ ਚਹੇਤੇ ਵਿਧਾਇਕਾਂ ਵੱਲੋਂ ਇਸਤਰੀਆਂ ‘ਤੇ ਕੀਤੇ ਜਾ ਰਹੇ ਜੁਰਮਾਂ ‘ਤੇ ਚੋਟ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਸ਼ਹਿਰ ‘ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਤੋਂ ਪਹਿਲਾਂ ਆਪਣੀਆਂ ਅੱਖਾਂ ਦੇ ਕੈਮਰੇ ਸਾਫ਼ ਕਰ ਲੈਣੇ ਚਾਹੀਦੇ ਹਨ। ਸ. ਮਜੀਠੀਆ ਨੇ ਖ਼ਜ਼ਾਨਾ ਖਾਲੀ ਹੋਣ ਬਾਰੇ ਵਿਰੋਧੀਆਂ ਦੇ ਗੁੰਮਰਾਹਕੁਨ ਪ੍ਰਚਾਰ ਸੰਬੰਧੀ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਖ਼ਜ਼ਾਨਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਖ਼ਜ਼ਾਨਾ ਖਾਲੀ ਹੈ, ਇਸ ਲਈ ਕੋਈ ਵੀ ਭਰਤੀ ਨਹੀਂ ਕੀਤੀ ਜਾ ਸਕਦੀ। ਅੱਜ ਪੰਜਾਬ ਵਿਚ ਕਰੀਬ ਸਵਾ ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਇੰਨੀਆਂ ਹੀ ਨੌਕਰੀਆਂ ਦੀ ਭਰਤੀ ਲਈ ਕਾਰਵਾਈ ਚਲ ਰਹੀ ਹੈ ਤਾਂ ਫਿਰ ਖ਼ਜ਼ਾਨਾ ਖਾਲੀ ਹੋਣਾ ਕਿਵੇਂ ਕਿਹਾ ਜਾ ਸਕਦਾ ਹੈ।

LEAVE A REPLY