3ਜਲੰਧਰ: ਪੰਜਾਬ ਪੁਲਿਸ ਦਾ ਬਰਖਾਸਤ ਡੀਐਸਪੀ ਤੇ ਅੰਤਰਰਾਸ਼ਟਰੀ ਪਹਿਲਵਾਨ ਜਗਦੀਸ਼ ਭੋਲਾ ਨਸ਼ਾ ਤਸਕਰੀ ਦੇ ਇੱਕ ਮਾਮਲੇ ਚੋਂ ਬਰੀ ਹੋ ਗਿਆ ਹੈ। ਭੋਲਾ ਦੇ ਨਾਲ ਨਾਮਜ਼ਦ ਮੈਡੀਸਨ ਕਾਰੋਬਾਰੀ ਜਗਜੀਤ ਸਿੰਘ ਚਹਿਲ ਤੇ ਸਾਬਕਾ ਅਕਾਲੀ ਲੀਡਰ ਮਨਿੰਦਰ ਸਿੰਘ ਬਿੱਟੂ ਔਲਖ ਵੀ ਬਰੀ ਹੋ ਗਏ ਹਨ। ਜਦਕਿ ਮਾਮਲੇ ‘ਚ 2 ਹੋਰ ਮੁਲਜ਼ਮਾਂ ਨੂੰ ਦੋਸ਼ੀ 12-12 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਜਲੰਧਰ ਦੀ ਅਡੀਸ਼ਨਲ ਜਿਲ੍ਹਾ ਸ਼ੈਸ਼ਨਜ਼ ਕੋਰਟ ਨੇ ਸੁਣਾਇਆ ਹੈ।
ਅਦਾਲਤ ਨੇ ਇਸ ਮਾਮਲੇ ਦੀ ਪੂਰੀ ਸੁਣਵਾਈ ਤੋਂ ਬਾਅਦ ਅੱਜ ਅਹਿਮ ਫੈਸਲਾ ਸੁਣਾਇਆ ਹੈ। ਜਿਲ੍ਹਾ ਅਡੀਸ਼ਨਲ ਸ਼ੈਸ਼ਨਜ਼ ਜੱਜ ਸ਼ਾਮ ਲਾਲ ਨੇ ਭੋਲਾ, ਚਹਿਲ, ਔਲਖ ਤੇ 2 ਹੋਰਾਂ ਨੂੰ ਮਾਮਲੇ ‘ਚ ਬੇਕਸੂਰ ਮੰਨਿਆ ਹੈ। ਪਰ ਅੰਮ੍ਰਿਤਸਰ ਦੇ ਤਰਸੇਮ ਸਿੰਘ ਤੇ ਕਪੂਰਥਲਾ ਦੇ ਰਹਿਣ ਵਾਲੇ ਦਲਬੀਰ ਸਿੰਘ ਨੂੰ ਨਸ਼ਾ ਤਸਕਰੀ ਕਰਨ ਦਾ ਦੋਸ਼ੀ ਮੰਨਿਆ ਹੈ। ਅਦਾਲਤ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ 12-12 ਸਾਲ ਦੀ ਸਜ਼ਾ ਦੇ ਨਾਲ 1-1 ਲੱਖ ਰੁਪਿਆ ਜੁਰਮਾਨਾ ਵੀ ਕੀਤਾ ਹੈ।
ਦਰਅਸਲ ਇਹ ਮਾਮਲਾ ਕਰੀਬ 6 ਸਾਲ ਪੁਰਾਣਾ ਹੈ। ਜਲੰਧਰ ਪੁਲਿਸ ਨੇ ਲਾਂਬੜਾਂ ਥਾਣੇ ‘ਚ 1 ਕਿੱਲੋ ਹੈਰੋਇਨ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਸੀ। ਇਸ ਕੇਸ ‘ਚ ਪੜਤਾਲ ਦੌਰਾਨ ਭੋਲਾ ਤੇ ਉਸ ਦੇ ਸਾਥੀਆਂ ਨੂੰ ਨਾਮਜਦ ਕੀਤਾ ਗਿਆ ਸੀ। ਜਦਕਿ ਭੋਲਾ, ਚਹਿਲ ਤੇ ਬਿੱਟੂ ਲਗਾਤਾਰ ਖੁਦ ਨੂੰ ਬੈਕਸੂਰ ਦੱਸ ਰਹੇ ਸਨ। ਆਖਰ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।
ਜਲੰਧਰ ਅਦਾਲਤ ਦਾ ਇਹ ਫੈਸਲਾ ਪੰਜਾਬ ਪੁਲਿਸ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ। ਹਾਲਾਂਕਿ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਭੋਲਾ ਖਿਲਾਫ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਕੀਤੇ ਹੋਏ ਹਨ। ਪਰ ਕਿਉਂਕਿ ਪੁਲਿਸ ਭੋਲਾ ਖਿਲਾਫ ਇਸ ਮਾਮਲੇ ‘ਚ ਦੋਸ਼ ਸਾਬਤ ਕਰਨ ‘ਚ ਨਾਕਾਮ ਰਹੀ ਹੈ। ਅਜਿਹੇ ‘ਚ ਪੁਲਿਸ ਨੂੰ ਹੋਰ ਮਾਮਲਿਆਂ ਨੂੰ ਲੈ ਕੇ ਚਿੰਤਾ ਕਰਨੀ ਲਾਜ਼ਮੀ ਹੈ। ਬੇਸ਼ੱਕ ਭੋਲਾ ਇਸ ਮਾਮਲੇ ‘ਚੋਂ ਬਰੀ ਹੋ ਗਿਆ ਹੈ। ਪਰ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋਵੇਗਾ, ਕਿਉਂਕਿ ਉਸ ਖਿਲਾਫ ਹੋਰ ਮਾਮਲੇ ਅਜੇ ਵੀ ਵਿਚਾਰ ਅਧੀਨ ਹਨ।

LEAVE A REPLY