SANTSEECHEWALJII
SANTSEECHEWALJII

ਅਧਿਕਾਰੀਆਂ ਵੱਲੋਂ ‘ਸੀਚੇਵਾਲ ਮਾਡਲ’ ਬਿਹਾਰ ‘ਚ ਸਥਾਪਿਤ ਕਰਨ ਦੀ ਮੰਗ
ਬਿਹਾਰ :  ਪਟਨਾ ਸਾਹਿਬ ਦੀ ਯਾਤਰਾ ‘ਤੇ ਗਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਧਾਨਗੀ ‘ਚ ‘ਨਮਾਮੀ ਗੰਗੇ’ ਤੇ ਮੀਟਿੰਗ ਹੋਈ ਜਿਸ ‘ਚ ਬਿਹਾਰ ਸਰਕਾਰ ਦੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।ਪਟਨਾ ਸ਼ਹਿਰ ਦੇ ਇੰਦਰਾ ਭਵਨ ‘ਚ ਹੋਈ ਮੀਟਿੰਗ ਦੌਰਾਨ ਬਿਹਾਰ ਦੇ ਅਧਿਕਾਰੀਆਂ ਨੇ ਸੰਤ ਸੀਚੇਵਾਲ ਨੂੰ ਜਾਣਕਾਰੀ ਦਿੱਤੀ ਕਿ ਬਿਹਾਰ ਵਿੱਚੋਂ ਲੰਘਦੀ ਗੰਗਾ ਵਿੱਚ ੨੬੧ ਪਿੰਡਾਂ ਤੇ ੩੫ ਸ਼ਹਿਰਾਂ ਦਾ ਗੰਦਾ ਪਾਣੀ ਪੈ ਰਿਹਾ ਹੈ।ਸੰਤ ਸੀਚੇਵਾਲ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕਿਹਾ ਕਿ ਪੰਜਾਬ ਦੀਆਂ ਸੰਗਤਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈਂ ਦੀ ਕਾਰ ਸੇਵਾ ਕਰਕੇ ਜੋ ਦੇਸ਼ ਨੂੰ ਮਾਡਲ ਦਿੱਤਾ ਹੈ ਉਸ ਨਾਲ ਗੰਗਾ ਸਮੇਤ ਸਾਰੇ ਹੋਰ ਦਰਿਆ ਤੇ ਨਦੀਆਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਉਨ੍ਹਾ ਦੱਸਿਆ ਕਿ ਜਿਸ ਤਰ੍ਹਾਂ ਗਾਯਾ ‘ਚ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ ਉਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਵਿੱਤਰ ਵੇਈਂ ਵਿੱਚ ਟੁੱਭੀ ਲਗਾਉਣ ਤੋਂ ਬਾਅਦ ਗਿਆਨ ਦੀ ਪ੍ਰਾਪਤੀ ਹੋਈ ਤੇ ਉਨ੍ਹਾ ਨੇ ਸਮੁੱਚੇ ਵਿਸ਼ਵ ਨੂੰ ੴ ਦਾ ਸੁਨੇਹਾ ਦਿੱਤਾ ਸੀ।ਇਸੇ ਪਵਿੱਤਰ ਵੇਈਂ ਨੂੰ ਗੰਗਾ ਦੀ ਸਫਾਈ ਲਈ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਗੁਰੂ ਅਸਥਾਨ ਦੱਸਿਆ ਸੀ ਤੇ ਸੀਚੇਵਾਲ ਪਿੰਡ ਦੇ ਛੱਪੜ ਦੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤੇ ਜਾਣ ਵਾਲੇ ਮਾਡਲ ਨੂੰ ਅਪਣਾਉਣ ਦਾ ਫੈਸਲਾ ਕੀਤਾ ਸੀ।ਸੁਲਤਾਨਪੁਰ ਲੋਧੀ ‘ਚ ੧੩ ਕਿਲੋਮੀਟਰ ਤੱਕ ਸ਼ਹਿਰ ਦਾ ਸੋਧਿਆ ਹੋਇਆ ਪਾਣੀ ਖੇਤੀ ਲਈ ਵਰਤਿਆ ਜਾ ਰਿਹਾ ਹੈ।
ਉਨ੍ਹਾ ਦੱਸਿਆ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਪਾਣੀ ਦੀ ਲੋੜ ਹਮੇਸ਼ਾਂ ਰਹਿੰਦੀ ਹੈ ਸੋ ਪਿੰਡਾਂ ‘ਤੇ ਸ਼ਹਿਰਾਂ ਦੇ ਗੰਦੇ ਪਾਣੀਆਂ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾਵੇ ਜਿਸ ਨਾਲ ਅਰਬਾਂ ਰੁਪਏ ਦੀ ਖਾਦ ਬਚੇਗੀ ਤੇ ਪਿੰਡਾਂ ਵਿੱਚ ਮੱਖੀਆਂ–ਮੱਛਰਾਂ ਤੋਂ ਵੀ ਛੁੱਟਕਾਰਾ ਮਿਲ ਜਾਵੇਗਾ।ਉਨ੍ਹਾਂ ਕਿਹਾ ਕਿ ਗੰਗਾ ਨੂੰ ਸਾਫ਼ ਕਰਨ ਲਈ ਜਿੰਨ੍ਹਾਂ ਵੱਡਾ ਮਰਜ਼ੀ ਬੱਜਟ ਰੱਖ ਲਵੋ ,ਇਹ ਕਦੇ ਸਾਫ਼ ਨਹੀਂ ਹੋ ਸਕਦੀ ਜੇ ਲੋਕਾਂ ਦੀ ਸ਼ਮੂਲੀਅਤ ਨਾ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਲੋਕ ਚੇਤਨਾ ਤੋਂ ਬਿਨ੍ਹਾਂ ਗੰਗਾ ਦੀ ਸਫ਼ਾਈ ਨਹੀਂ ਕਰਵਾਈ ਜਾ ਸਕਦੀ।ਸੰਤ ਸੀਚੇਵਾਲ ਨੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਨਮਾਮੀ ਗੰਗਾ ਦੀ ਪਹਿਲੀਵਾਰ ਪ੍ਰਧਾਨਗੀ ਕੀਤੀ। ਇਸ ਮੀਟਿੰਗ ‘ਚ ਹਿੱਸਾ ਲੈਣ ਲਈ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਸਨ।
ਅਧਿਕਾਰੀਆਂ ਨੇ ਇਹ ਮੰਗ ਵੀ ਕੀਤੀ ਕਿ ਬਿਹਾਰ ਦੇ ਇੱਕ ਜਾਂ ਦੋ ਪਿੰਡਾਂ ਵਿੱਚ ‘ਸੀਚੇਵਾਲ ਮਾਡਲ’ ਸਥਾਪਿਤ ਕੀਤਾ ਜਾਵੇ ਤਾਂ ਜੋ ਇੱਥੇ ਹੀ ਲੋਕ ਉਸ ਨੂੰ ਦੇਖਕੇ ਸਿੱਖਿਆ ਲੈ ਸਕਣ।ਅਧਿਕਾਰੀਆਂ ਦੀ ਇਸ ਮੰਗ ਨੂੰ ਸਵੀਕਾਰ ਕਰਦਿਆ ਸੰਤ ਸੀਚੇਵਾਲ ਨੇ ਹਾਮੀ ਭਰਦਿਆ ਕਿਹਾ ਉਨ੍ਹਾ ਨੂੰ ਪਿੰਡ ਦੱਸ ਦਿੱਤੇ ਜਾਣ ਉਹ ਉਨ੍ਹਾ ਪਿੰਡਾਂ ਵਿੱਚ ਸੇਵਾਦਾਰਾਂ ਦੀ ਟੀਮ ਨਾਲ ਇਸ ਨੂੰ ਸਥਾਪਿਤ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੀ ਸਹਾਇਤਾਂ ਦੇ ਬਿਨ੍ਹਾਂ ਹੀ ੧੦੦ ਦੇ ਕਰੀਬ ਪਿੰਡਾਂ ਵਿੱਚ ਸੀਵਰੇਜ ਪਾ ਕੇ ਉਨ੍ਹਾ ਨੂੰ ਪਰਦੂਸ਼ਣ ਮੁਕਤ ਕਰਵਾ ਚੁੱਕੇ ਹਨ।ਇਸ ਮੌਕੇ ਸੰਤ ਸੀਚੇਵਾਲ ਵੱਲੋਂ ਸਥਾਪਿਤ ਕੀਤੇ ਗਏ ‘ਸੀਚੇਵਾਲ ਮਾਡਲ’ ਦੀ ਦਸਤਾਵੇਜੀ ਫਿਲਮ ਵੀ ਦਿਖਾਈ ਗਈ।

LEAVE A REPLY