1ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰ ਜਗਦੀਸ਼ ਭੋਲਾ ਦੀ ਹੈਰੋਈਨ ਤਸਕਰੀ ਦੇ ਇਕ ਕੇਸ ‘ਚ ਰਿਹਾਈ ਨੂੰ ਨਿਆਂ ਦੀ ਪੂਰੀ ਤਰ੍ਹਾਂ ਨਾਕਾਮੀ ਕਰਾਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਇਥੇ ਜ਼ਾਰੀ ਬਿਆਨ ‘ਚ ਕਿਹਾ ਹੈ ਕਿ ਇਹ ਮੁੱਦਾ ਸਿਰਫ ਭੋਲਾ ਨੂੰ ਸਜ਼ਾ ਦੇਣ ਦਾ ਨਹੀਂ ਹੈ, ਬਲਕਿ ਉਨ੍ਹਾਂ ਹਜ਼ਾਰਾਂ ਨੌਜ਼ਵਾਨਾਂ ਨੂੰ ਨਿਆਂ ਦਿਲਾਉਣ ਦਾ ਹੈ, ਜਿਹੜੇ ਉਸ ਵੱਲੋਂ ਤਸਕਰੀ ਤੇ ਸਪਲਾਈ ਕੀਤੇ ਨਸ਼ੇ ਕਾਰਨ ਮਾਰੇ ਗਏ ਹਨ। ਜੇ ਭੋਲਾ ਬੇਕਸੂਰ ਹੈ, ਤਾਂ ਇਸ ਧਰਤੀ ‘ਤੇ ਕੋਈ ਵੀ ਗੁਨਾਹਗਾਰ ਨਹੀਂ ਹੋ ਸਕਦਾ।
ਇਸ ਲੜੀ ਹੇਠ ਕੈਪਟਨ ਅਮਰਿੰਦਰ ਨੇ ਭੋਲਾ ਦੀ ਰਿਹਾਈ ‘ਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਪੰਜਾਬ ਪੁਲਿਸ ‘ਤੇ ਪੂਰਾ ਭਰੋਸਾ ਸੀ ਕਿ ਉਹ ਇਸ ਕੇਸ ਨੂੰ ਨਿਰਣਾਂਇਕ ਨਤੀਜ਼ੇ ਤੱਕ ਲੈ ਕੇ ਜਾਵੇਗੀ, ਲੇਕਿਨ ਜਿਸ ਤਰੀਕੇ ਨਾਲ ਇਨ੍ਹਾਂ ਨੇ ਭੋਲੇ ਦੇ ਕੇਸ ‘ਚ ਕੰਮ ਕੀਤਾ ਹੈ ਅਤੇ ਇਸਦਾ ਨਤੀਜ਼ਾ ਉਸਦੀ ਰਿਹਾਈ ਵਜੋਂ ਸਾਹਮਣੇ ਹੈ, ਨਾਲ ਉਹ ਪੂਰੀ ਤਰ੍ਹਾਂ ਨਿਰਾਸ਼ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਐਲਾਨ ਕੀਤਾ ਕਿ ਸਿਰਫ ਛੇ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਕੇਸ ਨੂੰ ਮੁੜ ਖੋਲ੍ਹੇਗੀ। ਸਾਨੂੰ ਉਨ੍ਹਾਂ ਨੌਜ਼ਵਾਨਾਂ ਨਾਲ ਨਿਆਂ ਕਰਨ ਦੀ ਲੋੜ ਹੈ, ਜਿਹੜੇ ਭੋਲਾ ਵੱਲੋਂ ਸਪਲਾਈ ਕੀਤੇ ਨਸ਼ਿਆਂ ਕਾਰਨ ਮਾਰੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨਸ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਾ ਕਰਨ ਸਬੰਧੀ ਸਹੁੰ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਨਸ਼ਾ ਤਸਕਰ ਦੀ ਰਿਹਾਈ ਲਈ ਅਕਾਲੀਆਂ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਜਾਂਚ ਦੌਰਾਨ ਸਾਹਮਣੇ ਆਏ ਕੁਝ ਵਿਸ਼ੇਸ਼ ਲੋਕਾਂ ਨੂੰ ਬਚਾਉਣ ਖਾਤਿਰ ਕੀਤਾ ਗਿਆ ਹੈ। ਲੇਕਿਨ ਉਹ ਪੁਖਤਾ ਕਰਨਗੇ ਕਿ ਇਹੋ ਪੁਲਿਸ ਨਿਰਪੱਖ ਟ੍ਰਾਇਲ ਕਰਕੇ ਪੀੜਤਾਂ ਨੂੰ ਨਿਆਂ ਦਿਲਾਵੇ, ਜਿਸਨੇ ਅਕਾਲੀਆਂ ਦੇ ਇਸ਼ਾਰੇ ‘ਤੇ ਪੱਖਪਾਤੀ ਭੂਮਿਕਾ ਨਿਭਾਈ ਹੈ।
ਲੇਕਿਨ ਜੇ ਫਿਰ ਵੀ ਲੋਕਾਂ ਨੂੰ ਸ਼ੰਕਾ ਹੋਵੇਗੀ ਅਤੇ ਉਹ ਜਾਂਚ ਨਾਲ ਸੰਤੁਸ਼ਟ ਨਹੀਂ ਹੋਣਗੇ, ਤਾਂ ਉਹ ਇਸ ਕੇਸ ਨੂੰ ਸੀ.ਬੀ.ਆਈ ਹਵਾਲੇ ਕਰ ਦੇਣਗੇ। ਕਿਉਂਕਿ ਇਸੇ ਪੰਜਾਬ ਪੁਲਿਸ ਨੇ ਅਕਾਲੀਆਂ ਦੇ ਇਸ਼ਾਰੇ ‘ਤੇ ਭੋਲਾ ਖਿਲਾਫ ਕੇਸ ਨੂੰ ਕਮਜ਼ੋਰ ਕੀਤਾ, ਜਿਸ ਨਾਲ ਉਸਦੀ ਰਿਹਾਈ ਹੋਈ।

LEAVE A REPLY