9ਜਲੰਧਰ  :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੰਕਾਰੀ ਵਿਅਕਤੀ ਹਨ ਅਤੇ ਉਹ ਸੱਤਾ ਦੇ ਨਸ਼ੇ ‘ਚ ਚੂਰ ਹਨ ਪਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਚੋਣਾਂ ‘ਚ ਮੂੰਹ-ਤੋੜ ਜਵਾਬ ਦੇ ਦੇਵੇਗੀ।
ਅੱਜ ਇਥੇ ਕੈਪਟਨ ਨੇ ਚਰਚ ‘ਚ ਬਿਸ਼ਪ ਫਾਦਰ ਫ੍ਰੈਂਕੋ ਨਾਲ ਗੁਪਤ ਬੈਠਕ ਕੀਤੀ। ਬੈਠਕ ਦੌਰਾਨ ਫਾਦਰ ਫ੍ਰੈਂਕੋ ਅਤੇ ਕੈਪਟਨ ਹੀ ਮੌਜੂਦ ਸਨ। ਅੰਦਰ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਬੈਠਕ ਦੌਰਾਨ ਕੈਪਟਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਲਈ ਈਸਾਈ ਭਾਈਚਾਰੇ ਦਾ ਸਮਰਥਨ ਮੰਗਿਆ।
ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੱਥਾਂ ‘ਚ ਪੰਜਾਬ ਦੇ ਹਿੱਤ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕੇਜਰੀਵਾਲ ਦੇ ਹੰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦੋਵੇਂ ਹੀ ਸੂਬੇ ‘ਚ 100 ਸੀਟਾਂ ਜਿੱਤਣ ਦੀਆਂ ਗੱਲਾਂ ਵਾਰ-ਵਾਰ ਕਰ ਰਹੇ ਹਨ, ਜਦਕਿ ਸੱਤਾ ਸੌਂਪਣਾ ਜਾਂ ਨਾ ਸੌਂਪਣਾ ਤਾਂ ਜਨਤਾ ਦੇ ਹੱਥਾਂ ‘ਚ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੀ ਚੋਣਾਂ ਜਿੱਤਣ ਦੀ ਗੱਲ ਕਰਦੀ ਹੈ ਪਰ ਉਸ ਨੇ ਕਦੇ ਇਹ ਦਾਅਵਾ ਨਹੀਂ ਕੀਤਾ ਕਿ ਉਹ 80 ਸੀਟਾਂ ਜਿੱਤੇਗੀ ਜਾਂ 100 ਪਰ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੇ ਤਾਂ ਜਨਤਾ ਦੇ ਫਤਵੇ ਤੋਂ ਪਹਿਲਾਂ ਹੀ ਰਾਜ ਭਰ ‘ਚ ਪੋਸਟਰ ਲਗਵਾ ਦਿੱਤੇ ਹਨ ਕਿ ‘ਆਪ’ 100 ਸੀਟਾਂ ਜਿੱਤੇਗੀ। ਉਹ ਤਾਂ ਜਨਤਾ ਦੇ ਫਤਵੇ ਦੀ ਉਡੀਕ ਵੀ ਨਹੀਂ ਕਰ ਰਹੇ, ਜਿਸ ਤੋਂ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਵਿਚ ਪਾਇਆ ਜਾਂਦਾ ਹੰਕਾਰ ਸਾਹਮਣੇ ਆਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਮੌਜੂਦਾ ਚੋਣਾਂ ‘ਚ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੋਵਾਂ ਨਾਲ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸੱਤਾਧਾਰੀ ਅਕਾਲੀ ਤਾਂ ਚੋਣ ਰੇਸ ‘ਚ ਕਾਫੀ ਪੱਛੜ ਗਏ ਹਨ। ਭਾਜਪਾ ਨੂੰ ਤਾਂ ਇਕ ਵੀ ਸੀਟ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਭਾਜਪਾ ਖਿਲਾਫ ਵਿਰੋਧੀ ਲਹਿਰ ਚੱਲ ਰਹੀ ਹੈ। ਇਕ ਤਾਂ ਪੰਜਾਬ ‘ਚ ਭਾਜਪਾਈਆਂ ਨੇ ਖੂਬ ਭ੍ਰਿਸ਼ਟਾਚਾਰ ਕੀਤਾ ਹੈ, ਜਿਸ ਨਾਲ ਜਨਤਾ ‘ਚ ਨਾਰਾਜ਼ਗੀ ਹੈ ਅਤੇ ਦੂਸਰਾ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵੀ ਲੋਕਾਂ ‘ਚ ਰੋਸ ਦਿਨ-ਬ-ਦਿਨ ਵਧ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਅਕਾਲੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਜਨਤਾ ਦੀ ਵੋਟ ਉਨ੍ਹਾਂ ਨੂੰ ਹਾਸਲ ਨਹੀਂ ਹੋਣੀ ਹੈ, ਇਸ ਲਈ ਉਹ ਹੁਣ ਗੜਬੜ ਕਰਵਾਉਣ ‘ਚ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਿਛਲੇ ਇਕ ਸਾਲ ਦੇ ਅੰਦਰ ਜੋ ਵੀ ਘਟਨਾਵਾਂ ਹੋਈਆਂ ਹਨ, ਉਨ੍ਹਾਂ ਦੀ ਜਾਂਚ ਕਾਂਗਰਸ ਸਰਕਾਰ ਬਣਨ ‘ਤੇ ਕਰਵਾਈ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੋਟਾਂ ਦੇ ਧਰੁਵੀਕਰਨ ਦੀ ਚਾਲ ਅਕਾਲੀਆਂ ਨੂੰ ਉਲਟੀ ਪਏਗੀ ਕਿਉਂਕਿ ਹੁਣ ਅਜਿਹੀਆਂ ਘਟਨਾਵਾਂ ਤੋਂ ਬਾਅਦ ਜਨਤਾ ਸਵਾਲ ਕਰ ਰਹੀ ਹੈ ਕਿ ਅਕਾਲੀ ਸਰਕਾਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾ ਕੇ ਕਿਉਂ ਨਹੀਂ ਰੱਖ ਪਾ ਰਹੀ?
ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਚੋਣ ਤਿਆਰੀਆਂ ‘ਚ ਲੱਗੀ ਹੋਈ ਹੈ ਅਤੇ ਸਤੰਬਰ ਦੇ ਅਖੀਰ ਤੱਕ ਕਾਂਗਰਸੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਕ ਹੀ ਪੜਾਅ ‘ਚ ਸਾਰੇ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਵਾ ਦਿੱਤੀ ਜਾਵੇ। ਇਸ ਨਾਲ ਕਾਂਗਰਸੀ ਉਮੀਦਵਾਰਾਂ ਨੂੰ ਪ੍ਰਚਾਰ ਲਈ ਲੋੜੀਂਦਾ ਸਮਾਂ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਂਗਰਸੀਆਂ ਨੂੰ ਟਿਕਟ ਨਹੀਂ ਮਿਲੇਗੀ ਉਨ੍ਹਾਂ ਨੂੰ ਸਰਕਾਰ ਬਣਨ ‘ਤੇ ਚੇਅਰਮੈਨੀਆਂ ਦੇ ਕੇ ਨਿਵਾਜਿਆ ਜਾਵੇਗਾ।
ਕੈਪਟਨ ਨੇ ਕਿਹਾ ਕਿ ਕਾਂਗਰਸ ਮੌਜੂਦਾ ਵਿਧਾਨ ਸਭਾ ਚੋਣਾਂ ਪਾਜ਼ੀਟਿਵ ਏਜੰਡੇ ‘ਤੇ ਲੜੇਗੀ। ਪੰਜਾਬ ਦਾ ਵਿਕਾਸ ਏਜੰਡੇ ‘ਚ ਸਭ ਤੋਂ ਉੱਪਰ ਹੋਵੇਗਾ। ਰਾਜ ‘ਚੋਂ ਨਸ਼ਿਆਂ ਨੂੰ ਦੂਰ ਕਰਨਾ ਅਤੇ ਨਸ਼ਾ ਸਮੱਗਲਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਰੇਤ-ਬੱਜਰੀ, ਸ਼ਰਾਬ, ਟਰਾਂਸਪੋਰਟ ਅਤੇ ਕੇਬਲ ਮਾਫੀਆ ‘ਤੇ ਰੋਕ ਲਗਾਉਣਾ ਵੀ ਪਾਰਟੀ ਦੇ ਏਜੰਡੇ ‘ਚ ਸ਼ਾਮਲ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਪਾਰਟੀ ਦੇ ਚੋਣ ਐਲਾਨਨਾਮੇ ‘ਚ ਕੀਤਾ ਜਾਵੇਗਾ।

LEAVE A REPLY