6ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਮਹਿੰਗਾਈ ਇਕ ਵਾਰ ਫਿਰ ਮਨਮੋਹਨ ਸਿੰਘ ਦੇ ਕਾਰਜਕਾਲ ਵਾਲੇ ਪੱਧਰ ‘ਤੇ ਪਹੁੰਚਣੀ ਸ਼ੁਰੂ ਹੋ ਗਈ ਹੈ। ਖਾਣ-ਪੀਣ ਦੀ ਮਹਿੰਗਾਈ ਸਭ ਤੋਂ ਵੱਡੀ ਦੁਸ਼ਮਣ ਹੈ। ਸਾਗ ਸਬਜ਼ੀ, ਦਾਲਾਂ ਅਤੇ ਖੰਡ ਦੀਆਂ ਕੀਮਤਾਂ ਚੜ੍ਹਨ ਨਾਲ ਮੌਜੂਦਾ ਸਾਲ ਦੇ ਜੁਲਾਈ ‘ਚ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ਆਧਾਰਿਤ ਪ੍ਰਚੂਨ ਮਹਿੰਗਾਈ 23 ਮਹੀਨਿਆਂ ਦੇ ਸਿਖਰਲੇ ਪੱਧਰ 6.07 ਫ਼ੀਸਦੀ ‘ਤੇ ਪਹੁੰਚ ਗਈ ਹੈ। ਜੂਨ ‘ਚ ਪ੍ਰਚੂਨ ਮਹਿੰਗਾਈ ਦਰ 5.77 ਫੀਸਦੀ ਸੀ। ਪ੍ਰਚੂਨ ਮਹਿੰਗਾਈ ਦੀ ਦਰ ਜੁਲਾਈ ‘ਚ ਲਗਾਤਾਰ ਚੌਥੇ ਮਹੀਨੇ ਵਧੀ ਹੈ।
ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ
ਸਰਕਾਰ ਦੇ ਅੱਜ ਇੱਥੇ ਜਾਰੀ ਅੰਕੜਿਆਂ ‘ਚ ਕਿਹਾ ਗਿਆ ਹੈ ਕਿ ਜੁਲਾਈ ‘ਚ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ। ਜੂਨ ‘ਚ ਖਾਣ-ਪੀਣ ਦੀ ਮਹਿੰਗਾਈ ਦਰ 7.79 ਫੀਸਦੀ ਤੋਂ ਵਧ ਕੇ 8.35 ਫੀਸਦੀ ‘ਤੇ ਪਹੁੰਚ ਗਈ ਹੈ । ਮਈ ‘ਚ ਇਹ 7.47 ਫੀਸਦੀ ਸੀ।
ਵਿਲੇਨ ਬਣੀਆਂ ਦਾਲਾਂ
ਜੁਲਾਈ ‘ਚ ਦਾਲ ਉਤਪਾਦਾਂ ‘ਚ ਪ੍ਰਚੂਨ ਮਹਿੰਗਾਈ ਦਰ 27.53 ਫੀਸਦੀ ਦਰਜ ਹੋਈ ਹੈ ਜਦੋਂ ਕਿ ਜੂਨ ‘ਚ ਦਾਲ ਉਤਪਾਦਾਂ ‘ਚ ਪ੍ਰਚੂਨ ਮਹਿੰਗਾਈ ਦਰ 26.5 ਫੀਸਦੀ ਰਹੀ ਸੀ।
ਸਬਜ਼ੀਆਂ ਦੀਆਂ ਕੀਮਤਾਂ ‘ਚ ਮਾਮੂਲੀ ਕਮੀ
ਜੁਲਾਈ ‘ਚ ਸਬਜ਼ੀਆਂ ਦੀਆਂ ਕੀਮਤਾਂ ‘ਤੇ ਜ਼ਿਆਦਾ ਕਾਬੂ ਨਹੀਂ ਵਿਖਾਈ ਦਿੱਤਾ । ਸਾਗ ਸਬਜ਼ੀਆਂ ਦੀਆਂ ਕੀਮਤਾਂ ‘ਚ 14.06 ਫ਼ੀਸਦੀ ਦਾ ਵਾਧਾ ਹੋਇਆ ਹੈ । ਜੂਨ ‘ਚ ਇਹ 14.47 ਫੀਸਦੀ ਸੀ। ਮਈ ‘ਚ ਸਬਜ਼ੀਆਂ ਦੀ ਮਹਿੰਗਾਈ ਦਰ 10.77 ਫੀਸਦੀ ਵੇਖੀ ਗਈ ਸੀ।
ਘਰਾਂ ਦੀਆਂ ਕੀਮਤਾਂ ‘ਚ ਮਾਮੂਲੀ ਕਮੀ
ਜੁਲਾਈ ‘ਚ ਘਰਾਂ ਦੀਆਂ ਕੀਮਤਾਂ ‘ਚ ਮਾਮੂਲੀ ਕਮੀ ਆਈ ਹੈ । ਜੁਲਾਈ ‘ਚ ਹਾਊਸਿੰਗ ਇਨਫਲੇਸ਼ਨ 5.42 ਫੀਸਦੀ ਦਰਜ ਕੀਤੀ ਗਈ। ਜੂਨ ‘ਚ ਹਾਊਸਿੰਗ ਇਨਫਲੇਸ਼ਨ 5.46 ਫੀਸਦੀ ਦਰਜ ਕੀਤੀ ਗਈ ਸੀ। ਮਈ ‘ਚ ਇਹ 5.35 ਫੀਸਦੀ ਦਰਜ ਕੀਤੀ ਗਈ ਸੀ।
* ਪਾਨ ਅਤੇ ਤੰਬਾਕੂ ਉਤਪਾਦਾਂ ਦੀਆਂ ਕੀਮਤਾਂ ‘ਚ 6.83 ਫ਼ੀਸਦੀ ਦੀ ਵਾਧਾ ਹੋਇਆ ਹੈ।
* ਕੱਪੜੇ ਦੀਆਂ ਕੀਮਤਾਂ ‘ਚ 5.37 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਹੈ।
* ਜੁੱਤੀਆਂ ਦੇ ਮੁੱਲ 4.33 ਫ਼ੀਸਦੀ ਵਧੇ ਹਨ।
ਖੁਰਾਕੀ ਤੇਲ ਦਰਾਮਦ ਜੁਲਾਈ ‘ਚ 24 ਫ਼ੀਸਦੀ ਘਟੀ
ਦੇਸ਼ ‘ਚ ਬਨਸਪਤੀ ਤੇਲ ਦਰਾਮਦ ਜੁਲਾਈ ‘ਚ 24 ਫ਼ੀਸਦੀ ਘਟ ਕੇ 11.4 ਲੱਖ ਟਨ ਰਹੀ। ਘਰੇਲੂ ਰਿਫਾਈਨਿੰਗ ਖੇਤਰ ਵੱਲੋਂ ਸਮਰੱਥਾ ਦੀ ਪੂਰੀ ਤਰ੍ਹਾਂ ਵਰਤੋਂ ਨਾ ਕਰਨ ਦੇ ਕਾਰਨ ਦਰਾਮਦ ਘੱਟ ਹੋਈ ਹੈ । ਬਨਸਪਤੀ ਤੇਲ (ਖੁਰਾਕੀ ਤੇਲ ਅਤੇ ਗੈਰ-ਖੁਰਾਕੀ ਤੇਲ) ਦੀ ਦਰਾਮਦ ਪਿਛਲੇ ਸਾਲ ਜੁਲਾਈ ‘ਚ 15.01 ਲੱਖ ਟਨ ਸੀ। ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ. ਈ. ਏ) ਨੇ ਇਕ ਬਿਆਨ ‘ਚ ਕਿਹਾ ਕਿ ਬਨਸਪਤੀ ਤੇਲ ਦੀ ਦਰਾਮਦ ਘੱਟ ਹੋਣ ਦਾ ਕਾਰਨ ਜ਼ਿਆਦਾ ਭੰਡਾਰ ਦਾ ਹੋਣਾ ਹੈ ।
ਉਦਯੋਗਿਕ ਉਤਪਾਦਨ ਦੀ ਵਾਧਾ ਦਰ ਮੱਠੀ ਹੋ ਕੇ 2.1 ਫ਼ੀਸਦੀ ਰਹੀ
ਵਿਨਿਰਮਾਣ ਖੇਤਰ ਦੇ ਉਮੀਦ ਤੋਂ ਘੱਟ ਪ੍ਰਦਰਸ਼ਨ ਅਤੇ ਪੂੰਜੀਗਤ ਵਸਤਾਂ ਦੇ ਉਤਪਾਦਨ ‘ਚ ਗਿਰਾਵਟ ਨਾਲ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਜੂਨ ‘ਚ ਮੱਠੀ ਹੋ ਕੇ 2.1 ਫ਼ੀਸਦੀ ਰਹਿ ਗਈ ਜਦੋਂ ਕਿ ਬੀਤੇ ਸਾਲ ਜੂਨ ‘ਚ ਇਹ 4.2 ਫ਼ੀਸਦੀ ਰਹੀ ਸੀ । ਅਪ੍ਰੈਲ-ਜੂਨ ਤਿਮਾਹੀ ਦੌਰਾਨ ਫੈਕਟਰੀ ਉਤਪਾਦਨ ਸਿਰਫ਼ 0.6
ਫ਼ੀਸਦੀ ਰਿਹਾ ਜਦੋਂ ਕਿ ਇਕ ਸਾਲ ਪਹਿਲਾਂ ਸਮਾਨ ਇਸੇ ਮਿਆਦ ‘ਚ ਇਹ 3.3 ਫ਼ੀਸਦੀ ਰਿਹਾ ਸੀ ।
ਹਾਲਾਂਕਿ ਮਈ ਦੇ ਮੁਕਾਬਲੇ ਜੂਨ ‘ਚ ਵਾਧਾ ਦਰ ਮਈ ਦੀ 1.1 ਫ਼ੀਸਦੀ ਤੋਂ ਕਾਫ਼ੀ ਜ਼ਿਆਦਾ ਰਹੀ।
ਮੈਨੂਫੈਕਚਰਿੰਗ ਦਾ ਵਾਧਾ ਘਟਿਆ
ਫੈਕਟਰੀ ਉਤਪਾਦਨ ਦਾ ਮੁਲਾਂਕਣ ਆਈ. ਆਈ. ਪੀ. ‘ਚ ਕੀਤਾ ਜਾਂਦਾ ਹੈ । ਇਸ ‘ਚ 75 ਫ਼ੀਸਦੀ ਹਿੱਸੇਦਾਰੀ ਵਾਲੇ ਮੈਨੂਫੈਕਚਰਿੰਗ ਸੈਕਟਰ ਦਾ ਵਾਧਾ ਸਿਰਫ਼ 0.9 ਫ਼ੀਸਦੀ ਰਿਹਾ ਜਦੋਂ ਕਿ ਬੀਤੇ ਸਾਲ ਇਸੇ ਮਿਆਦ ‘ਚ ਇਹ 5.2 ਫ਼ੀਸਦੀ ਰਿਹਾ ਸੀ। ਅਪ੍ਰੈਲ ਜੂਨ ਤਿਮਾਹੀ ਲਈ ਇਸ ਸੈਕਟਰ ਦੀ ਆਊਟਪੁਟ ‘ਚ 0.7 ਫ਼ੀਸਦੀ ਦੀ ਗਿਰਾਵਟ ਰਹੀ ਜਦੋਂ ਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ‘ਚ 3.7 ਫ਼ੀਸਦੀ ਦਾ ਵਾਧਾ ਰਿਹਾ ਸੀ।
ਕੈਪੀਟਲ ਗੁਡਸ ‘ਤੇ ਭਾਰੀ ਮਾਰ
ਜੂਨ ‘ਚ ਕੈਪੀਟਲ ਗੁਡਸ ਆਊਟਪੁਟ ‘ਚ 16.5 ਫ਼ੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਜਦੋਂ ਕਿ ਬੀਤੇ ਸਾਲ ਇਸੇ ਮਹੀਨੇ ‘ਚ 2 ਫ਼ੀਸਦੀ ਦੀ ਗਿਰਾਵਟ ਰਹੀ ਸੀ। ਅਪ੍ਰੈਲ-ਜੂਨ ਤਿਮਾਹੀ ‘ਚ ਇਸ ਸੈਕਟਰ ਦੇ ਉਤਪਾਦਨ ‘ਚ 18 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦੋਂ ਕਿ ਬੀਤੇ ਸਾਲ ਇਸੇ ਮਿਆਦ ‘ਚ 2 ਫ਼ੀਸਦੀ ਦਾ ਵਾਧਾ ਰਿਹਾ ਸੀ।

LEAVE A REPLY