1ਅੰਮ੍ਰਿਤਸਰ : ਪਿਛਲੇ ਦਿਨੀਂ ਅਕਾਲੀ ਦਲ ‘ਚੋਂ ਬਰਖਾਸਤ ਕੀਤੇ ਗਏ ਆਗੂ ਇੰਦਰਬੀਰ ਸਿੰਘ ਬੁਲਾਰੀਆ ਨੂੰ ਐਤਵਾਰ ਪੁਲਸ ਨੇ ਹਿਰਸਾਤ ਵਿਚ ਲੈ ਲਿਆ। ਬੁਲਾਰੀਆ ਗੁਰੂ ਨਗਰੀ ‘ਚ ਲਗਾਏ ਜਾ ਰਹੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲਸ ਨੇ ਹਲਕਾ ਵਿਧਾਇਕ ਇੰਦਰਬੀਰ ਬੁਲਾਰੀਆ ਦੇ ਨਾਲ ਕੁਝ ਕਾਂਗਰਸੀ ਅਤੇ ‘ਆਪ’ ਆਗੂਆਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਦਰਅਸਲ ਸਰਕਾਰ ਵਲੋਂ ਲਗਾਏ ਜਾ ਰਹੇ ਇਸ ਪ੍ਰੋਜੈਕਟ ਖਿਲਾਫ ਆਵਾਜ਼ ਬੁਲੰਦ ਕਰਨ ਲਈ ਲੋਕਾਂ ਨੇ ਸਾਂਝੀ ਸੰਘਰਸ਼ ਨਾਂ ਦੀ ਇਕ ਕਮੇਟੀ ਬਣਾਈ ਜਿਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਧਰਨਾ ਦਿੱਤਾ।
ਇਸ ਦੌਰਾਨ ਜਦੋਂ ਧਰਨਾਕਾਰੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਕਾਫਲੇ ਦਾ ਘਿਰਾਓ ਕਰਨ ਲਈ ਡੰਪ ਵੱਲ ਆਏ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਧਰਨਾਕਾਰੀਆਂ ਨੇ 4 ਘੰਟੇ ਤਕ ਤਰਨਤਾਰਨ ਮੁਖ ਮਾਰਗ ਜਾਮ ਕਰਕੇ ਸਰਕਾਰ ਖਿਲਾਫ ਨਾਆਰੇਬਾਜ਼ੀ ਵੀ ਕੀਤੀ।
ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਦੇ ਖਿਲਾਫ ਖੜ੍ਹੇ ਹੋਏ ਹਨ ਅਤੇ ਇਸੇ ਪ੍ਰੋਜੈਕਟ ਕਾਰਨ ਉਨ੍ਹਾਂ ਨੇ ਅਕਾਲੀ ਦਲ ਛੱਡੀ ਹੈ। ਬੁਲਾਰੀਆ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਇਸ ਪ੍ਰੋਜੈਕਟ ਨੂੰ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਹਾਰ ਨੂੰ ਦੇਖ ਕੇ ਬੌਖਲਾ ਚੁੱਕੇ ਹਨ। ਇਸ ਦੌਰਾਨ ਪੁਲਸ ਨੇ ਵਿਧਾਇਕ ਬੁਲਾਰੀਆ, ਕਾਂਗਰਸੀ ਆਗੂ ਮਨਿੰਦਰ ਸਿੰਘ ਪਲਾਸਰ ਅਤੇ ਹਰਜਿੰਦਰ ਨੂੰ ਧਰਨੇ ਤੋਂ ਹਿਰਾਸਤ ‘ਚ ਲੈ ਲਿਆ।

LEAVE A REPLY