1ਜੈਤੋ : ਵਿਸ਼ਵ ਪ੍ਰਸਿੱਧ ਮੰਨੇ-ਪ੍ਰਮੰਨੇ ਪੰਜਾਬੀ ਭਾਸ਼ਾ ਦੇ ਲਾਡਲੇ ਸਪੂਤ ਪਦਮਸ੍ਰੀ ਨਾਵਲਕਾਰ ਗੁਰਦਿਆਲ ਸਿੰਘ ਜੈਤੋ ਦਾ ਅੱਜ ਇਥੇ ਦੇਹਾਂਤ ਹੋ ਗਿਆ| ਉਹ ਕਈ ਮਹੀਨਿਆਂ ਤੋਂ ਬਿਮਾਰ ਸਨ| ਉਹ ਲਗਪਗ 85 ਵਰ੍ਹਿਆਂ ਦੇ ਸਨ| ਉਹਨਾਂ ਦਾ ਜਨਮ 10 ਜਨਵਰੀ 1933 ਨੂੰ ਹੋਇਆ ਸੀ|
ਜੈਤੋ ਵਾਸੀ ਗੁਰਦਿਆਲ ਸਿੰਘ ਨੇ ਹੁਣ ਤੱਕ 9 ਨਾਵਲ, 10 ਕਹਾਣੀਆਂ ਸੰਗ੍ਰਹਿ, 3 ਵਾਰਤਕ ਕਿਤਾਬਾਂ, 10 ਬਾਲ ਸਾਹਿਤ ਸੰਗ੍ਰਹਿ, 3 ਨਾਟਕ ਅਤੇ 4 ਹੋਰ ਕਿਤਾਬਾਂ ਲਿਖ ਕੇ ਪੰਜਾਬੀ ਸਾਹਿਤ ਵਿਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਹੈ|
ਉਹਨਾਂ ਦੀਆਂ 9 ਕਿਤਾਬਾਂ ਦਾ ਹਿੰਦੀ ਵਿਚ ਅਤੇ 3 ਨਾਵਲਾਂ ਦਾ ਅੰਗਰੇਜੀ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ| ਪ੍ਰੋ. ਗੁਰਦਿਆਲ ਸਿੰਘ ਜੈਤੋ ਦੇ ਨਾਵਲ ‘ਮੜ੍ਹੀ ਦਾ ਦੀਵਾ’ ਦਾ ਅਨੁਵਾਦ ਰੂਸੀ ਭਾਸ਼ਾ ਵਿਚ ਵੀ ਹੋ ਚੁੱਕਾ ਹੈ| ਇਹ ਨਾਵਲ 4 ਲੱਖ ਦੀ ਗਿਣਤੀ ਵਿਚ ਪ੍ਰਕਾਸ਼ਤ ਹੋਇਆ ਹੈ| ‘ਮੜ੍ਹੀ ਦਾ ਦੀਵਾ’ ਨਾਵਲ ਤੇ ਹੀ ਆਧਾਰਿਤ ਫਿਲਮ ਬਣਾਈ ਗਈ ਸੀ, ਜਿਸ ਨੂੰ 1989 ਵਿਚ ਸਰਵੋਤਮ ਫਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ| ਉਹਨਾਂ ਨੇ ਨਾਵਲ ‘ਪਹੁ ਫੁਟਾਲੇ ਤੋਂ ਪਹਿਲਾਂ’ ਦੀ ਵੀ ਰਚਨਾ ਕੀਤੀ ਸੀ|
ਪ੍ਰੋ. ਗੁਰਦਿਆਲ ਸਿੰਘ ਜੈਤੋ ਨੂੰ ਪਦਮਸ੍ਰੀ, ਸਾਹਿਤ ਅਕਾਦਮੀ, ਸ਼੍ਰੋਮਣੀ ਸਾਹਿਤਕਾਰ, ਪੰਜਾਬੀ ਅਕਾਦਮੀ ਅਤੇ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਆਦਿ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ| ਉਹਨਾਂ ਨੂੰ 2001 ਵਿਚ ਭਾਰਤੀ ਗਿਆਨ ਪੀਠ ਪੁਰਸਕਾਰ ਸਭ ਤੋਂ ਉਚਾ ਮੰਨਿਆ ਜਾਂਦਾ ਹੈ|
ਗੁਰਦਿਆਲ ਸਿੰਘ ਦਾ ਸਸਕਾਰ 17 ਅਗਸਤ ਨੂੰ ਸਵੇਰੇ 10 ਵਜੇ ਜੈਤੋ ਵਿਖੇ ਕੀਤੇ ਜਾਵੇਗਾ| ਉਹ ਆਪਣੇ ਪਿੱਛੇ ਵਿਧਵਾ, 2 ਲੜਕੀਆਂ ਅਤੇ ਇਕ ਲੜਕਾ ਛੱਡ ਗਏ ਹਨ|

LEAVE A REPLY