8ਈਸੜੂ (ਖੰਨਾ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ ਨਸ਼ਿਆਂ ਦੀ ਪੈਦਾਵਾਰ, ਤਸਕਰੀ ਜਾਂ ਸਪਲਾਈ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਜਵਾਬਦੇਹ ਬਣਾਉਣ ਤੇ ਉਸਨੂੰ ਸਾਡੀ ਪੂਰੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਨ ਲਈ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਜਾਂ ਬਿਕ੍ਰਮ ਸਿੰਘ ਮਜੀਠੀਆ ਦੀ ਇਸ ‘ਚ ਸ਼ਮੂਲਿਅਤ ਸਾਬਤ ਹੋਈ, ਤਾਂ ਉਹ ਉਨ੍ਹਾਂ ਨੂੰ ਵੀ ਮੁਆਫ ਨਹੀਂ ਕਰਨਗੇ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਦੀ ਸੂਬੇ ‘ਚ ਸਰਕਾਰ ਬਣਨ ਤੋਂ ਬਾਅਦ ਖੰਨਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ।
ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ‘ਚ ਇਥੇ ਸੋਮਵਾਰ ਨੂੰ ਸੁਤੰਤਰਤਾ ਦਿਵਸ ਮੌਕੇ ਅਯੋਜਿਤ ਭਰਵੀਂ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਨਸ਼ਿਆਂ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਠਾਠਾਂ ਮਾਰਦੇ ਇਕੱਠ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੇ ਚਾਰ ਹਫਤਿਆਂ ਅੰਦਰ ਨਸ਼ਿਆਂ ਨੂੰ ਖਤਮ ਕਰਨ ਦੀ ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਹੈ। ਇਸ ਲੜੀ ਹੇਠ ਪੰਜਾਬ ਨੂੰ ਨਸ਼ਿਆਂ ਦੇ ਦਲਦਲ ‘ਚ ਧਕੇਲਣ ਵਾਲਿਆਂ ਵਾਸਤੇ ਰਹਿਮ ਦੀ ਕੋਈ ਜਗ੍ਹਾ ਨਹੀਂ ਹੈ, ਜਿਨ੍ਹਾਂ ਨੇ ਸਾਰੀ ਨੌਜ਼ਵਾਨ ਪੀੜ੍ਹੀ ਨੂੰ ਖਤਮ ਕਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਕਾਲੀਆਂ, ਖਾਸ ਕਰਕੇ ਬਾਦਲਾਂ ਨੂੰ ਖੇਤੀਬਾੜੀ ਤੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਦੇ ਸ਼ਾਸਨਕਾਲ ਦੌਰਾਨ ਜਿਥੇ ਨੌਜ਼ਵਾਨਾਂ ਨੂੰ ਨਸ਼ਿਆਂ ‘ਚ ਧਕੇਲ ਦਿੱਤਾ ਗਿਆ ਹੈ, ਉਥੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਬਾਦਲਾਂ ਨੇ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ, ਜਿਹੜਾ ਇਤਿਹਾਸ ‘ਚ ਕਦੇ ਵੀ ਨਹੀਂ ਹੋਇਆ ਸੀ। ਇਥੋਂ ਤੱਕ ਕਿ ਪਹਿਲੇ ਨੰਬਰ ‘ਤੇ ਰਹਿਣ ਵਾਲਾ ਪੰਜਾਬ ਅੱਜ ਤਰੱਕੀ ਤੇ ਵਿਕਾਸ ਦੇ ਮਾਮਲੇ ‘ਚ ਹੋਰਨਾਂ ਸੂਬਿਆਂ ਮੁਕਾਬਲੇ 23ਵੇਂ ਨੰਬਰ ‘ਤੇ ਪਹੁੰਚ ਚੁੱਕਾ ਹੈ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਬਾਦਲਾਂ ਵੱਲੋਂ ਬੀਤੇ ਦੱਸ ਸਾਲਾਂ ਦੌਰਾਨ ਫਾਇਦਾ ਕਮਾਉਣ ਵਾਲੇ ਬਿਜਨੇਸਾਂ ‘ਤੇ ਕਬਜ਼ਾ ਕਰਕੇ ਕਮਾਈ ਭਾਰੀ ਦੋਲਤ ਦਾ ਜ਼ਿਕਰ ਕੀਤਾ। ਭਾਵੇਂ ਉਹ ਟ੍ਰਾਂਸਪੋਰਟ ਦਾ ਬਿਜਨੇਸ ਹੋਵੇ, ਕੇਬਲ ਦੀ ਵੰਡ, ਸ਼ਰਾਬ ਦਾ ਵਪਾਰ ਜਾਂ ਫਿਰ ਰੇਤ ਦੀ ਖੁਦਾਈ, ਬਾਦਲਾਂ ਨੇ ਹਰੇਕ ‘ਤੇ ਕਬਜ਼ਾ ਜਮ੍ਹਾ ਰੱਖਿਆ ਹੈ।
ਹਾਲਾਂਕਿ, ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਬਾਦਲਾਂ ਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਸਾਰੇ ਵਾਧੂ ਪਰਮਿਟ ਵਾਪਿਸ ਲਏ ਜਾਣਗੇ ਤੇ ਗੈਰ ਕਾਨੂੰਨੀ ਰੂਟ ਰੋਕੇ ਜਾਣਗੇ, ਜਿਨ੍ਹਾਂ ਪਰਮਿਟਾਂ ਨੂੰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਵੰਡਿਆ ਜਾਵੇਗਾ। ਇਸੇ ਤਰ੍ਹਾਂ, ਕੇਬਲ ਵੰਡ, ਰੇਤ ਖੁਦਾਈ ਤੇ ਸ਼ਰਾਬ ਦੇ ਵਪਾਰ ‘ਤੇ ਇਨ੍ਹਾਂ ਦੇ ਏਕਾਧਿਕਾਰ ਨੂੰ ਖਤਮ ਕੀਤਾ ਜਾਵੇਗਾ, ਤਾਂ ਜੋ ਇਨ੍ਹਾਂ ਤੋਂ ਹੋਣ ਵਾਲੇ ਫਾਇਦੇ ਲੋਕਾਂ ਨੂੰ ਮਿਲਣ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਖੜ੍ਹਾ ਹੋ ਕੇ ਬੋਲਣ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਖਾਸ ਦੋਸਤ ਤੇ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਖੁਸ਼ ਕਰਨ ਵਾਸਤੇ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਵਾਸਤੇ ਦਸਤਖਤ ਕਰਕੇ ਮਨਜ਼ੂਰੀ ਨਹੀਂ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਵੱਲੋਂ ਵਿਅਕਤੀਗਤ ਰਿਸ਼ਤਿਆਂ ਨੂੰ ਪਹਿਲ ਦੇਣ ਕਾਰਨ ਪੰਜਾਬ ਨੂੰ ਐਸ.ਵਾਈ.ਐਲ ‘ਤੇ ਬਹੁਤ ਸਾਰੀ ਪ੍ਰੇਸ਼ਾਨੀ ਝੇਲਣੀ ਪਈ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ, ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ, ਕਿ ਉਹ ਐਸ.ਵਾਈ.ਐਲ ਦੇ ਮਾਮਲੇ ‘ਚ ਪੰਜਾਬ ਨਾਲ ਖੜ੍ਹਨਗੇ ਜਾਂ ਫਿਰ ਹਰਿਆਣਾ ਨਾਲ। ਕਿਉਂਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਐਸ.ਵਾਈ.ਐਲ ਉਪਰ ਅਦਾਲਤ ‘ਚ ਹਰਿਆਣਾ ਦੇ ਹੱਕ ‘ਚ ਹਲਫੀਆਨਾਮਾ ਦੇ ਚੁੱਕੀ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਦਾ ਇਸ ਮੁੱਦੇ ‘ਤੇ ਕੀ ਸਟੈਂਡ, ਜਿਹੜਾ ਸਾਡੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਏ.ਆਈ.ਸੀ.ਸੀ. ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਪੰਜਾਬੀ ਕਾਂਗਰਸ ਨੂੰ ਵਾਪਿਸ ਸੱਤਾ ‘ਚ ਲਿਆਉਣ ਦਾ ਮਨ ਬਣਾ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਸੂਬੇ ਨੂੰ ਇਨ੍ਹਾਂ ਮਾੜੇ ਹਾਲਾਤਾਂ ‘ਚੋਂ ਕੱਢ ਸਕਦੀ ਹੈ, ਜਿਹੜੇ ਬੀਤੇ ਸਾਲਾਂ ਦੌਰਾਨ ਅਕਾਲੀਆਂ ਨੇ ਪੈਦਾ ਕੀਤੇ ਹਨ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਬੀਬੀ ਰਜਿੰਦਰ ਕੌਰ ਭੱਠਲ, ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ, ਰਵਨੀਤ ਬਿੱਟੂ, ਗੁਰਕੀਰਤ ਸਿੰਘ ਕੋਟਲੀ ਵੀ ਮੌਜ਼ੂਦ ਰਹੇ।

LEAVE A REPLY