walia-bigਮਨੀਪੁਰ ਦੀ 4 ਸਾਲਾ ਲੋਹ ਮਹਿਲਾ ਵਜੋਂ ਪ੍ਰਸਿੱਧ ਮਾਨਵ ਅਧਿਕਾਰਾਂ ਦੀ ਸਰਗਰਮ ਕਾਰਜਕਰਤਾ ਇਰੋਮ ਚਾਨੂ ਸ਼ਰਮੀਲਾ ਨੇ 9 ਅਗਸਤ ਨੂੰ ਪਿਛਲੇ ਤਕਰੀਬਨ 16 ਵਰ੍ਹਿਆਂ ਤੋਂ ਜਾਰੀ ਆਪਣਾ ਵਰਤ ਸਮਾਪਤ ਕਰ ਦਿੱਤਾ ਹੈ। ਇਰੋਮਾ ਨੇ ਇਹ ਭੁੱਖ ਹੜਤਾਲ 4 ਨਵੰਬਰ 2000 ਨੂੰ ਆਰੰਭ ਕੀਤੀ ਸੀ। ਉਸਦੀ ਮੰਗ ਸੀ ਕਿ ਮਨੀਪੁਰ ਵਿਚ ਲਾਗੂ ਆਰਮਡ ਫ਼ੋਰਸ ਸਪੈਸ਼ਲ ਪਾਵਰ ਐਕਟ ਨੂੰ ਹਟਾਇਆ ਜਾਵੇ। ਅਰੁਣਾਚਲ ਪ੍ਰਦੇਸ਼, ਮਨੀਪੁਰ, ਅਸਾਮ, ਨਾਗਾਲੈਂਡ, ਮਿਜ਼ੋਰਮ, ਤ੍ਰਿਪਰਾ ਅਤੇ ਜੰਮੂ ਕਸ਼ਮੀਰ ਵਿਚ ਲਾਗੂ ਇਸ ਕਾਨੂੰਨ ਦੇ ਤਹਿਤ ਸੁਰੱਖਿਆ ਦਲਾਂ ਨੂੰ ਕਿਸੇ ਨੂੰ ਦੇਖਦੇ ਹੀ ਗੋਲੀ ਮਾਰਨ ਜਾਂ ਬਿਨਾਂ ਵਰੰਟ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਇਸੇ ਕਾਨੂੰਨ ਦਾ ਸਹਾਰਾ ਲੈਂਦੇ ਹੋਏ ਅਸਾਮ ਰਾਈਫ਼ਲਜ਼ ਦੇ ਜਵਾਨਾਂ ਨੇ 2 ਨਵੰਬਰ 2000 ਨੂੰ ਮਨੀਪੁਰ ਦੀ ਰਾਜਧਾਨੀ ਇੰਫ਼ਾਲ ਦੇ ਮਾਲੋਮ ਇਲਾਕੇ ਵਿਚ 10 ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਸੁਰੱਖਿਆ ਦਲਾਂ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਇਰੋਮ ਨੇ ਇਸ ਕਾਨੂੰਨ ਨੂੰ ਹਟਾਉਣ ਲਈ ਭੁੱਖ ਹੜਤਾਲ ਆਰੰਭ ਕੀਤੀ ਸੀ। ਸਰਕਾਰ ਵੱਲੋਂ ਇਰੋਮ ਸ਼ਰਮੀਲਾ ਨੁੰ ਆਤਮ ਹੱਤਿਆ ਦੇ ਯਤਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੋਸ਼ ਵਿਚ ਕਿਸੇ ਵੀ ਦੋਸ਼ੀ ਨੂੰ ਇਕ ਸਾਲ ਤੋਂ ਵੱਧ ਗ੍ਰਿਫ਼ਤਾਰ ਕਰਕੇ ਨਹੀਂ ਰੱਖਿਆ ਜਾ ਸਕਦਾ। ਸੋ ਇਸੇ ਕਾਰਨ ਉਸ ਨੂੰ ਹਰ ਸਾਲ ਰਿਹਾਅ ਕਰ ਦਿੱਤਾ ਜਾਂਦਾ ਸੀ ਅਤੇ ਰਿਹਾਈ ਤੋਂ ਤੁਰੰਤ ਬਾਅਦ ਮੁੜ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਇਸੇ ਕਾਰਨ ਸਭ ਤੋਂ ਵੱਧ ਵਾਰ ਜੇਲ੍ਹ ਤੋਂ ਰਿਹਾਅ ਹੋਣ ਦਾ ਰਿਕਾਰਡ ਵੀ ਇਰੋਮ ਦੇ ਨਾਂ ਹੈ। ਇੰਫ਼ਾਲ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਇਕ ਕਮਰੇ ਨੂੰ ਅਸਥਾਈ ਜੇਲ੍ਹ ਵਿਚ ਤਬਦੀਲ ਕਰਕੇ ਇਰੋਮ ਸ਼ਰਮੀਲਾ ਨੂੰ ਰੱਖਿਆ ਗਿਆ ਅਤੇ ਉਸਦੇ ਨੱਕ ਵਿਚ ਇਕ ਨਾਲੀ ਰਾਹੀਂ ਉਸਨੂੰ ਤਰਲ ਪਦਾਰਥ ਦੇ ਰੂਪ ਵਿਚ ਖਾਣਾ ਦਿੱਤਾ ਜਾਂਦਾ ਰਿਹਾ। ਇਹਨਾਂ 16 ਸਾਲਾਂ ਵਿਚ ਉਸਨੇ ਖਾਣ ਪੀਣ ਦਾ ਸਵਾਦ ਨਹੀਂ ਚੱਖਿਆ। ਇੱਥੋਂ ਤੱਕ ਕਿ ਉਸਦੇ ਕਦੇ ਬੁਰਸ਼ ਵੀ ਨਹੀਂ ਕੀਤਾ ਤਾਂ ਕਿ ਕਿਤੇ ਗਲਤੀ ਨਾਲ ਪਾਣੀ ਉਸਦੇ ਬੁੱਲ੍ਹਾਂ ਨੂੰ ਛੂਹ ਨਾ ਜਾਵੇ। ਉਹ ਆਪਣੇ ਦੰਦਾਂ ਨੂੰ ਰੂੰ ਨਾਲ ਸਾਫ਼ ਕਰਦੀ ਰਹੀ।
9 ਅਗਸਤ 2016 ਨੁੰ ਇਰੋਮ ਨੇ ਆਪਣੀ 18 ਸਾਲ 9 ਮਹੀਨੇ ਅਤੇ 4 ਦਿਨ ਤੋਂ ਜਾਰੀ ਭੁੱਖ ਹੜਤਾਲ ਖਤਮ ਕਰ ਦਿੱਤੀ। ਇਸ ਦਿਨ ਜਦੋਂ ਸਵੇਰੇ ਉਸਨੂੰ ਅਦਾਲਤ ਵਿਚ ਲਿਆਂਦਾ ਗਿਆ ਤਾਂ ਉਹ ਸਲੇਟੀ ਰੰਗ ਦੀ ਮਨੀਪੁਰੀ ਫ਼ੇਕਨ ਅਤੇ ਪੈਰਾਂ ਵਿਚ ਸਧਾਰਨ ਚੱਪਲ ਪਾਈ ਬਹੁਤ ਹੀ ਤਣਾਅ ਵਿਚ ਲੱਗ ਰਹੀ ਸੀ। ਵੱਡੇ ਵੱਡੇ ਨਹੁੰਆਂ ਅਤੇ ਉਲਝੇ ਹੋਏ ਵਾਲਾਂ ਵਾਲੀ ਇਰੋਮ ਵਰਤ ਤੋੜਨ ਲਈ ਮਿਲੇ ਸ਼ਹਿਦ ਨੂੰ ਹਥੇਲੀ ‘ਤੇ ਰੱਖ ਕੇ ਕਾਫ਼ੀ ਸਮੇਂ ਤੱਕ ਨੀਵੀਂ ਪਾ ਕੇ ਬੈਠੀ ਰਹੀ। ਮੀਡੀਆ ਦੇ ਕੈਮਰਿਆਂ ਦੀਆਂ ਅੱਖਾਂ ਨੇ ਇਰੋਮ ਸ਼ਰਮੀਲਾ ਦੀਆਂ ਅੱਖਾਂ ਵਿਚੋਂ ਵੱਗਦੇ ਹੰਝੂਆਂ ਨੂੰ ਵੇਖਿਆ। ਜਜ਼ਬਾਤੀ ਹੋਈ ਇਰੋਮ ਬੋਲੀ:
”ਮੈਂ ਆਜ਼ਾਦ ਹੋਣਾ ਚਾਹੁੰਦੀ ਹਾਂ, ਮੈਂ ਵੀ ਇਨਸਾਨ ਹਾਂ। ਮੈਂ ਸੰਤ ਨਹੀਂ, ਕਿਉਂ ਲੋਕ ਮੈਨੂੰ ਆਮ ਇਨਸਾਨ ਦੀ ਤਰ੍ਹਾਂ ਨਹੀਂ ਦੇਖ ਸਕਦੇ।”
”ਮੈਂ ਜ਼ਿੰਦਗੀ ਨਾਲ ਪਿਆਰ ਕਰਦੀ ਹਾਂ, ਮੈਂ ਆਪਣੀ ਜ਼ਿੰਦਗੀ ਖਤਮ ਨਹੀਂ ਕਰਨਾ ਚਾਹੁੰਦੀ ਪਰ ਇਨਸਾਫ਼ ਅਤੇ ਸ਼ਾਂਤੀ ਚਾਹੁੰਦੀ ਹਾਂ। ਮੈਂ ਆਪਣਾ ਸੰਘਰਸ਼ ਨਹੀਂ ਛੱਡਿਆ। ਸਿਰਫ਼ ਵਤੀਰਾ ਬਦਲਿਆ ਹੈ।”
”ਮੈਂ ਮੁੱਖ ਮੰਤਰੀ ਬਣਨਾ ਚਾਹੁੰਦੀ ਹਾਂ, ਅਗਰ ਮੁੱਖ ਮੰਤਰੀ ਬਣਦੀ ਹਾਂ ਤਾਂ ਇਸ ਬਦਨਾਮ ਕਾਨੂੰਨ ਨੂੰ ਹਟਾ ਸਕਦੀ ਹਾਂ। ਜੇ ਲੋਕ ਮੇਰਾ ਸਮਰਥਨ ਨਹੀਂ ਵੀ ਕਰਦੇ ਤਾਂ ਵੀ ਮੈਂ ਆਪਣੇ ਰਸਤੇ ਚਲਦੀ ਜਾਵਾਂਗੀ।”
ਫ਼ਿਰ ਉਸਨੇ ਆਪਣਾ ਮਕਸਦ ਪੂਰੇ ਹੋਏ ਬਿਨਾਂ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਉਸਦਾ ਸਾਥ ਦੇ ਰਹੇ ਲੋਕਾਂ ਨੂੰ ਉਸਦਾ ਇਹ ਫ਼ੈਸਲਾ ਮਨਜ਼ੂਰ ਨਹੀਂ ਸੀ। ਇੰਫ਼ਾਲ ਦੀਆਂ ਸੜਕਾਂ ‘ੇਤੇ ਉਸਦੇ ਖਿਲਾਫ਼ ਗੁੱਸਾ ਹੈ। ਲੋਕ ਕਹਿੰਦੇ ਹਨ ਕਿ ਇਰੋਮ ਨੇ ਧੋਖਾ ਕੀਤਾ ਹੈ। ਉਸਨੇ ਜੋ ਵਿਰੋਧ ਆਰੰਭ ਕੀਤਾ ਸੀ ਉਸਨੂੰ ਅੰਤ ਤੱਕ ਪਹੁੰਚਾਉਣਾ ਚਾਹੀਦਾ ਸੀ। ਉਸਦੀ ਮਾਂ ਵੀ ਉਸਨੂੰ ਨਹੀਂ ਮਿਲੀ। ਮਨੀਪੁਰ ਦੇ ਵੱਖਵਾਦੀ ਅਤੇ ਉਗਰਵਾਦੀ ਗਰੁੱਪਾਂ ਨੇ ਵੀ ਉਸਦਾ ਵਿਰੋਧ ਸ਼ੁਰੂ ਕਰ ਦਿੱਤਾ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਦੋਂ ਉਹ ਇਕ ਦੋਸਤ ਦੇ ਘਰ ਰਹਿਣ ਲਈ ਗਈ ਤਾਂ ਇਲਾਕੇ ਦੇ ਲੋਕਾਂ ਨੇ ਘਰੇ ਵੜਨ ਨਹੀਂ ਦਿੱਤਾ। ਇੱਥੋਂ ਤੱਕ ਕਿ ਸਥਾਨਕ ਇਸਕੋਕ ਮੰਡਰ ਵਿਚ ਵੀ ਆਸਰਾ ਨਹੀਂ ਮਿਲਿਆ। ਨਿਰਾਸ਼ ਇਰੋਮ ਨੂੰ ਮੁੜ ਹਸਪਤਾਲ ਦੇ ਉਸੇ ਕਮਰੇ ਵਿਚ ਜਾਣਾ ਪਿਆ, ਜਿੱਥੇ ਉਹ ਪਿਛਲੇ 16 ਵਰ੍ਹਿਆਂ ਤੋਂ ਰਹਿ ਰਹੀ ਹੈ। ਉਸਦੀ ਇਸ ਹਾਲਤ ਨੂੰ ਵੇਖਦੇ ਹੋਏ ਇੰਡੀਅਨ ਰੈਡ ਕਰਾਸ ਦੀ ਮਨੀਪੁਰ ਸ਼ਾਖਾ ਨੇ ਉਸਨੂੰ ਉਦੋਂ ਤੱਕ ਸ਼ਰਨ ਦੇਣ ਦੀ ਪੇਸ਼ਕਸ਼ ਕੀਤੀ ਹੈ ਜਦੋਂ ਤੱਕ ਉਸਦਾ ਕੋਈ ਪੱਕਾ ਟਿਕਾਣਾ ਨਹੀਂ ਬਣ ਜਾਂਦਾ। ਹਿੰਦੀ ਫ਼ਿਲਮਾਂ ਦੀ ਅਭਿਨੇਤਰੀ ਰੇਣੁਕਾ ਸਹਾਣੇ ਨੇ ਵੀ ਅਜਿਹੀ ਹੀ ਪੇਸ਼ਕਸ਼ ਆਪਣੀ ਫ਼ੇਸਬੁੱਕ ਰਾਹੀਂ ਕੀਤੀ ਹੈ।
ਆਪਣੇ ਪ੍ਰਤੀ ਲੋਕਾਂ ਦੇ ਇਸ ਵਿਰੋਧ ਭਰੇ ਰਵੱਈਏ ਤੋਂ ਇਰੋਮਾ ਬਹੁਤ ਨਿਰਾਸ਼ ਹੈ। ਉਸਦਾ ਕਹਿਣਾ ਹੈ ਕਿ ਉਹਨਾਂ ਨੇ ਮੇਰੇ ਇਸ ਕਦਮ ਨੂੰ ਗਲਤ ਤਰੀਕੇ ਨਾਲ ਲਿਆ ਹੈ। ਮੈਨੇ ਸੰਘਰਸ਼ ਨਹੀਂ ਛੱਡਿਆ, ਬੱਸ ਆਪਣਾ ਤਰੀਕਾ ਬਦਲਿਆ ਹੈ। ਮੈਂ ਚਾਹੁੰਦੀ ਹਾਂ ਕਿ ਉਹ ਸਿਰਫ਼ ਮੇਰੇ ਇਕ ਨਜ਼ਰੀਏ ਨੂੰ ਨਹੀਂ, ਮੈਨੂੰ ਉਸ ਤੋਂ ਜ਼ਿਆਦਾ ਸਮਝਣ। ਇਕ ਮਾਸੂਮ ਇਨਸਾਨ ਨੂੰ ਲੈ ਕੇ ਉਹਨਾਂ ਦੀ ਪ੍ਰਤੀਕਿਰਿਆ ਬਹੁਤ ਕਠੋਰ ਰਹੀ, ਉਹ ਬਹੁਤ ਕਠੋਰ ਨਿਕਲੇ।
ਉਸਨੂੰ ਆਪਣੇ ਲੋਕਾਂ ਨਾਲ ਗਿਲਾ ਹੈ ਕਿ ਉਹ ਉਸਦੇ ਫ਼ੈਸਲੇ ਨੂੰ ਠੀਕ ਭਾਵਨਾ ਨਾਲ ਨਹੀਂ ਵੇਖ ਰਹੇ। ਉਸਦਾ ਇਹ ਕਹਿਣਾ ਹੈ ਕਿ, ਮੈਂ ਲੋਕਾਂ ਦੀਆਂ ਨਜ਼ਰਾਂ ਵਿਚ ਸੰਤ ਨਹੀਂ ਬਣਨਾ ਚਾਹੁੰਦੀ। ਮੈਂ ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ, ਖਾਣਾ ਚਾਹੁੰਦੀ ਹਾਂ, ਪਿਆਰ ਕਰਨਾ ਚਾਹੁੰਦੀ ਹਾਂ। ਇਹ ਦਰਸਾਉਣਾ ਚਾਹੁੰਦੀ ਹਾਂ ਕਿ ਉਹ ਇਕ ਔਰਤ ਵੀ ਹੈ। ਇਕ ਅਜਿਹਾ ਇਨਸਾਨ ਵੀ ਹੈ, ਜਿਸਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਜੇਲ੍ਹ ਵਿਚ ਰਹਿੰਦੇ ਹੋਏ ਭੁੱਖੇ ਭਾਣੇ ਕੱਟ ਦਿੱਤੇ ਹਨ। ਕੋਰਟ ਵਿਚ ਉਸਨੇ ਕਿਹਾ ਸੀ ਕਿ ਉਹ ਆਜ਼ਾਦੀ ਚਾਹੁੰਦੀ ਹੈ। ”ਮੈਂ ਆਜ਼ਾਦੀ ਚਾਹੁੰਦੀ ਹਾਂ”। 16 ਸਾਲਾਂ ਨੇ ਮੇਰੀ ਜ਼ਮੀਰ ਨੂੰ ਇਕ ਤਰ੍ਹਾਂ ਕੈਦ ਕਰਕੇ ਰੱਖ ਦਿੱਤਾ ਹੈ। ਸ਼ਾਇਦ ਉਹ ਇਸ ਲਈ ਵੀ ਆਜ਼ਾਦੀ ਚਾਹੁੰਦੀ ਹੈ ਕਿ ਉਸਨੂੰ ਅਹਿਸਾਸ ਹੋ ਗਿਆ ਹੈ ਕਿ ਉਸਦੀ ਸ਼ਾਂਤਮਈ ਕੁਰਬਾਨੀ ਦਾ ਦੇਸ਼ ਦੀ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਉਹ ਵਿਸ਼ਵ ਅਤੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਗਾਂਧੀ ਦੇ ਦੇਸ਼ ਵਿਚ ਗਾਂਧੀ ਦੇ ਵਿਰੋਧ ਪ੍ਰਗਟ ਕਰਨ ਦੇ ਤਰੀਕੇ ਅਰਥਹੀਣ ਨਿਕਲੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਸ਼ਾਇਦ ਉਹ ਮੁੱਖ ਮੰਤਰੀ ਬਣ ਕੇ ਕੁਝ ਕਰਨਾ ਲੋਚਦੀ ਹੈ। ਇਹ ਨਹੀਂ ਕਿ ਸਾਰੇ ਲੋਕ ਉਸਦਾ ਵਿਰੋਧ ਕਰ ਰਹੇ ਹਨ, ਕੁਝ ਅਜਿਹੇ ਵੀ ਹਨ ਜੋ ਉਸਦੇ ਹੱਕ ਵਿਚ ਬੋਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਸ ਨਾਲ ਬੇਇਨਸਾਫ਼ੀ ਕਰ ਰਹੇ ਹਾਂ, ਉਸਨੂੰ ਆਪਣੀ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ।”
ਇਰੋਮ ਚਾਨੂ ਸ਼ਰਮੀਲਾ ਦੀ ਜ਼ਿੰਦਗੀ ‘ਤੇ ਜੇ ਇਕ ਝਾਤ ਮਾਰੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹ ਕਿ ਉਹ ਦ੍ਰਿੜ੍ਹ ਇਰਾਦੇ ਅਤ ਮਜਬੂਤ ਆਤਮ ਬਲ ਵਾਲੀ ਪਰ ਥੋੜ੍ਹੀ ਜਿੱਦੀ ਲੜਕੀ ਹੈ। ਉਹ ਮੌਤ ਦੇ ਡਰ ਤੋਂ ਵੀ ਬੇਖੌਫ਼ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਉਸਨੇ ਕਿਹਾ ਸੀ, ”ਕੁਝ ਲੋਕ ਫ਼ਿਲਹਾਲ ਸੰਤੁਸ਼ਟ ਨਹੀਂ ਹੋ ਸਕਦੇ, ਜਿਸ ਤਰ੍ਹਾਂ ਲੋਕਾਂ ਨੇ ਗਾਂਧੀ ਜੀ ਦੀ ਹੱਤਿਆ ਕੀਤੀ ਸੀ ਅਤੇ ਉਹਨਾਂ ਉਤੇ ਹਿੰਦੂ ਵਿਰੋਧੀ ਹੋਣ ਦੇ ਦੋਸ਼ ਲਾਏ ਸਨ। ਉਸ ਤਰ੍ਹਾਂ ਮੇਰੇ ਨਾਲ ਵੀ ਕਰਨ ਦੇਵੋ, ਲੋਕਾਂ ਨੇ ਤਾਂ ਈਸਾ ਮਸੀਹ ਨੂੰ ਵੀ ਮਾਰ ਦਿੱਤਾ ਸੀ। ਸ਼ਰਮੀਲਾ ਆਪਣੇ ਰਸਤੇ ਤੋਂ ਪਿੱਛੇ ਹਟਣ ਵਾਲੀ ਔਰਤ ਨਹੀਂ। ਉਸਦਾ ਕਹਿਣਾ ਹੈ ਕਿ 2017 ਦੀਆਂ ਚੋਣਾਂ ਲੜੇਗੀ, ਕੋਈ ਸਾਥ ਦੇਵੇ ਜਾਂ ਨਾ।
14 ਮਾਰਚ 1972 ਵਿਚ ਜਨਮੀ ਇਰੋਮ ਨੇ ਸਿਰਫ਼ 12ਵੀਂ ਤੱਕ ਹੀ ਪੜ੍ਹਾਈ ਕੀਤੀ ਹੋਈ ਹੈ। ਉਹ ਆਪਣੇ 9 ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੀ ਹੈ। ਉਹ ਬਚਪਨ ਤੋਂ ਆਮ ਕੁੜੀਆਂ ਨਾਲੋਂ ਵੱਖਰੀ ਸੀ ਅਤੇ ਮੋਟਰ ਸਾਈਕਲ ਚਲਾਉਣ ਦੀ ਸ਼ੌਕੀਨ ਸੀ। ਸ਼ਾਕਾਹਾਰੀ ਭੋਜਨ ਖਾਣ ਦੀ ਸ਼ੌਕੀਨ ਇਰੋਮ ਸਮਾਜ ਸੇਵਾ ਵਿਚ ਦਿਲਚਪੀ ਰੱਖਦੀ ਸੀ। ਉਸਨੇ ਮੁਰਗੀਆਂ ਪਾਲ ਕੇ ਅੰਡੇ ਵੇਚੇ ਅਤੇ ਅੰਡਿਆਂ ਦੀ ਵਿੱਕਰੀ ਤੋਂ ਮਿਲਦੇ ਪੈਸਿਆਂ ਨੂੰ ਇਕ ਸਥਾਨਕ ਸਕੂਲ ਵਿਚ ਦਾਨ ਕਰ ਦਿੱਤਾ ਸੀ। ਮਨੀਪੁਰ ਵਿਚ ਲੋਕਲ ਅਖਬਾਰ ਵਿਚ ਕੰਮ ਕਰਦੇ ਹੋਏ ਉਸਨੇ ਹਮੇਸ਼ਾ ਬੇਇਨਸਾਫ਼ੀ ਦੇ ਖਿਲਾਫ਼ ਆਵਾਜ਼ ਉਠਾਈ। ਉਹ ਅਕਸਰ ਧਰਨਿਆਂ ਅਤੇ ਪ੍ਰਦਰਸ਼ਨਾਂ ਵਿਚ ਹਿੱਸਾ ਲੈਂਦੀ ਸੀ। ਉਸਦੀ ਆਪਣੀ ਦਾਦੀ ਨਾਲ ਅੰਤਾਂ ਦਾ ਮੋਹ ਸੀ, ਜੋ 2008 ਵਿਚ 105 ਸਾਲ ਦੀ ਹੋ ਕੇ ਮਰੀ ਸੀ। ਰਾਜ ਵਿਚ ਅਫ਼ਸਪਾ ਕਾਨੂੰਨ ਦੇ ਖਿਲਾਫ਼ ਉਸਨੇ 28 ਵਰ੍ਹਿਆਂ ਦੀ ਉਮਰ ਵਿਚ ਭੁੱਖ ਹੜਤਾਲ ਆਰੰਭ ਕੀਤੀ ਸੀ। ਇਹਨਾਂ ਸਾਲਾਂ ਵਿਚ ਉਸਨੇ ਕੁਝ ਵੀ ਖਾਧਾ ਪੀਤਾ ਨਹੀਂ। ਵਾਲਾਂ ਨੂੰ ਕੰਘੀ ਨਹੀਂ ਕੀਤੀ। ਬੁਰਸ਼ ਨਹੀਂ ਕੀਤਾ। ਸੀਸਾ ਨਹੀਂ ਵੇਖਿਆ ਸਭ ਤੋਂ ਵੱਡੀ ਗੱਲ ਉਹ ਕਦੇ ਵੀ ਘਰ ਨਹੀਂ ਗਈ ਆਪਣੀ ਮਾਂ ਨੂੰ ਨਹੀਂ ਮਿਲੀ। ਇਹ ਬਹੁਤ ਵੱਡਾ ਅਤੇ ਸਖਤ ਇਮਤਿਹਾਨ ਸੀ, ਜਿਸ ਵਿਚੋਂ ਉਹ ਪੂਰੀ ਤਰ੍ਹਾਂ ਸਫ਼ਲ ਰਹੀ। ਪਿਛਲੇ 16 ਸਾਲਾਂ ਦੌਰਾਨ ਉਸਨੇ ਸਾਰੀ ਜ਼ਿੰਦਗੀ ਹਸਪਤਾਲ ਦੇ ਇਕ ਛੋਟੇ ਕਮਰੇ ਵਿਚ ਇਕੱਲਿਆਂ ਗੁਜ਼ਾਰੀ। ਉਹ ਲੋਕ ਜਿਹਨਾਂ ਲੋਕਾਂ ਲਈ ਉਹ ਇਕੱਲੀ ਜੰਗ ਲੜ ਰਹੀ ਸੀ, ਉਹਨਾਂ ਵਿਚੋਂ ਕਦੀ ਕਦਾਈ ਕੋਈ ਉਸ ਨੂੰ ਮਿਲਣ ਬਹੁੜਦਾ ਸੀ। ਇੰਨੀ ਕਠਿਨ ਪ੍ਰੀਖਿਆ ਵਿਚੋਂ ਵੀ ਉਹ ਡਾਂਵਾਡੋਲ ਨਹੀਂ ਹੋਈ। ਅਜਿਹੇ ਮੌਕੇ ਉਸਦੀ ਕਲਮ ਵਿਚ ਸ਼ਾਇਰੀ ਦੀ ਧਾਰਾ ਵਗਣ ਲੱਗੀ। ਉਹ ਲੰਮੀਆਂ ਕਵਿਤਾਵਾਂ ਲਿਖਣ ਲੱਗੀ। 16ਵਰ੍ਹਿਆਂ ਦੀਆਂ ਅਣਸੁਣੀਆਂ ਅਤੇ ਅਣਕਹੀਆਂ ਗੱਲਾਂ ਉਹ ਕਵਿਤਾਵਾਂ ਰਾਹੀਂ ਕਰਨ ਲੱਗੀ। ਇਹਨਾਂ ਹੀ ਦਿਨਾਂ ਵਿਚ ਉਸਨੂੰ ਮਿਲਣ ਕੇਰਲਾ ਡੇਸਮੰਡ ਆਇਆ। ਦੋਵੇਂ ਮਿਲੇ ਅਤੇ ਪਿਆਰ ਦਾ ਚਸ਼ਮਾ ਫ਼ੁੱਟਿਆ। ਉਸਨੇ ਬ੍ਰਿਟਿਸ਼ ਮੂਲ ਦੇ 53 ਵਰ੍ਹਿਆਂ ਦੇ ਡੇਸ਼ਮੰਡ ਕੂਟੀਨਿਊ ਨਾਲ  ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ। ਇਸੇ ਕਾਰਨ ਉਸਨੇ ਕਿਹਾ ਸੀ ਕਿ ਮੈਂ ਆਮ ਇਨਸਾਨ ਦੀ ਜ਼ਿੰਦਗੀ ਜਿਊਣਾ ਚਾਹੁੰਦੀ ਹਾਂ ਅਤੇ ਪਿਆਰ ਕਰਨਾ ਚਾਹੁੰਦੀ ਹਾਂ। ਹੁਣ ਉਹ ਆਜ਼ਾਦੀ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਤਿਆਰ ਇਰੋਮਾ ਸ਼ਰਮੀਲਾ ਆਪਣੇ ਸੰਘਰਸ਼ ਨੂੰ ਲੋਕਤੰਤਰੀ ਤਰੀਕੇ ਨਾਲ ਜਾਰੀ ਰੱਖਣ ਦੀ ਗੱਲ ਕਹਿ ਰਹੀ ਹੈ। ਇਹ ਗੱਲ ਤਾਂ ਸਪੱਸ਼ਟ ਹੈ ਕਿ ਇਰੋਮ ਨੇ ਪਿਛਲੇ 16 ਵਰ੍ਹਿਆਂ ਦੌਰਾਨ ਆਪਣੇ ਸੂਬੇ ਲਈ ਲੋਕਤੰਤਰ ਦੀ ਮੰਗ ਨੂੰ ਲੈ ਕੇ ਲੋਕਤੰਤਰੀ ਤਰੀਕੇ ਨਾਲ ਵਿੱਢੇ ਸੰਘਰਸ਼ ਰਾਹੀਂ ਸਾਡੇ ਸਿਸਟਮ ਨੂੰ ਬੁਰੀ ਤਰ੍ਹਾਂ ਨੰਗਾ ਕੀਤਾ ਹੈ। ਭਾਵੇਂ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਰਹੀ ਪਰ ਸਾਡੇ ਲੋਕਤੰਤਰ ਵਿਚ ਸ਼ਾਂਤਮਈ ਅਤੇ ਗਾਂਧੀਵਾਦੀ ਤਰੀਕੇ ਨਾਲ ਕੀਤੇ ਵਿਰੋਧ ਪ੍ਰਦਰਸ਼ਨਾਂ ਦੀ ਸਾਰਥਿਕਤਾ ਖਤਮ ਹੋਣ ਨੂੰ ਦੁਨੀਆਂ ਸਾਹਮਣੇ ਰੱਖਣ ਵਿਚ ਕਾਮਯਾਬ ਰਹੀ ਹੈ। ਪਰ ਉਸਨੇ ਆਪਣੀ ਭੁੱਖ ਹੜਤਾਲ ਬਿਨਾਂ ਆਰਮਡ ਫ਼ੋਰਸ ਸਪੈਸ਼ਲ ਪਾਵਰ ਐਕਟ ਨੂੰ ਹਟਵਾਇਆ, ਖਤਮ ਕਰ ਦਿੱਤੀ। ਕੀ ਇਰੋਮਾ ਸ਼ਰਮੀਲਾ ਹਾਰ ਗਈ?
ਇਸ ਮਹੀਨੇ ਦੀ ਕਿਤਾਬ ‘ਰੂਹ ਤੇ ਦਿਲ’
‘ਰੂਹ ਤੇ ਦਿਲ’ ਹਰਦੇਵ ਸੋਢੀ ਆਸ਼ਕ ਦੀ ਤੀਜੀ ਕਿਤਾਬ ਹੈ। ਇਸ ਤੋਂ ਅਸ਼ਕ ਦੀਆਂ ਦੋ ਹਿੰਦੀ ਵਿਚ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਇਹ ਹਨ ‘ਸਫ਼ਰ ਕੀ ਪਗਡੰਡੀਆਂ’ ਅਤੇ ‘ਸਮੇਂ ਕੇ ਸਾਏ’। ਹਰਦੇਵ ਸੋਢੀ ਹਿਮਾਚਲ ਪ੍ਰਦੇਸ਼ ਦੇ ਕਸੌਲੀ ਵਿਚ ਪੈਦਾ ਹੋਏ ਅਤੇ ਐਮ. ਐਸੀ ਵਿੰਡਸਰ ਅਤੇ ਐਮ. ਬੀ. ਏ. ਵਾਟਰਲੂ ਤੋਂ ਕਰਕੇ ਕੈਨੇਡਾ ਦੇ ਬ੍ਰਿਟਿਸ਼ ਕੋਲਬੀਆ ਦੇ ਸਰੀ ਸ਼ਹਿਰ ਨੂੰ ਆਪਣਾ ਕਰਮ ਖੇਤਰ ਬਣਾਇਆ। ‘ਉਹ ਤੇ ਦਿਲ’ ਉਸਦੀ ਪਹਿਲੀ ਪੰਜਾਬੀ ਦੀ ਕਿਤਾਬ ਹੈ ਅਤੇ ਇਸ ਕਿਤਾਬ ਵਿਚਲੀ ਸ਼ਾਇਰੀ ਦੀ ਕਾਂਟ ਸਾਂਟ ਸਰੀ ਦੇ ਨਾਮੀ ਗਜ਼ਲਗੋ ਗੁਰਦਰਸ਼ਨ ਬਾਦਲ ਨੇ ਕੀਤੀ ਹੈ। ਉਸਦੀ ਸ਼ਾਇਰੀ ਦਾ ਨਮੂਨਾ ਦੇ ਦੇਖੋ:
ਮਨ ਦੀ ਅੱਖ ਵਿਚ ਸੁਰਮਾ ਪਾਦੇ
ਮੈਨੂੰ ਆਪਣਾ ਨੂਰ ਵਿਖਾਦੇ।
ਦਿਲ ਵਿਚ ਬੇਹਾਲੀ ਏ
ਰੂਹ ਰਹਿੰਦੀ ਸਵਾਲੀ ਏ
ਰੱਬਾ! ਮੈਨੂੰ ਰਸਤਾ ਦੇ
ਘਰ ਜਾਣ ਦੀ ਕਾਹਲੀ ਏ
ਮਾਹੀ ਆ ਗਿਆ ਗਲੀ ਦੇ ਵਿਚ ਨਚਦਾ
ਸੰਗਦੀ ਤੋਂ ਬੂਹਾ ਨਾ ਖੁੱਲ੍ਹੇ।
ਹਰਦੇਵ ਸੋਢੀ ਅਸ਼ਕ ਨੂੰ ਮੁਬਾਰਕਬਾਦ ਅਤੇ ‘ਰੂਹ ਤੇ ਦਿਲ’ ਨੂੰ ਖੁਸ਼ਆਮਦੀਦ।

LEAVE A REPLY