7ਜਲੰਧਰ   :  ਪੰਜਾਬ  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ੍ਹ ਲਈ ਸੁਤੰਤਰ ਪ੍ਰਸ਼ਾਸਕ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਦੋਸ਼ ਲਗਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਹਣ ਦੀ ਸਾਜ਼ਿਸ਼ ਰਚੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਬਾਦਲ ਦੀ ਪਾਰਟੀ ਅਕਾਲੀ ਦਲ ਕੇਂਦਰ ਵਿਚ ਸਹਿਯੋਗੀ ਹੈ, ਇਸ ਲਈ ਜਾਂ ਤਾਂ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ ਜਾਂ ਫਿਰ ਇਸ ਨਾਲ ਇਹ ਸੰਦੇਸ਼ ਲੋਕਾਂ ਵਿਚ ਜਾਵੇਗਾ ਕਿ ਬਾਦਲ ਵੀ ਸੁਤੰਤਰ ਪ੍ਰਸ਼ਾਸਕ ਦੀ ਨਿਯੁਕਤੀ ਦੇ ਹੱਕ ਵਿਚ ਹਨ।
ਕੈਪਟਨ ਨੇ ਕਿਹਾ ਕਿ ਕਾਂਗਰਸ ਚੰਡੀਗੜ੍ਹ ਲਈ ਸੁਤੰਤਰ ਪ੍ਰਸ਼ਾਸਕ ਦੀ ਨਿਯੁਕਤੀ ਦੇ ਫੈਸਲੇ ਦਾ ਜਨਤਕ ਤੌਰ ‘ਤੇ ਪ੍ਰੋਟੈਸਟ ਕਰੇਗੀ ਹੀ ਪਰ ਨਾਲ ਹੀ ਉਹ ਇਸ ਮਾਮਲੇ ਵਿਚ ਕਾਨੂੰਨੀ ਰਾਏ ਵੀ ਲਵੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਾ ਸਿਰਫ ਰਾਜੀਵ-ਲੌਂਗੋਵਾਲ ਸਮਝੌਤੇ ਨੂੰ ਤੋੜੇਗਾ ਬਲਕਿ ਪੰਜਾਬ ਵਿਚ ਸ਼ਾਂਤੀ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ ਜੋ ਭਾਰੀ ਕੁਰਬਾਨੀਆਂ ਤੋਂ ਬਾਅਦ ਸਥਾਪਿਤ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਾਦਲ ਦੀ ਚੁੱਪੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਇਕ ਵਾਰ ਫਿਰ ਤੋਂ ਅੱਗ ਵਿਚ ਝੋਕਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਾਦਲ ਹੀ ਸਨ ਜਿਨ੍ਹਾਂ ਨੇ ਐੱਸ. ਵਾਈ. ਐੱਲ. ਨਹਿਰ ਲਈ ਦੇਵੀ ਲਾਲ ਨਾਲ ਗੁਪਤ ਸਮਝੌਤਾ ਕਰਦੇ ਹੋਏ ਉਸ ਦਾ ਨੀਂਹ ਪੱਥਰ ਰਖਵਾਇਆ ਸੀ। ਉਸ ਸਮੇਂ ਵੀ ਬਾਦਲ ਨੇ ਇਸ ਮਾਮਲੇ ‘ਤੇ ਚੁੱਪੀ ਧਾਰੀ ਹੋਈ ਸੀ ਜਿਸ ਕਾਰਨ ਪੰਜਾਬ ਦਾ ਭਾਰੀ ਨੁਕਸਾਨ ਹੋਇਆ। ਹੁਣ ਚੰਡੀਗੜ੍ਹ ਦੇ ਮਾਮਲੇ ਵਿਚ ਵੀ ਬਾਦਲ ਦੀ ਚੁੱਪੀ ਪੰਜਾਬ ਦਾ ਨੁਕਸਾਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ 3 ਦਹਾਕੇ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੂੰ ਇਕ ਮਕਸਦ ਦੇ ਤਹਿਤ ਪੰਜਾਬ ਦੇ ਰਾਜਪਾਲ ਦੇ ਪ੍ਰਸ਼ਾਸਨਿਕ ਕੰਟਰੋਲ ਵਿਚ ਲਿਆਂਦਾ ਗਿਆ ਸੀ। ਰਾਜਪਾਲ ਇਸ ਸਮੇਂ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਉਸ ਸਮੇਂ ਇਹ ਸਹਿਮਤੀ ਬਣੀ ਸੀ ਕਿ ਜਦੋਂ ਤਕ ਹਰਿਆਣਾ ਆਪਣੀ ਰਾਜਧਾਨੀ ਨਹੀਂ ਬਣਾ ਲੈਂਦਾ, ਉਦੋਂ ਤਕ ਮੌਜੂਦਾ ਪ੍ਰਬੰਧਾਂ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਸਥਾਈ ਤੌਰ ‘ਤੇ ਪੰਜਾਬ ਦੇ ਹਵਾਲੇ ਕਰਨ ਦੀ ਬਜਾਏ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਨੇ ਚੰਡੀਗੜ੍ਹ ‘ਤੇ ਪੰਜਾਬ  ਦਾ ਕੰਟਰੋਲ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦਾ ਕਿ ਅਕਾਲੀ ਦਲ ਵੀ ਇਕ ਅੰਗ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਇਹ ਦੂਸਰੀ ਵਾਰ ਹੋਇਆ ਹੈ ਜਦੋਂ ਕੇਂਦਰ ਨੇ ਪੰਜਾਬ ਦੇ ਹਿੱਤਾਂ ‘ਤੇ ਡਾਕਾ ਮਾਰਿਆ ਹੈ। ਕੁਝ ਸਮਾਂ ਪਹਿਲਾਂ ਰਾਜਗ ਸਰਕਾਰ ਨੇ ਐੱਸ. ਵਾਈ. ਐੱਲ. ਨਹਿਰ ਦੇ ਨਿਰਮਾਣ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਟਾਰਨੀ ਜਨਰਲ ਰਾਹੀਂ ਹਰਿਆਣਾ ਤੇ ਦਿੱਲੀ ਦਾ ਸਾਥ ਦਿੱਤਾ ਸੀ ਅਤੇ ਹੁਣ ਉਸ ਨੇ ਪੰਜਾਬ ਦੇ ਹਿੱਤਾਂ ‘ਤੇ ਦੂਸਰਾ ਧਾਵਾ ਬੋਲਿਆ ਹੈ।
ਅਕਾਲੀ ਦਲ ਨੇ ਕੇਂਦਰ ਸਾਹਮਣੇ ਗੋਡੇ ਟੇਕੇ : ਕਾਂਗਰਸ
ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਲਈ ਵੱਖਰੇ ਤੌਰ ‘ਤੇ ਪ੍ਰਸ਼ਾਸਕ ਨਿਯੁਕਤ ਕਰਨ ਦੇ ਮੁੱਦੇ ‘ਤੇ ਕਾਂਗਰਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੇ ਕੇਂਦਰ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ। ਪ੍ਰਦੇਸ਼ ਕਾਂਗਰਸ ਬੁਲਾਰੇ ਸੁਨੀਲ ਜਾਖੜ ਨੇ ਕਿਹਾ ਕਿ ਇਸ ਨਾਲ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਕਮਜ਼ੋਰ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦਾ ਗਠਨ ਹੋਇਆ ਹੈ, ਉਦੋਂ ਤੋਂ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਇਕ ਹੀ ਵਿਅਕਤੀ ਨੂੰ ਲਗਾਇਆ ਜਾਂਦਾ ਸੀ। ਹੁਣ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰੇ ਤੌਰ ‘ਤੇ ਲਗਾ ਦਿੱਤਾ ਗਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਆਪਣੇ ਸਿਆਸੀ ਫਾਇਦੇ ਲਈ ਅਕਾਲੀ ਦਲ ਨੇ ਕੇਂਦਰ ਦੇ ਸਾਹਮਣੇ ਗੋਡੇ ਟੇਕ ਦਿੱਤੇ ਹਨ। ਲੱਗਦਾ ਹੈ ਕਿ ਕੇਂਦਰ ਸਰਕਾਰ ਅਕਾਲੀ ਦਲ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਪੰਜਾਬ ਦੇ ਖਿਲਾਫ ਫੈਸਲੇ ਲੈ ਰਹੀ ਹੈ। ਐੱਨ. ਡੀ. ਏ. ਸਰਕਾਰ ਪੰਜਾਬ ਵਿਰੋਧੀ ਰਹੀ ਹੈ।

LEAVE A REPLY