main-news-300x150ਸੱਥ ਵਾਲੇ ਥੜ੍ਹੇ ‘ਤੇ ਚਾਰ ਪੰਜ ਢਾਣੀਆਂ ਬਣਾ ਕੇ ਤਾਸ਼ ਖੇਡੀ ਜਾਂਦਿਆਂ ਦਾ ਉੱਚੀ ਉੱਚੀ ਰੌਲਾ ਸੁਣ ਕੇ ਸਾਇਕਲ ‘ਤੇ ਕਿਸੇ ਕੰਮ ਧੰਦੇ ਲਈ ਸੱਥ ਕੋਲ ਦੀ ਲੰਘਿਆ ਜਾਂਦਾ ਸੁਰਜਨ ਬੁੜ੍ਹੇ ਕਾ ਗਾਮਾ ਸਾਇਕਲ ਤੋਂ ਉਤਰ ਕੇ ਥੜ੍ਹੇ ‘ਤੇ ਬੈਠੇ ਬਾਬੇ ਨਿਹਾਲ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਏਥੇ ਵੀ ਬਾਬਾ ਕੋਈ ਗਾਉਣ ਆਲਾ ਆਇਆ ਵਿਆ, ਬਲ਼ਾ ਬਾਹਲਾ ਰੌਲਾ ਜਾ ਪਈ ਪੈਂਦਾ ਜਿਮੇਂ ਮੀਟ ਪਿੱਛੇ ਸ਼ਰਾਬੀ ਹੋਈ ਜੰਨ ਰੌਲਾ ਪਾਉਂਦੀ ਹੁੰਦੀ ਐ।”
ਬੁੱਘਰ ਦਖਾਣ ਕਹਿੰਦਾ, ”ਜਿੱਥੇ ਰੌਲਾ ਪੈਂਦਾ ਹੁੰਦਾ ਓੱਥੇ ਦੱਸੀ ਖਾਂ ਗਾਉਣ ਲੱਗਾ ਹੁੰਦੈ? ਤੂੰ ਵੀ ਚੰਦਭਾਨ ਆਲਾ ਟੇਸ਼ਨ ਈਂ ਐਂ।”
ਬਾਬਾ ਕਹਿੰਦਾ, ”ਏਥੇ ਤਾਂ ਨਿਤ ਈ ਏਹੇ ਕੰਮ ਚਲਦਾ। ਅੱਜ ਕੋਈ ਨਮਾਂ ਰੌਲਾ ਤਾਂ ਨ੍ਹੀ ਪੈਂਦਾ। ਤੇਰੇ ਈ ਕੰਨ ਅੱਜ ਫ਼ੜਕੇ ਐ। ਜਿੱਥੇ ਤਾਸ਼ ਖੇਡਦੇ ਹੁੰਦੇ ਐ ਓੱਥੇ ਰੌਲਾ ਈ ਹੁੰਦਾ, ਹੋਰ ਕੀ ਹੁੰਦਾ।”
ਨਾਥਾ ਅਮਲੀ ਗਾਮੇ ‘ਤੇ ਟਕੋਰ ਲਾਉਂਦਾ ਬੋਲਿਆ, ”ਅੱਜ ਈ ਨ੍ਹੀ ਸੱਥ ‘ਚ ਆਇਆ ਅੱਗੇ ਤਾਂ ਸੋਡਾ ਬੁੜ੍ਹਾ ਵੀ ਆ ਕੇ ਗੱਪਾਂ ਦੇ ਘੜਿੱਪਿਆਂ ਦੇ ਘੜਿੱਪੇ ਈ ਸਿੱਟਦਾ ਹੁੰਦਾ। ਲਾਮ ਲੂਮ ਨੂੰ ਤਾਂ ਨ੍ਹੀ ਕਿਤੇ ਗਿਆ ਵਿਆ ਓਏ ਜਿਹੜਾ ਆਇਆ ਨ੍ਹੀ ਅੱਜ?”
ਗਾਮਾ ਕਹਿੰਦਾ, ”ਜੇ ਸਾਡਾ ਬੁੜਾ ਆਇਆ ਨ੍ਹੀ ਤਾਈਂਉਂ ਐਨਾ ਰੌਲਾ ਪੈਂਦਾ। ਮੈਂ ਤਾਂ ਸੋਚਿਆ ਕਿਤੇ ਕੋਈ ਗਾਉਣ ਆਲਾ ਲੱਗਿਆ ਵਿਆ ਬਈ ਐਨੀ ਹੁਲ੍ਹੜਬਾਜੀ ਹੋਈ ਜਾਂਦੀ ਐ।”
ਸੀਤਾ ਮਰਾਸੀ ਕਹਿੰਦਾ, ”ਕਿਤੇ ਤੂੰ ਤਾਂ ਨ੍ਹੀ ਕੱਲ੍ਹ ਗਾਉਣ ਗੂਣ ਆਲਾ ਸੁਣਿਆਇਆ ਜੀਹਦੇ ਕਰ ਕੇ ਅੱਜ ਸੱਥ ‘ਚ ਵੀ ਭਲੇਖੇ ਪੈਂਦੇ ਐ?”
ਨਾਥਾ ਅਮਲੀ ਕਹਿੰਦਾ, ”ਸੁਣ ਕੇ ਤਾਂ ਆਇਆ ਇਹੇ ਕੱਲ੍ਹ।”
ਬੁੱਘਰ ਦਖਾਣ ਨੇ ਪੁੱਛਿਆ, ”ਕਿਹੜਾ ਆਉਣ ਆਲਾ ਆਇਆ ਸੀ ਓਏ ਗਾਮਿਆਂ?”
ਬਜਰੰਗੇ ਕਾ ਮੀਤਾ ਕਹਿੰਦਾ, ”ਗਾਉਣ ਆਲਾ ਤਾਂ ਨ੍ਹੀ ਸੀ ਉਹੋ। ਉਹ ਤਾਂ ਚੁਟਕਲੇ ਜੇ ਸਣਾ ਕੇ ਮੁੜ ਗਿਆ। ਅਸੀਂ ਤਾਂ ਕਰ ਕੇ ਗਏ ਸੀ ਬਈ ਕੋਈ ਗਾਉਣ ਆਲੀ ਆਈ ਹੋਊਗੀ।”
ਨਾਥਾ ਅਮਲੀ ਕਹਿੰਦਾ, ”ਆਪਣੇ ਪਿੰਡੋ ਗਏ ਤਾਂ ਬਹੁਤ ਸੀ ਬਈ ਗਾਉਣ ਆਲੀ ਸੁਣ ਕੇ ਆਉਣੇਂ ਐਂ, ਪਰ ਬਾਹਲੇ ਤਾਂ ਗਾਉਣ ਆਲੇ ਦੇ ਲੱਗਣ ਤੋਂ ਪਹਿਲਾਂ ਈ ਮੁੜਿਆਏ ਲਸ਼ਕਰ ਸੁਣ ਕੇ। ਗਾਉਣ ਆਲਾ ਤਾਂ ਓਦੂੰ ਮਗਰੋਂ ਲੱਗਿਆ।”
ਬਾਬੇ ਨਿਹਾਲ ਸਿਉਂ ਨੇ ਪੁੱਛਿਆ, ”ਕਾਹਦਾ ਲਸ਼ਕਰ ਸੀ ਨਾਥਾ ਸਿਆਂ ਓੱਥੇ।””
ਨਾਥਾ ਅਮਲੀ ਕਹਿੰਦਾ, ”ਗਾਉਣ ਆਲੇ ਤੋਂ ਪਹਿਲਾਂ ਇੱਕ ਚੁਟਕਲੇ ਜੇ ਸਣਾਉਂਦਾ ਸੀ ਬਾਬਾ। ਉਹਨੇ ਬਲਾ ਹਸਾਏ ਬਈ। ਉਹ ਤਾਂ ਹਾਸੇ ਆਲੀਆਂ ਗੱਲਾਂ ਬਾਹਲੀਆਂ ਸਣਾਉਂਦਾ ਸੀ। ਜਦੋਂ ਗਵਈਆ ਗਾਉਣ ਸਣਾਉਣ ਲੱਗਿਆ ਉਦੋਂ ਨੂੰ ਤਾਂ ਮੈਂ ਵੀ ਆ ਗਿਆ।”
ਜੰਗੇ ਰਾਹੀ ਕੇ ਗੀਸੇ ਨੇ ਅਮਲੀ ਨੂੰ ਪੁੱਛਿਆ, ”ਤੂੰ ਨਾ ਗਾਉਣ ਸੁਣ ਕੇ ਆਇਆ ਓਏ?”
ਅਮਲੀ ਕਹਿੰਦਾ, ”ਡੰਗਰਾਂ ਨੂੰ ਪੱਠੇ ਦੱਥਿਆਂ ਦਾ ਵੇਲਾ ਹੋ ਗਿਆ ਸੀ ਮੈਂਤਾਂ ਤਾਂ ਕਰ ਕੇ ਆ ਗਿਆ ਸੀ।”
ਬਾਬਾ ਨਿਹਾਲ ਸਿਉਂ ਅਮਲੀ ਨੂੰ ਕਹਿੰਦਾ, ”ਜਿਹੜਾ ਕੁਸ ਤੂੰ ਸੁਣ ਕੇ ਆਇਐਂ ਚੱਲ ਓਹੀ ਦੱਸ ਦੇ ਲਸ਼ਕਰ ਆਲੇ ਨੇ ਕੀ ਸਣਾਇਆ। ਕਿਹੜਾ ਸੀ ਉਹੋ?”
ਸੱਥ ‘ਚ ਬੈਠਾ ਅਖ਼ਬਾਰ ਪੜ੍ਹੀ ਜਾਂਦਾ ਮਾਸਟਰ ਭਜਨ ਸਿਉਂ ਕਹਿੰਦਾ, ”ਸਿੱਧਮਾਂ ਕਾਲਜ ਆਲਾ ਸਤਿੰਦਰਪਾਲ ਸੀ ਉਹੋ। ਰਣਜੀਤ ਸਿਉਂ ਕਵੀਸ਼ਰ ਦਾ ਮੁੰਡਾ। ਉਹਨੇ ਦੋ ਤਿੰਨ ਗੱਲਾਂ ਸੁਣਾਈਆਂ ਸੀ। ਉਹਦੀ ਗੱਲ ਕਰਦਾ ਅਮਲੀ।”
ਬਾਬੇ ਨਿਹਾਲ ਸਿਉਂ ਨੇ ਫ਼ੇਰ ਮੋੜੀ ਅਮਲੀ ਵੱਲ ਨੂੰ ਮੁਹਾਰ, ”ਅਮਲੀਆ ਕੀ ਸਣਾਇਆ ਸੀ ਓਏ ਸਿਧਮਾਂ ਆਲੇ ਨੇ?”
ਬਾਬੇ ਦੀ ਗੱਲ ਸੁਣ ਕੇ ਜਦੋਂ ਮਾਸਟਰ ਭਜਨ ਸਿਉਂ ਗੱਲ ਸੁਣਾਉਣ ਲੱਗਿਆ ਤਾਂ ਬਾਬਾ ਨਿਹਾਲ ਸਿਉਂ ਮਾਸਟਰ ਨੂੰ ਗੱਲ ਸੁਣਾਉਣ ਤੋਂ ਰੋਕਦਾ ਬੋਲਿਆ, ”ਨਾਥਾ ਸਿਉਂ ਨੂੰ ਸਣਾਉਣ ਦੇ ਮਾਹਟਰ, ਤੂੰ ਚੁੱਪ ਕਰ।”
ਮਾਹਲਾ ਨੰਬਰਦਾਰ ਅਮਲੀ ਦੀ ਬਾਂਹ ਝੰਜੋੜ ਕੇ ਕਹਿੰਦਾ, ”ਹੋ ਜਾ ਹੁਣ ਪੰਜ ਪੌਣ ‘ਤੇ। ਦੱਸ ਦੇ ਕੀ ਸੁਣ ਕੇ ਆਇਐਂ?”
ਨਾਥਾ ਅਮਲੀ ਹੱਸ ਕੇ ਕਹਿੰਦਾ, ”ਕੜਿੱਲ ਈ ਕੱਢ ‘ਤੇ ਬਾਬਾ ਓਹਨੇ ਬੋਲਣ ਆਲੇ। ਹਸਾ ਹਸਾ ਢਿੱਡ ਦੀਆਂ ਨਾਸਾਂ ਬੰਦ ਕਰ ‘ਤੀਆਂ। ‘ਕੱਠ ਸੀ ਬਲਾ ਬਾਹਲਾ, ਅੱਧਿਉਂ ਬਾਹਲੇ ਲੋਕ ਖੜ੍ਹੇ ਸੀ। ਜੀਹਦਾ ਮਾਹਟਰ ਇਹ ਨਾਂ ਲੈਂਦਾ ਸਿੱਧਮਾਂ ਆਲੇ ਦਾ।”
ਚੱਲਦੀ ਗੱਲ ‘ਚ ਫ਼ੇਰ ਬੋਲਿਆ ਮਾਸਟਰ, ”ਸਤਿੰਦਰਪਾਲ।”
ਅਮਲੀ ਕਹਿੰਦਾ, ”ਹਾਂ-ਹਾਂ ਓਹੀ-ਓਹੀ। ਜਦੋਂ ਉਹਨੇ ਸਟੇਸ ‘ਤੇ ਆ ਕੇ ਖੜ੍ਹੇ ਲੋਕਾਂ ਦਾ ‘ਕੱਠ ਵੇਖਿਆ ਤਾਂ ਸਪੀਕਰ ‘ਚ ਬੋਲ ਕੇ ਕਹਿੰਦਾ ‘ਜਿਹੜੇ ਸੱਜਣ ਖੜ੍ਹੇ ਐ ਉਹ ਬਹਿ ਜੋ ਤੇ ਜਿਹੜੇ ਬੈਠੇ ਐ ਉਹ …’। ਏਨੀ ਗੱਲ ਕਰ ਕੇ ਬਾਬਾ ਉਹ ਤਾਂ ਚੁੱਪ ਕਰ ਗਿਆ, ਫੇ:ਰ ਲੋਕਾਂ ਨੇ ਰੌਲਾ ਚੱਕ ‘ਤਾ। ਲੋਕ ਕਹਿੰਦੇ ‘ਉਹ ਬਹਿ ਜੋ’। ਐਨਾ ਹਾਸਾ ਛਿੜਿਆ ਬਾਬਾ ਓੱਥੇ, ਗੱਲਾਂ ਈਂ ਛੱਡ ਦੇ।”
ਬਾਬੇ ਨੁੇ ਪੁੱਛਿਆ, ”ਹੋਰ ਕੀ ਸਣਾਇਆ?”
ਅਮਲੀ ਕਹਿੰਦਾ, ”ਇੱਕ ਓਹਨੇ ਟਿੱਡੀ ਤੇ ਭਮੱਕੜ ਦੀ ਗੱਲ ਸਣਾਈ ਬਾਬਾ। ਅਕੇ ਟਿੱਡੀ ਤੇ ਭਮੱਕੜ ਦੀਵਾ ਜਗਦੇ ਆਲੀ ਸਬ੍ਹਾਤ ਦੇ ਬੂਹੇ ਵੜਦਿਆਂ ਨਿਕਲਦਿਆਂ ਆਪਸ ਵਿੱਚ ਇੱਕ ਦੂਜੇ ‘ਚ ਠਾਹ ਦੇਣੇ ਵੱਜੇ। ਅਕੇ ਟਿੱਡੀ ਵੀ ਡਿੱਗ ਪੀ ਭਮੱਕੜ ਵੀ ਡਿੱਗ ਪਿਆ। ਟਿੱਡੀ ਫ਼ੁਰਤੀਲੀ ਹੋਣ ਕਰ ਕੇ ਲੋਟਣੀਆਂ ਖਾਂਦੀ ਖਵਾਉਂਦੀ ਲੀੜੇ ਜੇ ਝਾੜ ਕੇ ਫ਼ੱਟ ਦੇਣੇ ਪਹਿਲਾਂ ਉੱਠ ਖੜ੍ਹੀ। ਭਮੱਕੜ ਆਪਣੇ ਪਿੰਡ ਆਲੇ ਨਧਾਨੇ ਕੇ ਰੇਂਡੂ ਅਰਗਾ ਸੀ ਗੁੱਬਣ ਜਾ, ਉਹਤੋਂ ਛੇਤੀ ਉੱਠਿਆ ਨਾ ਗਿਆ। ਡਿੱਗੇ ਪਏ ਭਮੱਕੜ ਨੂੰ ਟਿੱਡੀ ਕੋਲ ਆ ਕੇ ਕਹਿੰਦੀ ‘ਵੇ ਸੁਣ ਵੇ ਗੁਬਣਾ ਜਿਆ, ਤੈਨੂੰ ਸ਼ਰਮ ਨ੍ਹੀ ਆਉਂਦੀ ਪਾਈਆ ਪਾਈਆ ਦੇ ਆਨੇ ਟੱਡੇ ਐ ਤੂੰ ਮੇਰੇ ‘ਚ ਵੱਜਿਐਂ। ਭਮੱਕੜ ਕਹਿੰਦਾ ‘ਤੂੰ ਕਨੇਡਾ ਆਲੀਆਂ ਲਾ ਕੇ ਐਨਕਾਂ ਡੀਸੀ ਬਣੀ ਫ਼ਿਰਦੀ ਐਂ, ਤੂੰ ਨ੍ਹੀ ਵੱਜੀ ਮੇਰੇ ‘ਚ’। ਅਕੇ ਭਮੱਕੜ ਟਿੱਡੀ ਨੂੰ ਕਹਿੰਦਾ ਤੂੰ ਬਾਹਰ ਨੂੰ ਕਿਉਂ ਭੱਜੀ ਜਾਨੀਂ ਐਂ। ਟਿੱਡੀ ਕਹਿੰਦੀ ਤੂੰ ਅੰਦਰ ਕੀ ਲੈਣ ਜਾਨੈਂ, ਅੰਦਰ ਕਿਹੜਾ ਕੜ੍ਹਾਹ ਵੰਡੀਂਦੈ। ਅਕੇ ਟਿੱਡੀ ਕਹਿੰਦੀ ਮੈਨੂੰ ਤਾਂ ਡਰ ਲੱਗਦਾ ਬਈ ਅੰਦਰ ਮੱਚਦੈ ਦੀਵਾ, ਕਿਤੇ ਮੇਰੀਆਂ ਮੁੱਛਾਂ ਤੇ ਖੰਭ ਨਾ ਮੱਚ ਜਾਣ ਮੈਂ ਤਾਂ ਕਰ ਕੇ ਬਾਹਰ ਨਿੱਕਲ ਆਈ ਆਂ, ਤੂੰ ਅੰਦਰ ਕੀ ਕਰਨਾ ਜਾ ਕੇ’। ਭਮੱਕੜ ਕਹਿੰਦਾ ‘ਮੈ ਤਾਂ ਕਰ ਕੇ ਅੰਦਰ ਨੂੰ ਜਾਨੈਂ ਬਈ ਮੇਰੇ ਜਾਣ ਤੋਂ ਪਹਿਲਾਂ ਕਿਤੇ ਦੀਵਾ ਬੁਝ ਨਾ ਜਾਵੇ। ਜਾਂ ਕਿਤੇ ਦੂਜਾ ਕੋਈ ਹੋਰ ਮੈਥੋਂ ਵੀ ਕਾਹਲਾ ਭਮੱਕੜ ਮੈਥੋਂ ਪਹਿਲਾਂ ਨਾ ਮੱਚ ਜੇ, ਮੈ ਤਾਂ ਬੱਜਿਆ ਜਾਨੈਂ’। ਇਉਂ ਸਣਾਈਆਂ ਬਾਬਾ ਗੱਲਾਂ ਉਹਨੇ। ਮੈਂ ਤਾਂ ਫ਼ਿਰ ਇਹ ਗੱਲ ਸੁਣ ਕੇ ਕਾਹਲੀ ਨਾਲ ਮੁੜਿਆਇਆ ਸੀ ਬਈ ਘਰੇ ਡੰਗਰਾਂ ਨੂੰ ਪੱਠੇ ਦੱਥੇ ਪਾਉਣੇ ਸੀ।”
ਸੀਤਾ ਮਰਾਸੀ ਅਮਲੀ ਨੂੰ ਟਿੱਚਰ ‘ਚ ਹੱਸ ਕੇ ਕਹਿੰਦਾ, ”ਆਉਣਾ ਈ ਸੀ ਹੋਰ ਕੀ ਕਰਨਾ ਸੀ ਤੂੰ। ਭਮੱਕੜ ਆਲੀ ਗੱਲ ਸੁਣ ਕੇ ਤੂੰ ਵੀ ਅਮਲੀਆ ਸੋਚਿਆ ਹੋਣੈ ਬਈ ਡੰਗਰਾਂ ਨੂੰ ਕੋਈ ਹੋਰ ਈ ਨਾਂ ਮੈਥੋਂ ਪਹਿਲਾਂ ਸੰਨ੍ਹੀ ਰਲਾ ਦੇ। ਤੂੰ ਵੀ ਤਾਂ ਈ ਭੱਜਿਐਂ। ਜੇ ਸਿੱਧਮਾਂ ਆਲੇ ਤੋਂ ਕੁਸ ਹੋਰ ਸੁਣ ਲੈਂਦਾ ਤਾਂ ਤੂੰ ਉਹਦੇ ਨਾਲ ਲੜ ਪੈਣਾ ਸੀ।”
ਬਾਬੇ ਨਿਹਾਲ ਸਿਉਂ ਨੇ ਪੁੱਛਿਆ, ”ਲੜ ਕਾਹਤੋਂ ਪੈਂਦਾ ਮੀਰ ਇਹੇ?”
ਮਰਾਸੀ ਬਾਬੇ ਨੂੰ ਕਹਿੰਦਾ, ”ਇਹ ਨਾਥਾ ਤਾਂ ਬਾਬਾ ਓਦੋਂ ਈਂ ਭੱਜਣ ਨੂੰ ਫ਼ਿਰਦਾ ਸੀ ਜਦੋਂ ਸਿੱਧਮਾਂ ਆਲੇ ਨੇ ਅਮਲੀ ਕੇ ਵੱਡੇ ਬੁੜ੍ਹੇ ਦਾ ਨਾਂ ਲਿਆ। ਅਕੇ ਜਿਹੜੇ ਸੱਜਣ ਖੜ੍ਹੇ ਐ ਉਹ ਬਹਿ ਜੋ, ਜਿਹੜੇ ਬੈਠੇ ਐ ਉਹ …। ਇਨ੍ਹਾਂ ਦੇ ਵੱਡੇ ਬੁੜ੍ਹੇ ਦਾ ਨਾਂ ਸੱਜਣ ਸੀ। ਇਹਨੂੰ ਤਾਂ ਅਸੀਂ ਫ਼ੜੀ ਰੱਖਿਆ ਬਈ ਹੁਣ ਆਇਆ ਤਾਂ ਹੈਂ, ਹੁਣ ਹੋਰ ਸੁਣ ਲਾ ਦੋ ਚੁਟਕਲੇ। ਆਹ ਭਮੱਕੜ ਆਲੀ ਗੱਲ ਸੁਣਨ ਸਾਰ ਈ ਭਮੀਰੀ ਬਣ ਗਿਆ ਇਹ ਤਾਂ ਓੱਥੋਂ।”
ਜੱਗਾ ਕਾਮਰੇਡ ਕਹਿੰਦਾ, ”ਚੰਗਾ ਰਹਿ ਗਿਆ ਜੇ ਆ ਗਿਆ ਇਹੇ। ਇਹਦੇ ਆਏ ਦੇ ਮਗਰੋਂ ਤਾਂ ਓਹਨੇ ਇਨ੍ਹਾਂ ਦੀ ਬੁੜ੍ਹੀ ਦਾ ਨਾਉਂ ਵੀ ਲੈ ‘ਤਾ ਸੀ।”
ਬਾਬਾ ਨਿਹਾਲ ਸਿਉਂ ਵੀ ਟਿੱਚਰ ‘ਚ ਹੱਸ ਕੇ ਬੋਲਿਆ, ”ਬੁੜ੍ਹੀ ਦਾ ਨਾਂਅ ਕਿਮੇਂ ਲਿਆ ਕਾਮਰੇਟਾ ਉਹਨੇ?”
ਕਾਮਰੇਡ ਕਹਿੰਦਾ, ”ਕੱਠ ਬਾਹਲਾ ਹੋਣ ਕਰ ਕੇ ਰੌਲਾ ਈ ਪਈ ਗਿਆ। ਉਹ ਬਥੇਰਾ ਸਪੀਕਰ ‘ਚ ਹੋਕੇ ਦੇਵੇ ਬਈ ਇਉਂ ਨਾ ਭੱਜੇ ਫ਼ਿਰੋ ਜਿਮੇਂ ਇੱਕ ਬੰਦਾ ਭੇਡਾਂ ਦੇ ਮਗਰ ਤੁਰਿਆ ਫ਼ਿਰਦਾ ਹੁੰਦਾ ਟਿਕਦੀਆਂ ਨ੍ਹੀ ਹੁੰਦੀਆਂ। ਪ੍ਰੋਗਰਾਮ ਪੰਜ ਛੀ ਘੰਟੇ ਚੱਲਣੈ, ਸ਼ਾਂਤੀ ਨਾਲ ਬਹਿ ਕੇ ਸੁਣ ਲੋ। ਸ਼ਾਂਤੀ ਨਾਲ। ਸ਼ਾਂਤੀ ਦਾ ਤਾਂ ਤੈਨੂੰ ਪਤਾ ਈ ਬਾਬਾ ਬਈ ਇਹਦੀ ਦਾਦੀ ਦਾ ਨਾਉਂ ਐ। ਆਹ ਗੱਲ ਐ ਬਾਬਾ।”
ਬਾਬਾ ਨਿਹਾਲ ਸਿਉਂ ਹੱਸ ਕੇ ਕਹਿੰਦਾ, ”ਇਹ ਤਾਂ ਫ਼ਿਰ ਉਹ ਗੱਲ ਹੋ ਗੀ, ਵੱਢਾ ਟੁੱਕੀ ਤੋਂ ਪਹਿਲਾਂ ਆਪਣੇ ਪਿੰਡ ਆਹ ਦੌਲਤ ਖ਼ਾਨ ਮੁਸਲਮਾਨ ਰਹਿੰਦਾ ਹੁੰਦਾ ਸੀ। ਸੰਤਾਲੀ ਦੀ ਵੰਡ ਵੇਲੇ ਉਹ ਪਾਕਸਤਾਨ ਉਠ ਗਿਆ ਸੀ ਟੱਬਰ ਟੀਹਰ ਨੂੰ ਲੈ ਕੇ। ਕੇਰਾਂ ਉਹਦਾ ਪੋਤਾ ਧਨੌਲੇ ਦੀ ਮੰਡੀ ‘ਤੇ ਮੱਝ ਵੇਚਣ ਉਠ ਗਿਆ। ਮੱਝ ਸੋਹਣੀ ਸੀ। ਜਦੋਂ ਮੰਡੀ ‘ਚ ਅੱਪੜਿਆ ਤਾਂ ਇੱਕ ਗਾਹਕ ਨੇ ਆਉਣ ਸਾਰ ਪਹਿਲਾਂ ਉਹਨੂੰ ਪਿੰਡ ਪੁੱਛਿਆ। ਕਹਿੰਦਾ ‘ਕਿਹੜਾ ਦੌਲਤ ਖਾਨਾ ਜੁਆਨਾ ਤੇਰਾ’? ਜਦੋਂ ਉਹਨੇ ਵੱਡੇ ਬੁੜ੍ਹੇ ਦਾ ਨਾਂਅ ਲਿਆ ਤਾਂ ਉਹ ਕਹਿੰਦਾ ‘ਮੈਂ ਨ੍ਹੀ ਮੱਝ ਵੇਚਣੀ’। ਉਹ ਮੁੜ ਗੇ। ਥੋੜ੍ਹੇ ਜੇ ਚਿਰ ਮਗਰੋਂ ਦੋ ਹੋਰ ਆ ਗੇ। ਉਨ੍ਹਾਂ ਨੇ ਵੀ ਓਮੇਂ ਪੁੱਛਿਆ, ‘ਕਿੱਥੇ ਬਈ ਦੌਲਤ ਖਾਨਾ’? ਜਦੋਂ ਉਹਨੇ ਫ਼ੇਰ ਓਹੀ ਗੱਲ ਸੁਣੀ, ਉਹਨੇ ਜਿਉਂ ਖੋਹਲੀ ਮੱਝ, ਮੰਡੀ ਦੇ ਦੂਜੇ ਪਾਸੇ ਲੈ ਗਿਆ। ਓੱਥੇ ਫੇ:ਰ ਦੋ ਤਿੰਨ ਗਾਹਕ ਆਏ। ਆ ਕੇ ਕਹਿੰਦੇ ‘ਕਿਹੜਾ ਦੌਲਤ ਖਾਨਾ’? ਜਦੋਂ ਉਹਨੇ ਤੀਜੀ ਵਾਰ ਉਨ੍ਹਾਂ ਦੇ ਮੂੰਹੋ ਇਹ ਗੱਲ ਸੁਣੀ ਤਾਂ ਉੱਚੀ ਉੱਚੀ ਗਾਲ੍ਹਾਂ ਦੇਣ ਲੱਗ ਪਿਆ, ‘ਕਿਹੜਾ ਫ਼ੇਰੇ ਦੇ ਗਿਆ ਏਥੇ। ਜਿਹੜਾ ਕੋਈ ਆਉਂਦਾ, ਵੱਡੇ ਬੁੜ੍ਹੇ ਦਾ ਈ ਨਾਂਅ ਲੈਂਦਾ। ਪੁੱਛਣ ਆਲਾ ਹੋਵੇ ਬਈ ਤੁਸੀਂ ਮੱਝ ਖ਼ਰੀਦਣੀ ਐ ਕੁ ਬੁੜ੍ਹੇ ਨੂੰ ਸਾਕ ਕਰਨੈ’? ਸਾਲਿਓ ਮੈਂ ਬੰਦਾ ਨ੍ਹੀ!’ ਗਾਲ੍ਹਾਂ ਗੂਲ੍ਹਾਂ ਦੇ ਕੇ ਦਪਹਿਰ ਤੋਂ ਪਹਿਲਾਂ ਪਹਿਲਾਂ ਈ ਮੱਝ ਘਰੇ ਮੋੜ ਲਿਆਇਆ। ਉਹ ਗੱਲ ਫ਼ਿਰ ਅਮਲੀ ਨਾਲ ਹੋਈ। ਉਹਨੂੰ ਸਿੱਧਵਾਂ ਆਲੇ ਨੂੰ ਯਾਰ ਬੜਾ ਪਤਾ ਲਗਿਆ ਬਈ ਨਾਥਾ ਸਿਉਂ ਦੇ ਦਾਦੇ ਦਾਦੀ ਦਾ ਆਹ ਨਾਂਅ। ਗਿੱਦੜ ਸਿੰਗੀ ਹੋਊ ਉਹਦੇ ਕੋਲੇ ਕੋਈ। ਐਮੇਂ ਤਾਂ ਨ੍ਹੀ ਯਾਰ ਕਿਸੇ ਦੇ ਨਾਂਅ ਨੂੰ ਦਾ ਪਤਾ ਲਗਦਾ। ਤਾਈਓਂ ਅਮਲੀ ਓੱਥੋਂ ਭੱਜਿਆਇਆ ਪੱਠਿਆਂ ਦਾ ਬਹਾਨਾ ਲਾ ਕੇ ਮੱਝ ਆਲੇ ਮੁਸਲਮਾਨ ਆਂਗੂੰ।”
ਗੱਲਾਂ ਕਰੀ ਜਾਂਦਿਆਂ ਤੋਂ ਚੌਕੀਦਾਰ ਸੱਥ ‘ਚ ਆ ਕੇ ਕਹਿੰਦਾ, ”ਆਪਣੇ ਗੁਆੜ ਆਲੈ ਧਰਮਸਾਲਾ ‘ਚ ਵੋਟਾਂ ਬਣਾਉਣ ਆਲੇ ਆਏ ਵੇ ਐ। ਜਿਨ੍ਹਾਂ ਦੀਆਂ ਵੋਟਾਂ ਹਜੇ ਨਹੀਂ ਬਣੀਆਂ ਤਾਂ ਜਾ ਕੇ ਬਣਾ ਲੋ।” ਚੌਕੀਦਾਰ ਤੋਂ ਸੁਨੇਹਾ ਸੁਣ ਕੇ ਸਾਰੇ ਸੱਥ ਵਾਲੇ ਧਰਮਸਾਲਾ ਵੱਲ ਨੂੰ ਚੱਲ ਪਏ ਤੇ ਵੇਂਹਦਿਆਂ ਵੇਂਹਦਿਆਂ ਸੱਥ ਖ਼ਾਲੀ ਹੋ ਗਈ।

LEAVE A REPLY