flimy-duniya1ਭਾਰਤ ਦੀਆਂ 15 ਫ਼ਿਲਮਾਂ ਵਿੱਚ ਅਦਾਕਾਰੀ ਕਰਕੇ ਸਟਾਰ ਬਣਨ ਤੋਂ ਬਾਅਦ ਬੌਲੀਵੁੱਡ ਵਿੱਚ ‘ਬਰਫ਼ੀ’ ਜਿਹੀ ਸੰਜੀਦਾ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕੇ ਸ਼ੋਹਰਤ ਬਟੋਰਨ ਵਾਲੀ ਇਲਿਆਨਾ ਡੀਕਰੂਜ਼ ਦੀ ਪੰਜਵੀਂ ਹਿੰਦੀ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ਇਲਿਆਨਾ ਦੇ ਕਰੀਅਰ ‘ਚ ਹੁਣ ਤਕ ਸਭ ਤੋਂ ਖ਼ਾਸ ਗੱਲ ਇਹ ਰਹੀ ਹੈ ਕਿ ਉਸ ਨੂੰ ਤੇਲਗੂ ਭਾਸ਼ਾ ਨਹੀਂ ਆਉਂਦੀ ਪਰ ਉਸ ਦੀ ਤੇਲਗੂ ਦੀ ਹਰ ਫ਼ਿਲਮ ਸੁਪਰਹਿੱਟ ਰਹੀ ਅਤੇ ਉਹ ਉੱਥੋਂ ਦੀ ਸਟਾਰ ਕਲਾਕਾਰ ਮੰਨੀ ਜਾਂਦੀ ਹੈ। ਉਸ ਦੇ ਪਿਤਾ ਦੀ ਮਾਂ ਬੋਲੀ ਕੋਂਕਣੀ ਹੈ ਪਰ ਉਸ ਨੇ ਹੁਣ ਤਕ ਕੋਂਕਣੀ ਭਾਸ਼ਾ ਦੀ ਵੀ ਇੱਕ ਵੀ ਫ਼ਿਲਮ ਨਹੀਂ ਕੀਤੀ ਕਿਉਂਕਿ ਉਸ ਨੂੰ ਕੋਂਕਣੀ ਵੀ ਨਹੀਂ ਆਉਂਦੀ। ਉਸ ਦਾ ਪਾਲਣ-ਪੋਸ਼ਣ ਮੁੰਬਈ ‘ਚ ਹੋਇਆ, ਇਸ ਲਈ ਉਹ ਹਿੰਦੀ ਬਹੁਤ ਵਧੀਆ ਬੋਲ ਲੈਂਦੀ ਹੈ ਪਰ ਹਿੰਦੀ ਫ਼ਿਲਮਾਂ ‘ਚ ਉਸ ਦੇ ਕਰੀਅਰ ਨੂੰ ਜੋ ਗਤੀ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲ ਸਕੀ। ਪੇਸ਼ ਹਨ ਇਲਿਆਨਾ ਨਾਲ ਇਸ ਸਬੰਧੀ ਹੋਈ ਗੱਲਬਾਤ ਦੇ ਮੁੱਖ ਅੰਸ਼:
ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮਾਂ ਤੋਂ ਕਰਨ ਦੀ ਕੀ ਵਜ੍ਹਾ ਰਹੀ?
– ਸੱਚ ਕਹਾਂ ਤਾਂ ਮੈਂ ਅਦਾਕਾਰ ਬਣਨਾ ਹੀ ਨਹੀਂ ਸੀ। ਜਦੋਂ ਮੈਨੂੰ ਤੇਲਗੂ ਫ਼ਿਲਮ ਦੀ ਪੇਸ਼ਕਸ਼ ਹੋਈ ਤਾਂ ਮੈਨੂੰ ਲੱਗਿਆ ਕਿ ਮਜ਼ਾਕ ਕੀਤਾ ਜਾ ਰਿਹਾ ਹੈ। ਫ਼ਿਰ ਜਦੋਂ ਮੈਨੂੰ ਹੈਦਰਾਬਾਦ ਆਡੀਸ਼ਨ ਲਈ ਬੁਲਾਇਆ ਤਾਂ ਮੈਨੂੰ ਸੱਚ ਆਇਆ। ਉੱਥੇ ਪਹੁੰਚ ਕੇ ਮੈਂ ਉਨ੍ਹਾਂ ਨੂੰ ਸਾਫ਼ ਦੱਸ ਦਿੱਤਾ ਕਿ ਮੈਨੂੰ ਅਦਾਕਾਰੀ ਜਾਂ ਡਾਂਸ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਅਸੀਂ ਸਭ ਕੁਝ ਕਰਵਾ ਲਵਾਂਗੇ। ਫ਼ਿਰ ਮੈਨੂੰ ਲੱਗਿਆ ਕਿ ਤੇਲਗੂ ਫ਼ਿਲਮਾਂ ਤੋਂ ਕਰੀਅਰ ਦੀ ਸ਼ੁਰੂਆਤ ਕਰਨੀ ਚੰਗੀ ਹੈ। ਮੇਰੀਆਂ ਪਹਿਲੀਆਂ ਦੋ ਫ਼ਿਲਮਾਂ ਬਹੁਤ ਚੱਲੀਆਂ। ਫ਼ਿਰ ਮੈਨੂੰ ਉੱਥੇ ਖ਼ੁਸ਼ਕਿਸਮਤ ਅਦਾਕਾਰਾ ਮੰਨਿਆ ਜਾਣ ਲੱਗ ਪਿਆ। ਛੇ ਸਾਲ ਦੇ ਵਿੱਚ ਮੈਂ ਤਕਰੀਬਨ 15-16 ਤੇਲਗੂ ਫ਼ਿਲਮਾਂ ਕੀਤੀਆਂ। ਮੈਂ ਤੇਲਗੂ ਫ਼ਿਲਮਾਂ ‘ਚ ਕੰਮ ਕਰਕੇ ਅਦਾਕਾਰੀ ਸਿੱਖੀ।
ਬੌਲੀਵੁੱਡ ਵਿੱਚ ਤੁਹਾਨੂੰ ਖ਼ੁਸ਼ਕਿਸਮਤ ਨਹੀਂ ਮੰਨਿਆ ਗਿਆ ਹਾਲਾਂਕਿ ਫ਼ਿਲਮ ‘ਬਰਫ਼ੀ’ ਹਿੱਟ ਰਹੀ ਸੀ ਅਤੇ ਤੁਹਾਡੀ ਤਾਰੀਫ਼ ਵੀ ਹੋਈ।
– ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਬਰਫ਼ੀ ਤੋਂ ਇਲਾਵਾ ਮੇਰੀ ‘ਤੂੰ ਮੇਰਾ ਹੀਰੋ’ ਫ਼ਿਲਮ ਵੀ ਹਿੱਟ ਰਹੀ ਸੀ। ਫ਼ਿਰ ਵੀ ਪਿਛਲੇ ਇੱਕ ਸਾਲ ਤੋਂ ਮੈਨੂੰ ਕੋਈ ਚੰਗੀ ਫ਼ਿਲਮ ਨਹੀਂ ਮਿਲ ਰਹੀ ਸੀ। ਮੈਨੂੰ ਕੋਈ ਕਹਾਣੀ ਤੇ ਉਸ ਵਿੱਚ ਆਪਣਾ ਕਿਰਦਾਰ ਪਸੰਦ ਹੀ ਨਹੀਂ ਆਇਆ ਸੀ। ਫ਼ਿਰ ‘ਰੁਸਤਮ’ ਦੀ ਪੇਸ਼ਕਸ਼ ਹੋਈ ਤੇ ਇਸ ਦਾ ਕਿਰਦਾਰ ਮੈਨੂੰ ਪਸੰਦ ਆ ਗਿਆ। ਅਜਿਹਾ ਕਿਰਦਾਰ ਮੈਂ ਇਸ ਤੋਂ ਪਹਿਲਾਂ ਕਦੇ ਨਹੀਂ ਨਿਭਾਇਆ। ‘ਰੁਸਤਮ’ ਦੇ ਨਾਇੱਕ ਅਕਸ਼ੈ ਕੁਮਾਰ ਵੀ ਇਸ ਫ਼ਿਲਮ ਨੂੰ ਕਰਨ ਦੀ ਵੱਡੀ ਵਜ੍ਹਾ ਰਹੇ। ਫ਼ਿਲਮ ‘ਚ ਈਸ਼ਾ ਗੁਪਤਾ ਤੇ ਅਰਜੁਨ ਬਾਜਵਾ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਉਂਜ ਜਦੋਂ ਨੀਰਜ ਪਾਂਡੇ ਵੱਲੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਹੋਈ ਸੀ ਤਾਂ ਮੈਂ ਸੋਚਿਆ ਸੀ ਕਿ ਦੋ ਘੰਟੇ ਜਾ ਕੇ ਫ਼ਿਲਮ ਦੀ ਕਹਾਣੀ ਸੁਣ ਕੇ ਮਨ੍ਹਾਂ ਕਰਕੇ ਆ ਜਾਂਦੀ ਹਾਂ ਪਰ ਜਦੋਂ ਟੀਨੂ ਸੁਰੇਸ਼ ਦੇਸਾਈ ਨੇ ਨੀਰਜ ਦੇ ਦਫ਼ਤਰ ‘ਚ ਇਸ ਦੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤਾਂ ਮੇਰਾ ਮਨ ਬਦਲ ਗਿਆ।
‘ਰੁਸਤਮ’ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
-‘ਰੁਸਤਮ’ ਇੱਕ ਨੇਵੀ ਕਮਾਂਡਰ ਕੇ.ਐੱਮ. ਨਾਨਾਵਟੀ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ਹੈ ਜਿਸ ਨੇ ਆਪਣੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਕੀਤੀ ਸੀ। ਉਸ ਸਮੇਂ ਇਹ ਕੇਸ ਬਹੁਤ ਸੁਰਖੀਆਂ ‘ਚ ਰਿਹਾ ਸੀ। ਇਸ ਫ਼ਿਲਮ ਵਿੱਚ ਮੈਂ ਸਿੰਥੀਆ ਨਾਮੀ ਇੱਕ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ ਜੋ ਲੰਡਨ ਤੋਂ ਮੁੰਬਈ ਆਉਂਦੀ ਹੈ। ਉਸ ਦਾ ਵਿਆਹ ਰੁਸਤਮ ਨਾਲ ਹੁੰਦਾ ਹੈ। ਉਸ ਦੇ ਲਈ ਇੱਥੇ ਸਭ ਕੁਝ ਵੱਖਰਾ ਹੁੰਦਾ ਹੈ। ਆਪਣੀ ਵਿਆਹੁਤਾ ਜ਼ਿੰਦਗੀ ‘ਚ ਉਹ ਕੁਝ ਗ਼ਲਤ ਕਦਮ ਉਠਾ ਲੈਂਦੀ ਹੈ। ਮੈਨੂੰ ਇਹ ਕਿਰਦਾਰ ਬਹੁਤ ਚੁਣੌਤੀਪੂਰਨ ਲੱਗਿਆ। ਫ਼ਿਲਮ ਦੇ ਸ਼ੁਰੂ ‘ਚ ਕਿਸੇ ਨੂੰ ਵੀ ਮੇਰਾ ਕਿਰਦਾਰ ਨਾਂਹ-ਪੱਖੀ ਲੱਗ ਸਕਦਾ ਹੈ ਪਰ ਅੰਤ ਵਿੱਚ ਇਹ ਸਕਾਰਾਤਮਕ ਹੋ ਨਿੱਬੜਦਾ ਹੈ। ਇੱਕ ਅਜਿਹੇ ਕਿਰਦਾਰ ਨੂੰ ਨਿਭਾਉਣਾ ਜੋ ਨਾਕਾਰਾਤਮਕ ਤੋਂ ਸਕਾਰਾਤਮਕ ਸਾਬਤ ਹੋ ਜਾਵੇ, ਵੱਡੀ ਚੁਣੌਤੀ ਸੀ। ਇਸ ਫ਼ਿਲਮ ਵਿੱਚ ਪਹਿਲੀ ਵਾਰ ਇੱਕ ਪਤਨੀ ਆਪਣੇ ਪਤੀ ਨਾਲ ਧੋਖਾ ਕਰਦੀ ਹੈ। ਉਸ ਦੇ ਪਰਾਏ ਆਦਮੀ ਨਾਲ ਸਬੰਧ ਹਨ।  ਫ਼ਿਲਮ ‘ਏਤਰਾਜ਼’ ਵਿੱਚ ਪ੍ਰਿਅੰਕਾ ਚੋਪੜਾ ਦਾ ਕਿਰਦਾਰ ਵੀ ਕੁਝ ਅਜਿਹਾ ਹੀ ਸੀ ਪਰ ਉਹ ਪੂਰੀ ਤਰ੍ਹਾਂ ਨਾਕਾਰਾਤਮਕ ਕਿਰਦਾਰ ਸੀ।  ‘ਰੁਸਤਮ’ ‘ਚ ਪਤਨੀ ਗ਼ਲਤ ਕੰਮ ਕਰਦੀ ਹੈ ਪਰ ਪਤੀ ਨੂੰ ਉਸ ਨੂੰ ਮੁਆਫ਼ ਕਰਨਾ ਪੈਂਦਾ ਹੈ।
ਆਪਣੀ ਉਮਰ ਤੋਂ ਵੱਡੇ ਕਲਾਕਾਰਾਂ ਨਾਲ ਕੰਮ ਕਰਨਾ ਕਿੰਨਾ ਕੁ ਸਹਿਜ ਲੱਗਦਾ ਹੈ?
– ਮੈਂ ਇੱਕ ਕਲਾਕਾਰ ਹਾਂ। ਸ਼ੂਟਿੰਗ ਦੌਰਾਨ ਕੈਮਰੇ ਅੱਗੇ ਮੈਨੂੰ ਹਰ ਕਲਾਕਾਰ ਇੱਕ ਕਿਰਦਾਰ ਦੇ ਰੂਪ ‘ਚ ਨਜ਼ਰ ਆਉਂਦਾ ਹੈ।
ਆਪਣੇ ਸ਼ੌਂਕਾਂ ਬਾਰੇ ਦੱਸੋ?
– ਮੈਨੂੰ ਪੇਂਟਿੰਗਜ਼ ਬਣਾਉਣ ਦਾ ਸ਼ੌਂਕ ਹੈ। ਪੇਂਟਿੰਗਜ਼ ਤੋਂ ਜ਼ਿਆਦਾ ਪੈਨਸਿਲ ਸਕੈੱਚ ਬਣਾਉਣਾ ਪਸੰਦ ਹੈ ਪਰ ਮੈਂ ਹਮੇਸ਼ਾਂ ਔਰਤਾਂ ਦੇ ਚਿੱਤਰ ਬਣਾਉਂਦੀ ਹੈ ਖ਼ਾਸ ਤੌਰ ‘ਤੇ ਡਾਂਸਰਾਂ ਦੇ।
ਆਪਣੀਆਂ ਹਮਉਮਰ ਨਾਇੱਕਾਵਾਂ ਨੂੰ ਆਪਣੇ ਮੁਕਾਬਲੇ ਕਿਵੇਂ ਲੈਂਦੇ ਹੋ?
– ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ। ਮੈਂ ਮੁਕਾਬਲੇ ਬਾਰੇ ਸੋਚਦੀ ਹੀ ਨਹੀਂ। ਮੇਰਾ ਮੰਨਣਾ ਹੈ ਕਿ ਹਰ ਅਦਾਕਾਰਾ ‘ਚ ਆਪਣੇ ਆਪ ਵਿੱਚ ਖ਼ਾਸ ਹੈ। ਹਰ ਅਦਾਕਾਰਾ ਇੱਕੋ ਜਿਹਾ ਕਿਰਦਾਰ ਨਹੀਂ ਨਿਭਾ ਸਕਦੀ। ਆਲੀਆ ਤੇ ਸ਼੍ਰਧਾ ਦੇ ਮੁਕਾਬਲੇ ਮੈਂ ਖ਼ੁਦ ਨੂੰ ਉਮਰ ‘ਚ ਵੱਡੀ ਮੰਨਦੀ ਹਾਂ ਪਰ ਇਹ ਦੋਵੇਂ ਆਪਣੇ ਹਿਸਾਬ ਨਾਲ ਬਿਹਤਰੀਨ ਕੰਮ ਕਰ ਰਹੀਆਂ ਹਨ ਪਰ ਮੇਰਾ ਆਪਣਾ ਪੱਧਰ ਹੈ। ਮੈਂ ਓਹੀ ਕੰਮ ਕਰ ਸਕਦੀ ਹਾਂ ਜੋ ਮੈਨੂੰ ਪ੍ਰੇਰਿਤ ਕਰੇ।
ਕਿਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕਰਨਾ ਚਾਹੁੰਦੇ ਹੋ?
– ਕਿਸੇ ਇੱਕ ਦਾ ਨਾਮ ਨਹੀਂ ਲੈ ਸਕਦੀ। ਮੈਂ ਕਈ ਨਿਰਦੇਸ਼ਕਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਹੋਮੀ ਅਡਜਾਨੀਆ ਦਾ ਕੰਮ ਵੀ ਬਹੁਤ ਪਸੰਦ ਹੈ। ਅਨੁਰਾਸ ਬਾਸੂ ਨਾਲ ਵੀ ਕੰਮ ਕਰਨਾ ਚਾਹੁੰਦੀ ਹਾਂ। ਅਨੁਰਾਗ ਬਾਸੂ ਚਾਹੇ ਜਿਹੋ ਜਿਹੀ ਫ਼ਿਲਮ ਦੀ ਪੇਸ਼ਕਸ਼ ਕਰੇ, ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ।
ਤੁਸੀਂ ਕ੍ਰਿਕਟਰ ਧੋਨੀ ਦੀ ਬਾਇਓਪਿਕ ‘ਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ
– ਸੱਚ ਕਹਾਂ ਤਾਂ ਇਸ ਫ਼ਿਲਮ ਨੂੰ ਲੈ ਕੇ ਸਾਡੀ ਜ਼ਿਆਦਾ ਗੱਲਬਾਤ ਨਹੀਂ ਹੋਈ ਸੀ। ਸਿਰਫ਼ ਇੱਕ ਛੋਟੀ ਜਿਹੀ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ। ਮੈਂ ਮੰਨਦੀ ਹਾਂ ਕਿ ਜੋ ਕੁਝ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ।
ਦੱਖਣ ਭਾਰਤ ਤੇ ਬੌਲੀਵੁੱਡ ‘ਚ ਕੀ ਫ਼ਰਕ ਲੱਗਿਆ?
– ਦੱਖਣ ਭਾਰਤ ‘ਚ ਮੈਂ ਸਿਰਫ਼ ਸ਼ੂਟਿੰਗ ਕਰਦੀ ਸੀ। ਉੱਥੇ ਮੈਂ ਡਬਿੰਗ ਨਹੀਂ ਕਰਦੀ ਸੀ। ਇੱਥੋ ਸਾਨੂੰ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਡਬਿੰਗ ਵੀ ਕਰਨੀ ਪੈਂਦੀ ਹੈ। ਡਬਿੰਗ ਦਾ ਅਰਥ ਹੁੰਦਾ ਹੈ ਫ਼ਿਲਮ ਨੂੰ ਫ਼ਿਰ ਤੋਂ ਕਰਨਾ। ਉੱਥੇ ਪ੍ਰੋਮੋਸ਼ਨ ਦਾ ਕੰਮ ਵੀ ਨਹੀਂ ਸੀ ਤਾਂ ਮੇਰੀ ਸ਼ਮੂਲੀਅਤ ਘੱਟ ਹੁੰਦੀ ਸੀ। ਬੌਲੀਵੁੱਡ ‘ਚ ਰਿਹਰਸਲ ਵੀ ਬਹੁਤ ਹੁੰਦੀ ਹੈ। ਬੌਲੀਵੁੱਡ ‘ਚ ਕੰਮ ਕਰਨ ਦਾ ਅਨੁਭਵ ਇੱਕ ਤਰ੍ਹਾਂ ਬਿਲਕੁਲ ਵੱਖਰਾ ਹੈ। ਮੈਂ ਇਹ ਨਹੀਂ ਜਾਣਦੀ ਸੀ ਕਿ ਡਬਿੰਗ ਵੀ ਅਦਾਕਾਰੀ ‘ਚ ਮਦਦਗਾਰ ਹੁੰਦੀ ਹੈ।
ਪ੍ਰਿਅੰਕਾ ਚੋਪੜਾ ਨਾਲ ਤੁਹਾਡੇ ਕਿਹੋ ਜਿਹੇ ਸਬੰਧ ਹਨ?
– ਬਹੁਤ ਵਧੀਆ, ਮੈਂ ਹੁਣ ਤਕ ਜਿੰਨੇ ਲੋਕਾਂ ਨੂੰ ਮਿਲੀ ਹਾਂ, ਪ੍ਰਿਅੰਕਾ ਸਭ ਤੋਂ ਜ਼ਿਆਦਾ ਵਧੀਆ ਅਦਾਕਾਰਾ ਹੈ। ਉਹ ਬਹੁਤ ਮਿਹਨਤ ਕਰਦੀ ਹੈ। 24 ਘੰਟੇ ਕੰਮ ਕਰਦੀ ਹੈ। ਅਜਿਹਾ ਨਹੀਂ ਹੈ ਕਿ ਦੋ ਨਾਇੱਕਾਵਾਂ ਦੋਸਤ ਨਹੀਂ ਹੋ ਸਕਦੀਆਂ, ਅਸੀਂ ਸਭ ਆਪਣੇ-ਆਪਣੇ ਕੰਮਾਂ ‘ਚ ਰੁੱਝੀਆ ਰਹਿੰਦੀਆਂ ਹਾਂ। ਮੈਂ ਨਰਗਿਸ ਫ਼ਾਖਰੀ ਨਾਲ ਵੀ ਚੰਗਾ ਸਮਾਂ ਬਿਤਾਇਆ ਹੈ।
ਤੁਸੀਂ ਵੀ ਹੌਲੀਵੁੱਡ ਫ਼ਿਲਮ ਕਰ ਰਹੇ ਹੋ?
– ਜਦੋਂ ਮੈਨੂੰ ਐਕਸ਼ਨ ਹੀਰੋ ਜੈਕੀ ਚੇਨ ਨਾਲ ਕੰਮ ਕਰਨ ਦੀ ਪੇਸ਼ਕਸ਼ ਹੋਈ ਤਾਂ ਨਾਂਹ ਕਰਨ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ। ਮੈਂ ਜੈਕੀ ਚੇਨ ਨਾਲ ਜੋ ਫ਼ਿਲਮ ਕਰ ਰਹੀ ਹਾਂ, ਉਸ ਦਾ ਨਾਮ ਹੈ ‘ਕੁੰਗ ਫ਼ੂ ਯੋਗਾ’, ਇਸ ਦੇ ਨਿਰਦੇਸ਼ਕ ਸਟੇਨਲੇ ਟੋਂਗ ਹਨ। ਮੇਰੇ ਤੋਂ ਇਲਾਵਾ ਸੋਨੂ ਸੂਦ ਵੀ ਇਸ ਫ਼ਿਲਮ ‘ਚ ਕੰਮ ਕਰ ਰਹੇ ਹਨ। ਉਹ ਖਲਨਾਇੱਕ ਦੀ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਦੁਬਈ ‘ਚ ਹੋ ਰਹੀ ਹੈ। ਇਸ ਫ਼ਿਲਮ ‘ਚ ਮੇਰਾ ਕਾਫ਼ੀ ਅਹਿਮ ਕਿਰਦਾਰ ਹੈ। ਮੈਂ ਇਸ ਫ਼ਿਲਮ ‘ਚ ਐਕਸ਼ਨ ਕਰਦੀ ਵੀ ਨਜ਼ਰ ਆਵਾਂਗੀ।
ਬੌਲੀਵੁੱਡ ‘ਚ ਡਾਂਸ ‘ਚ ਨਿਪੁੰਨ ਨਾਇੱਕਾਵਾਂ ਦੀ ਚੰਗੀ ਵੁੱਕਤ ਹੈ। ਤੁਸੀਂ ਕਿਹੋ ਜਿਹੇ ਡਾਂਸਰ ਹੋ?
– ਮੈਂ ਖ਼ੁਦ ਨੂੰ ਬਕਵਾਸ ਡਾਂਸਰ ਮੰਨਦੀ ਹਾਂ। ਇਸ ਲਈ ਤਾਂ ਪਰਦੇ ‘ਤੇ ਡਾਂਸ ਕਰਨ ਦਾ ਨਾਮ ਲੈਣ ‘ਤੇ ਹੀ ਬੇਹੋਸ਼ ਹੋਣ ਵਾਲੀ ਹਾਲਤ ਹੋ ਜਾਂਦੀ ਹੈ। ਮੈਂ ਪਰਪੱਕ ਡਾਂਸਰ ਨਹੀਂ ਹਾਂ ਪਰ ਜੇ ਤਣਾਓ ‘ਚ ਨਾ ਹੋਵਾਂ ਤਾਂ ਚੰਗਾ ਡਾਂਸ ਕਰ ਲੈਂਦੀ ਹਾਂ।
ਕੀ ਤੁਸੀਂ ਇਹ ਮੰਨਦੇ ਹੋ ਕਿ ਬੌਲੀਵੁੱਡ ਅਦਾਕਾਰਾ ਲਈ ਅਦਾਕਾਰੀ ਦੇ ਨਾਲ ਗਲੈਮਰਸ ਦਿਸਣਾ ਵੀ ਜ਼ਰੂਰੀ ਹੁੰਦਾ ਹੈ?
– ਬਿਲਕੁਲ, ਬੌਲੀਵੁੱਡ ‘ਚ ਕੰਮ ਕਰਨ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਇੱਥੇ ਇੱਕ ਅਦਾਕਾਰਾ ਹੋਣ ਦੇ ਨਾਤੇ ਮੇਰੇ ‘ਤੇ ਹਮੇਸ਼ਾਂ ਸੋਹਣਾ ਦਿਸਣ ਦਾ ਦਬਾਅ ਰਿਹਾ ਹੈ।

LEAVE A REPLY