3ਅੰਮ੍ਰਿਤਸਰ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਭਾਰਤ  ਸਰਕਾਰ ਸਰਹੱਦ ਪਾਰੋਂ ਸ਼ਹਿ ਪ੍ਰਾਪਤ ਨਾਰਕੋ ਅਤਿਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ ਅਤੇ ਵਿਰੋਧੀਆਂ ਵਲੋਂ ਦੇਸ਼ ਵਿਚ ਗੜਬੜੀ ਫੈਲਾਉਣ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਅੱਜ ਇਥੇ ਅਟਾਰੀ ਵਾਹਗਾ ਸਰਹੱਦ ‘ਤੇ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਨ ਸਬੰਧੀ ਕਰਵਾਏ ਸਮਾਗਮ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਲੜਾਈ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਸਰਹੱਦ ਪਾਰੋਂ ਭੇਜੇ ਗਏ ਨਸ਼ੀਲੇ ਪਦਾਰਥਾਂ ਦੀ ਰਿਕਾਰਡ ਬਰਾਮਦਗੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬੱਲ ਅਤੇ ਪੰਜਾਬ ਪੁਲਿਸ ਵਲੋਂ ਨਸ਼ਾ ਤਸ਼ਕਰਾਂ ਦੇ ਅਨੇਕਾਂ ਗਿਰੋਹਾਂ ਦਾ ਪਰਦਾਫਾਸ਼ ਕਰਕੇ ਨਸ਼ੀਲੇ ਪਦਾਰਥਾਂ ਦਾ ਅਤਿਵਾਦ ਫੈਲਾਉਣ ਦੀ ਤਾਕ ਵਿਚ ਲੱਗੀਆਂ ਤਾਕਤਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ।
ਰੱਖੜੀ ਮੌਕੇ ਸਰਹੱਦ ‘ਤੇ ਜਵਾਨਾਂ ਨੂੰ ਵਧਾਈ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਜਵਾਨਾਂ ਦਾ ਹਮੇਸ਼ਾਂ ਰਿਣੀ ਰਹੇਗਾ ਕਿਉਂਕਿ ਉਹ ਬਹੁਤ ਹੀ ਅਣਸੁਖਾਵੇਂ ਹਲਾਤਾਂ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰਾਂ ਅਤੇ ਸੱਕੇ ਸੁਨੇਹੀਆਂ ਤੋਂ ਵੀ ਦੂਰ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਹੱਦਾਂ ‘ਤੇ ਤਾਇਨਾਤ ਜਵਾਨਾਂ ਵਲੋਂ ਦੇਸ਼ ਦੀਆਂ ਸਾਰੀਆਂ ਭੈਣਾਂ ਨੂੰ ਸਰਹੱਦਾਂ ਦੀ ਰਾਖੀ ਕਰਕੇ ਪ੍ਰਦਾਨ ਕੀਤਾ ਅਮਨ ਅਤੇ ਚੈਨ ਸਭ ਤੋਂ ਵੱਡਾ ਤੋਹਫ਼ਾ ਹੈ ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਤਾਇਨਾਤ ਜਵਾਨਾਂ ਦੀ ਹੌਸਲਾ ਅਫ਼ਜਾਈ ਲਈ ਗੁਆਂਢੀ ਦੇਸ਼ਾਂ ਨਾਲ ਲੱਗਦੀਆਂ ਸਰਹੱਦਾਂ ‘ਤੇ ਰੱਖੜੀ ਮੌਕੇ ਸਮਾਗਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੱਖੜੀ ਮੌਕੇ ਸੁਰੱਖਿਆ ਜਵਾਨਾਂ ਨੂੰ ਰੱਖੜੀ ਬੰਨਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਰੱਖੜੀ ਕੇਵਲ ਮੇਰੇ ਵਲੋਂ ਨਹੀਂ ਸਗੋਂ ਦੇਸ਼ ਦੀਆਂ ਲੱਖਾਂ ਭੈਣਾਂ ਦੀ ਤਰਫ਼ੋਂ ਹੈ ਜੋ ਕਿ ਅੱਜ ਅਪਣੇ ਭਰਾਵਾਂ ਤੋਂ ਦੂਰ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਵਲੋਂ ਇਹ ਰੱਖੜੀਆਂ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਮੰਗਵਾਈਆਂ ਗਈਆਂ ਸਨ ਜੋ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਵਿੱਢੀ ਮੁਹਿੰਮ ‘ ਬੇਟੀ ਬਚਾਓ,ਬੇਟੀ ਪੜ੍ਹਾਓ’ ਵਿਸ਼ੇ ‘ਤੇ ਤਿਆਰ ਕੀਤੀਆਂ ਗਈਆਂ ਸਨ।
ਇਸ ਤੋਂ ਪਹਿਲਾਂ ਸ੍ਰੀਮਤੀ ਬਾਦਲ ਵਲੋਂ ਬੀ.ਐਸ.ਐਫ. ਦੇ ਸੈਕਟਰ ਹੈਡਕੁਆਰਟਰ ਦੇ ਡੀ.ਆਈ.ਜੀ ਜੇ.ਐਸ.ਓਬਰਾਏ , 88 ਬਟਾਲੀਅਨ ਦੇ ਕਮਾਂਡੈਂਟ ਸ੍ਰੀ ਸੁਦੀਪ ਅਤੇ ਹੋਰ ਜਵਾਨਾਂ ਨੂੰ ਰੱਖੜੀਆਂ ਬੰਨੀਆਂ ਗਈਆਂ ਅਤੇ ਉਨ੍ਹਾਂ ਨਾਲ ਮਠਿਆਈ ਵੀ ਸਾਂਝੀ ਕੀਤੀ। ਇਸ ਮੌਕੇ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਵਿਚ ਦੇਸ਼ ਦੀ ਰਾਖੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸਰਧਾਂਜ਼ਲੀ ਦੇਂਦਿਆਂ ਕੇਂਦਰੀ ਮੰਤਰੀ ਵਲੋਂ ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ ਗੀਤ ‘ ਐੇ ਮੇਰੇ ਵਤਨ ਕੇ ਲੋਗੋ ‘ ਵੀ ਗਾਇਆ ਗਿਆ । ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੀਮਾ ਸੁਰੱਖਿਆ ਬੱਲ ਦੇ ਜਵਾਨਾਂ ਦੇ ਮਨੋਰੰਜਨ ਲਈ ਗਿੱਧਾ, ਭੰਗੜਾ ਅਤੇ ਲੋਕ ਗੀਤ ਪੇਸ਼ ਕੀਤੇ ਗਏ।

LEAVE A REPLY