5ਪਟਿਆਲਾ: ਕੀ ਅਕਾਲੀ ਦਲ ਵਿੱਚ ਰਵਾਇਤੀ ਅਕਾਲੀ ਆਗੂਆਂ ਦੇ ਦਿਨ ਪੂਰੇ ਹੋ ਚੁੱਕੇ ਹਨ। ਇਸ ਸਵਾਲ ਚੁੱਕਿਆ ਹੈ ਹਰਮੇਲ ਸਿੰਘ ਟੌਹੜਾ ਨੇ। ਅਕਾਲੀ ਦਲ ਤੋਂ ਦਰ ਕਿਨਾਰੇ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਚੁੱਪ ਰਹੇ ਹਰਮੇਲ ਟੌਹੜਾ ਨੇ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਪ੍ਰਧਾਨ ਨਾਲ ਹੋਈ ਮੁਲਾਕਾਤ ਦਾ ਹਵਾਲਾ ਦਿੰਦੇ ਹੋਏ ਹਰਮੇਲ ਸਿੰਘ ਟੌਹੜਾ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਪਸ਼ਟ ਆਖ ਦਿੱਤਾ ਕਿ ਤੁਹਾਡੇ ਕੋਲ ਪੈਸੇ ਨਹੀਂ, ਇਸ ਕਰਕੇ ਪਾਰਟੀ ਟਿਕਟ ਨਹੀਂ ਦੇ ਸਕਦੀ। ਪਾਰਟੀ ਵਿੱਚ ਲਗਾਤਾਰ ਹੋ ਰਹੀ ਅਣਦੇਖੀ ਦੇ ਚੱਲਦੇ ਹੋਏ ਹੁਣ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਹੁਣ ਤੱਕ ਚੁੱਪ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਖਿਆ ਕਿ ਅਕਾਲੀ ਦਲ ਸਾਫ ਸੁਥਰੇ ਅਕਸ ਵਾਲੇ ਆਗੂਆਂ ਨੂੰ ਪਸੰਦ ਨਹੀਂ ਕਰਦੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦਾ ਹੁਣ ਰਿਵਾਜ਼ ਬਣ ਚੁੱਕਿਆ ਕਿ ਪਹਿਲਾਂ ਲੋਕਾਂ ਨੂੰ ਲੁੱਟੋ ਤੇ ਫਿਰ ਚੋਣਾਂ ਦੌਰਾਨ ਇਹੀ ਪੈਸਾ ਵੋਟਾਂ ਲਈ ਲੋਕਾਂ ਵਿੱਚ ਵੰਡਿਆ ਜਾਵੇ। ਉਨ੍ਹਾਂ ਆਖਿਆ ਕਿ ਇਸ ਵਾਰ ਪੰਜਾਬ ਦੇ ਲੋਕ ਅਕਾਲੀ ਦਲ ਤੇ ਸੁਖਬੀਰ ਬਾਦਲ ਦੇ ਪੈਸੇ ਦੇ ਘੁਮੰਡ ਨੂੰ ਤੋੜ ਦੇਣਗੇ।
ਉਨ੍ਹਾਂ ਆਖਿਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਸਾਰੀ ਉਮਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਲਾਈ ਪਰ ਹੁਣ ਇਸੇ ਪਰਿਵਾਰ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ ਹੈ। ਇਸੇ ਦੌਰਾਨ ਪਟਿਆਲਾ ਦੇਹਾਤੀ ਤੋਂ ਪੰਜਾਬ ਪੁਲਿਸ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੇ ਬੇਟੇ ਸਤਵੀਰ ਸਿੰਘ ਖੱਟੜਾ ਦੇ ਮੁੱਦੇ ਉੱਤੇ ਬੋਲਦਿਆਂ ਹਰਮੇਲ ਟੌਹੜਾ ਨੇ ਆਖਿਆ ਕਿ ਪੁਲਿਸ ਵਰਦੀ ਦੀ ਆੜ ਵਿੱਚ ਖੱਟੜਾ ਪਰਿਵਾਰ ਨੇ ਜੋ ਗ਼ਲਤ ਕੰਮ ਕੀਤੇ ਹਨ, ਉਨ੍ਹਾਂ ਦਾ ਪੂਰਾ ਵੇਰਵਾ ਉਨ੍ਹਾਂ ਦੇ ਕੋਲ ਹੈ ਤੇ ਛੇਤੀ ਹੀ ਉਹ ਇਸ ਦਾ ਖ਼ੁਲਾਸਾ ਕਰਨਗੇ। ਯਾਦ ਰਹੇ ਕਿ ਹਰਮੇਲ ਸਿੰਘ ਟੌਹੜਾ ਨੂੰ ਹਟਾ ਕੇ ਪਟਿਆਲਾ ਦੇਹਾਤੀ ਦਾ ਇੰਚਾਰਜ ਸਤਵੀਰ ਸਿੰਘ ਖੱਟੜਾ ਨੂੰ ਲਾਇਆ ਗਿਆ ਹੈ।

LEAVE A REPLY