3ਐਸ.ਏ.ਐਸ. ਨਗਰ  : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ ਵਲੋਂ ਅੱਜ ਸਥਾਨਕ ਸਥਿਤ ਮੁੱਖ ਦਫਤਰ ਵਿਖੇ, ਸਾਉਣੀ ਸੀਜਨ 2016 ਦੇ ਸੀਜਨਲ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਹੋਈ  ਮੀਟਿੰਗ ਦੌਰਾਨ ਹਦਾਇਤ ਕੀਤੀ ਕਿ  153 ਮਾਰਕੀਟ ਕਮੇਟੀਆਂ  ਵਲੋਂ ਮੁੱਖ- ਯਾਰਡਾਂ, ਸਬ-ਯਾਰਡਾਂ ਤੋਂ ਇਲਾਵਾ ਖ੍ਰੀਦ ਕੇਂਦਰਾਂ ਵਿਖੇ ਝੋਨੇ ਦੀ ਖ੍ਰੀਦ ਲਈ  ਸਾਰੇ  ਪ੍ਰਬੰਧ  ਮੁਕੰਮਲ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਂਦੇ ਸੀਜਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਕੋਈ ਔਂਕੜ ਪੇਸ਼ ਨਾ ਆਉਣ ਦਿੱਤੀ ਜਾਵੇ। ਉਹਨਾ ਕਿਹਾ ਕਿ ਕਿਸਾਨਾਂ ਦੀ ਸਹੁਲਤ ਲਈ  ਮੰਡੀਆਂ ਦੀ ਸਫਾਈ ਤੋਂ ਇਲਾਵਾ ਇਨ੍ਹਾਂ ਵਿੱਚ ਛਾਂ, ਪਾਣੀ, ਜਗ੍ਹਾ, ਅਤੇ ਰੋਸ਼ਨੀ ਆਦਿ ਦੇ ਯੋਗ ਪ੍ਰਬੰਧ ਕੀਤੇ ਜਾਣ।
ਸ੍ਰ: ਲੱਖੋਵਾਲ  ਨੇ  ਫੀਲਡ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ  ਕਿ ਉਹ ਕਿਸਾਨਾਂ ਦੀ ਜਿਣਸ ਨੂੰ ਮੀਂਹ ਆਦਿ ਤੋਂ ਬਚਾਉਣ ਲਈ ਆੜ੍ਹਤੀਆਂ ਪਾਸ ਤਰਪਾਲਾਂ ਚੈੱਕ ਕੀਤੀਆਂ ਜਾਣ।  ਜੇਕਰ ਕਿਸੇ ਆੜ੍ਹਤੀ ਦੀ ਦੁਕਾਨ ਤੇ ਜ਼ਿਮੀਦਾਰ ਦੀ ਜਿਨਸ ਦੀ ਢੇਰੀ ਗਿੱਲੀ ਹੁੰਦੀ ਹੈ ਤਾਂ ਉਸ ਆੜ੍ਹਤੀ ਵਿਰੁੱਧ ਨਿਯਮਾਂ ਅਨੁਸਾਰ  ਕਾਰਵਾਈ ਕੀਤੀ ਜਾਵੇ।  ਸ੍ਰ: ਲੱਖੋਵਾਲ ਨੇ ਅੱਗੇ ਕਿਹਾ ਕਿ ਕਿਸਾਨਾਂ ਦੀ ਜਿਣਸ ਨੂੰ ਮੰਡੀਆਂ ਵਿੱਚ ਰੁੱਲਣ ਨਹੀ ਦਿੱਤਾ ਜਾਵੇਗਾ। ਕਿਸਾਨਾ ਨੂੰ ਉਹਨਾਂ ਦੀ ਜਿਣਸ ਦਾ ਪੂਰਾ ਮੁੱਲ ਮਿਲੇਗਾ। ਕਿਸਾਨਾਂ ਦੀ ਸਹੂਲਤ ਲਈ ਮੰਡੀ ਵਿੱਚ ਬੋਲੀ ਹਰ ਰੋਜ ਸਵੇਰੇ 11 ਵਜੇ ਸੁਰੂ ਹੋਵੇਗੀ।  ਵੱਡੀਆਂ ਮੰਡੀਆਂ ਵਿੱਚ ਬੋਲੀ ਦੋ ਥਾਵਾਂ ਤੇ ਜਾਂ ਲੋੜ ਮੁਤਾਬਿਕ ਇਸ ਤੋਂ ਵੀ ਵੱਧ ਥਾਂਵਾ ਤੇ ਸ਼ੁਰੂ ਕੀਤੀ ਜਾਵੇਗੀ।  ਸੀਜ਼ਨ ਖਤਮ ਹੋਣ ਤੱਕ ਮੰਡੀਆਂ ਵਿੱਚ ਜ਼ੀਰੀ  ਦੀ ਬੋਲੀ ਲਗਾਤਾਰ ਹੋਵੇਗੀ। ਇੱਥੋ  ਤੱਕ ਕਿ ਛੁੱਟੀਆਂ ਵਾਲੇ ਦਿਨ ਵੀ ਮੰਡੀਆਂ ਖੁੱਲੀਆਂ ਰਹਿਣਗੀਆਂ । ਸਰਕਾਰੀ ਛੁੱਟੀਆਂ ਦੌਰਾਨ ਮਾਰਕੀਟ ਕਮੇਟੀਆਂ ਦੇ ਕਰਮਚਾਰੀ ਡਿਊੁਟੀ ‘ਤੇ ਹਾਜ਼ਰ ਰਹਿਣਗੇ।   ਜੇਕਰ ਕਿਸੇ ਜ਼ਿਮੀਦਾਰ ਦੀ ਜਿਣਸ ਦਾ ਤੋਲ ਵੱਧ ਪਾਇਆ ਗਿਆ ਤਾਂ ਸਬੰਧਤ ਆੜ੍ਹਤੀ ਅਤੇ ਤੋਲੇ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰ. ਲੱਖੋਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਫੜਾਂ ਦੀ ਸਫਾਈ ਵੱਲ ਵਿਸ਼ੇਸ਼  ਧਿਆਨ ਦਿੱਤਾ ਜਾਵੇ ਤਾਂ ਕਿ  ਜ਼ਿਮੀਦਾਰ ਨੂੰ ਆਪਣੀ ਜਿਣਸ ਢੇਰੀ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।  ਉਹਨਾਂ ਮੰਡੀਆਂ ਵਿੱਚ ਆਈ ਜ਼ੀਰੀ ਦੀ ਸਹੀ ਰਿਕਾਰਡਿੰਗ ਲਈ ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਜਿਹੜੀ ਜਿਣਸ ਮੰਡੀ ਵਿਚੋਂ ਬਾਹਰ ਜਾਂਦੀ ਹੈ, ਉਸ ਦਾ ਇੰਦਰਾਜ ਗੇਟ ਰਜਿਸਟਰ ਵਿੱਚ ਜ਼ਰੂਰ ਦਰਜ ਕਰਵਾਇਆ ਜਾਵੇ। ਸੀਜ਼ਨ ਦੌਰਾਨ ਡਿਉੂਟੀ ‘ਤੇ ਤਾਇਨਾਤ ਸਟਾਫ ਵਲੋਂ ਪੁਰੀ ਨਿਗਰਾਨੀ ਰੱਖੀ ਜਾਵੇ। ਉਹਨਾਂ ਕਿਹਾ ਕਿ ਮੰਡੀਆਂ  ਵਿੱਚ  ਮਾਰਕੀਟ ਫੀਸ ਦੀ ਚੋਰੀ ਕਰਦਾ ਮਾਰਕੀਟ  ਕਮੇਟੀ ਦਾ ਕੋਈ ਵੀ ਕਰਮਚਾਰੀ/ਆੜ੍ਹਤੀ ਫੜਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਹੋਵੇਗੀ।
ਸ੍ਰ: ਲੱਖੋਵਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ  ਜ਼ੀਰੀ  ਸੁਕਾ ਕੇ ਅਤੇ ਸਾਫ ਕਰਕੇ ਘਰਂੋ ਹੀ ਲੈ ਕੇ ਆਉਣ ਤਾਂ ਜੋ ਉਹਨਾ ਨੂੰ ਮੰਡੀਆਂ ਵਿੱਚ ਜਿਣਸ ਵੇਚਣ ਲਈ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਏ। ਉਹਨਾਂ ਕਿਹਾ ਕਿ  ਕਿਸਾਨ  ਆਪਣੀ ਜਿਣਸ ਨਿਯਮਤ ਮੰਡੀਆਂ ਵਿੱਚ ਹੀ ਵੇਚਣ ਤਾਂ ਕਿ ਉਹਨਾਂ ਨੂੰ ਆਪਣੀ ਜਿਣਸ ਦਾ ਸਹੀ ਮੁੱਲ ਮਿਲ ਸਕੇ। ਜਿਣਸ ਵੇਚਣ ਤਂੋ ਬਾਅਦ ਆੜ੍ਹਤੀ ਪਾਸੋਂ ‘ਜੇ’ ਫਾਰਮ ਜਰੂਰ ਪ੍ਰਾਪਤ ਕੀਤਾ ਜਾਵੇ।
ਸ੍ਰ. ਲੱਖੋਵਾਲ ਨੇ ਕਿਹਾ ਕਿ ਮਾਰਕੀਟ ਫੀਸ ਦੀ ਚੋਰੀ ਨੂੰ ਰੋਕਣ ਲਈ ਮੰਡੀ ਬੋਰਡ ਵਲੋਂ ਉੱਡਣ ਦਸਤਿਆਂ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਲਗਾਤਾਰ  ਮੰਡੀਆਂ ਵਿੱਚ ਚੈਕਿੰਗ ਕਰਦੇ ਰਹਿਣਗੇ।
ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰ. ਤੇਜਿੰਦਰਪਾਲ ਸਿੰਘ (ਆਈ. ਏ .ਐਸ.) ਨੇ ਵੀ ਮੰਡੀ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸੀਜ਼ਨ ਦੌਰਾਨ ਤਨ- ਦੇਹੀ ਨਾਲ ਕੰਮ ਕਰਨ ਲਈ ਕਿਹਾ,  ਉਹਨਾਂ ਕਿਹਾ ਕਿ ਜਿਹੜਾ ਅਧਿਕਾਰੀ/ ਕਰਮਚਾਰੀ ਜਿਮੇਵਾਰੀ ਨਾਲ ਕੰਮ ਨਹੀ ਕਰੇਗਾ ਉਸ ਵਿਰੁੱਧ ਨਿਯਮਾਂ ਅਧੀਨ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ/ ਕਰਮਚਾਰੀ ਸੀਜ਼ਨ ਦੌਰਾਨ ਆਪਣੇ ਹੈਡ ਕੁਆਟਰਾਂ ਤੇ ਹਾਜਰ ਰਹਿਣ।
ਇਸ ਮੀਟਿੰਗ ਵਿੱਚ ਪੰਜਾਬ ਰਾਜ ਦੇ ਸਮੂਹ ਜਿਲਾ ਮੰਡੀ ਅਫਸਰਾਂ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਉਪ -ਚੇਅਰਮੈਨ ਸ੍ਰ. ਰਵਿੰਦਰ ਸਿੰਘ ਚੀਮਾ , ਡਾ. ਸਿਕੰਦਰ ਸਿੰਘ  ਚੀਫ ਜਨਰਲ ਮੈਨੇਜਰ ਅਤੇ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਜਨਰਲ ਮੈਨੇਜਰ (ਇੰਨਫੋਰਸਮੈਂਟ) ਪੰਜਾਬ ਮੰਡੀ ਬੋਰਡ, ਸ੍ਰ. ਯੂ.ਡੀ.ਐਸ. ਘੁੰਮਣ ਚੀਫ ਜਨਰਲ ਮੈਨੇਜਰ ( ਵਿਤ ਤੇ ਲੇਖਾ ) ਅਤੇ ਸ੍ਰੀ ਸੁਭਾਸ ਮਹਾਜਨ ਮੁੱਖ ਇੰਜੀਨੀਅਰ  ਪੰਜਾਬ ਮੰਡੀ ਬੋਰਡ  ਹਾਜ਼ਰ ਸਨ।

LEAVE A REPLY