00ਚੰਡੀਗੜ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਮੰਗ ਕੀਤੀ ਹੈ ਕਿ ਸਵ.ਰਾਜੀਵ ਗਾਂਧੀ ਨੂੰ ਦਿੱਤਾ ਗਿਆ ਭਾਰਤ ਰਤਨ ਐਵਾਰਡ ਵਾਪਸ ਲਿਆ ਜਾਵੇ।
ਇਥੋਂ ਜਾਰੀ ਇਕ ਬਿਆਨ ਵਿਚ ਸ. ਫੂਲਕਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਨੂੰ ਜਾਇਜ ਠਹਿਰਾਉਂਦਿਆਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਆਪਣੀ ਪਹਿਲੀ ਤਕਰੀਰ ਵਿਚ ਇਹ ਕਿਹਾ ਕਿ “ਜੱਦੋਂ ਕੋਈ ਵੱਡਾ ਦਰਖਤ ਹਿਲਦਾ ਹੈ ਤਾਂ ਧਰਤੀ ਹਿੱਲਦੀ ਹੈ”। ਉਹਨਾਂ ਕਿਹਾ ਕਿ ਇਹੋ ਜਿਹਾ ਪ੍ਰਧਾਨ ਮੰਤਰੀ ਭਾਰਤ ਰਤਨ ਦਾ ਹੱਕਦਾਰ ਨਹੀਂ ਹੋ ਸੱਕਦਾ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਏ ਜਾਣ ਦੀ ਮੰਗ ਕੀਤੀ ਸੀ। ਇਹ ਮੰਗ ਅਸੀਂ 19 ਨਵੰਬਰ 2015 ਨੂੰ ਰਾਜੀਵ ਗਾਂਧੀ ਦੀ ਉਸ ਤਕਰੀਰ ਦੀ ਅਸਲੀ ਵਿਡੀਉ ਜਾਰੀ ਕਰਦਿਆਂ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਇਹੋ ਜਿਹੇ ਸ਼ਰਮਨਾਕ ਸ਼ਬਦ ਵਰਤੇ ਸਨ।
ਉਹਨਾਂ ਕਿਹਾ ਕਿ ਕਾਂਗਰਸ ਨੇ ਇਹ ਸ਼ਰਮਨਾਕ ਬਿਆਨ ਫਿਰ ਆਪਣੇ ਪੱਛਮੀ ਬੰਗਾਲ ਕਾਂਗਰਸ ਦੇ ਟਵੀਟਰ ਤੇ ਵਰਤੇ ਹਨ। ਇਹ ਕਾਂਗਰਸ ਦੀ ਉਸ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ ਜਿਸ ਵਿੱਚ ਉਹ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਨੂੰ ਜਾਇਜ਼ ਠਹਿਰਾਉਂਦੀ ਹੈ ਅਤੇ ਸਮਾਜ ਵਿੱਚ ਵੰਡੀਆਂ ਪਾਉਂਦੀ ਹੈ।
ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਮੌਜੂਦਾ ਸਰਕਾਰ ਨੇ ਸਾਡੀ ਇਸ ਮੰਗ ਤੇ ਗੌਰ ਨਹੀਂ ਕੀਤੀ।ਅਸੀਂ ਇੱਕ ਵਾਰ ਫੇਰ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਏ ਜਾਣ ਦੀ ਮੰਗ ਕਰਦੇ ਹਾਂ।

LEAVE A REPLY