2ਨਵੀਂ ਦਿੱਲੀ /ਕੋਲਕਾਤਾ : ਪੱਛਮੀ ਬੰਗਾਲ ਕਾਂਗਰਸ ਨੇ ਅੱਜ ਰਾਜੀਵ ਗਾਂਧੀ ਦੀ ਜਯੰਤੀ ਮੌਕੇ ਰਾਜੀਵ ਗਾਂਧੀ ਦਾ ਉਹ ਵਿਵਾਦਿਤ ਬਿਆਨ ਟਵੀਟ ਕੀਤਾ ਹੈ, ਜੋ ਉਨ੍ਹਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਤਾ ਸੀ। ਰਾਜੀਵ ਗਾਂਧੀ ਨੇ ਕਿਹਾ ਸੀ ਕਿ ‘ਜਦੋਂ ਇੱਕ ਵੱਡਾ ਰੁੱਖ ਡਿਗਦਾ ਹੈ ਤਾਂ ਧਰਤੀ ਹਿੱਲਦੀ ਹੈ।’ਇਸ ਬਿਆਨ ਨੂੰ ਲੈ ਕੇ ਰਾਜੀਵ ਗਾਂਧੀ ਦੀ ਨਿਖੇਧੀ ਹੋਈ ਸੀ। ਇਸ ਨੂੰ ਲੈ ਕੇ ਇੱਕ ਵਾਰ ਫਿਰ ਰਾਜਨੀਤੀ ਗਰਮ ਹੋ ਗਈ ਹੈ।
ਇਹ ਟਵੀਟ ਪੱਛਮੀ ਬੰਗਾਲ ਕਾਂਗਰਸ ਦੇ ਅਧਿਕਾਰਤ ਟਵੀਟਰ ਹੈਂਡਲ ਤੇ ਕੀਤਾ ਗਿਆ ਹੈ। ਹਾਲਾਂਕਿ, ਵਿਵਾਦ ਤੋਂ ਬਾਅਦ ਕਾਂਗਰਸ ਨੇ ਇਹ ਟਵੀਟ ਹਟਾ ਦਿੱਤਾ ਹੈ। ਪਰ ਇਸ ਟਵੀਟ ਨਾਲ ਦਿੱਲੀ ਅਤੇ ਪੰਜਾਬ ਵਿੱਚ ਬਵਾਲ ਮੱਚ ਗਿਆ ਹੈ। ਵਿਰੋਧੀ ਧਿਰਾਂ ਨੇ ਇਸ ਟਵੀਟ ਨੂੰ ਮੁੱਦਾ ਬਣਾ ਲਿਆ ਹੈ। ਬੀਜੇਪੀ ਨੇ ਕਿਹਾ ਹੈ ਕਿ ਅਜਿਹੇ ਭੜਕਾਉਣ ਵਾਲੇ ਟਵੀਟ ਤੇ ਕਾਂਗਰਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਗੌਰਤਲਬ ਹੈ ਕਿ ਅੱਜ ਰਾਜੀਵ ਗਾਂਧੀ ਦੀ 72ਵੀਂ ਜਯੰਤੀ ਹੈ।
ਪੰਜਾਬ ਵਿੱਚ ਚੋਣਾਂ ਦਾ ਮਾਹੌਲ ਹੈ। ਕਾਂਗਰਸ ਇਸ ਵਾਰ ਸਰਕਾਰ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਨਾਲ ਉਨ੍ਹਾਂ ਨੂੰ ਟੱਕਰ ਮਿਲ ਸਕਦੀ ਹੈ। ਉੱਥੇ ਹੀ ਬੀਜੇਪੀ-ਅਕਾਲੀ ਦਲ ਵੀ ਦੁਬਾਰਾ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਪਰ ਇਸ ਦੌਰਾਨ ਕੋਲਕਾਤਾ ਕਾਂਗਰਸ ਦਾ ਇਹ ਟਵੀਟ ਪੰਜਾਬ ਵਿੱਚ ਕਾਂਗਰਸ ਤੇ ਭਾਰਾ ਪੈ ਸਕਦਾ ਹੈ। ਕਿਉਂਕਿ ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਇਸ ਟਵੀਟ ਨੇ ਪੰਜਾਬੀਆਂ ਦੇ 1984 ਦੇ ਜ਼ਖ਼ਮਾਂ ਨੂੰ ਤਾਜ਼ਾ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਨੂੰ 84 ਦਾ ਕੋਈ ਅਫ਼ਸੋਸ ਨਹੀਂ। ‘ਆਪ’ ਲੀਡਰ ਦੰਗਾ ਪੀੜਤਾਂ ਨੂੰ ਇਨਸਾਫ਼ ਦੀ ਲੜਾਈ ਲੜਨ ਵਾਲੇ ਐਚ.ਐਸ. ਫੂਲਕਾ ਦਾ ਕਹਿਣਾ ਹੈ ਕਿ ਉਸ ਹਿੰਸਾ ਨੂੰ ਲੈ ਕੇ ਕਾਂਗਰਸ ਦਾ ਅਸਲੀ ਚਿਹਰਾ ਆ ਹੀ ਹੈ। ਇਸ ਦੌਰਾਨ ਕਾਂਗਰਸ ਨੇ ਸਫ਼ਾਈ ਦਿੱਤੀ ਹੈ। ਕਾਂਗਰਸ ਲੀਡਰ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਹੈ ਕਿ 1984 ਦੰਗਿਆਂ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਤੋਂ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੱਕ ਮਾਫ਼ੀ ਮੰਗ ਚੁੱਕੇ ਹਨ। ਵਾਰ-ਵਾਰ ਮੁੱਦੇ ਨੂੰ ਲੈ ਕੇ ਰਾਜਨੀਤੀ ਕਰਨਾ ਠੀਕ ਨਹੀਂ ਹੈ।

LEAVE A REPLY