5ਲੰਡਨ  : ਭਾਰਤੀ ਖਾਸ ਕਰ ਕੇ ਪੰਜਾਬੀ ਜਿਹੜੇ ਵੀ ਦੇਸ਼ ‘ਚ ਜਾ ਕੇ ਵਸੇ ਹਨ, ਉਥੇ ਹੀ ਇਨ੍ਹਾਂ ਨੇ ਆਪਣੇ ਝੰਡੇ ਗੱਡੇ ਹਨ। ਯੂ. ਕੇ. ਵਿਚ ਰਹਿੰਦੇ ਭਾਰਤੀਆਂ ਤੇ ਵਿਸ਼ੇਸ਼ ਕਰ ਕੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਵਿਚ ਬੱਲੇ-ਬੱਲੇ ਕਰਵਾਈ ਹੈ ਪਰ ਰਾਜਨੀਤੀ ਦੇ ਖੇਤਰ ਵਿਚ ਇਹ ਪਾਕਿਸਤਾਨ ਤੇ ਦੂਸਰੇ ਮੁਲਕਾਂ ਦੇ ਮੁਕਾਬਲੇ ਕਾਫੀ ਪੱਛੜੇ ਹੋਏ ਹਨ। ਪੰਜਾਬੀਆਂ ਦੀ ਵਸੋਂ ਯੂ. ਕੇ. ਵਿਚ ਗੁਜਰਾਤੀਆਂ, ਤਾਮਿਲਾਂ ਤੇ ਹੋਰਨਾਂ ਨਾਲੋਂ ਭਾਵੇਂ ਕਿਤੇ ਵੱਧ ਹੈ, ਪਰ ਦੂਸਰੇ ਮੁਲਕਾਂ ਦੀ ਤਰ੍ਹਾਂ ਇਥੇ ਇਹ ਰਾਜਨੀਤੀ ਵਿਚ ਅੱਗੇ ਨਹੀਂ ਨਿਕਲ ਸਕੇ। ਆਬਾਦੀ ਦੇ ਹਿਸਾਬ ਨਾਲ ਇਹ ਇਸ ਖੇਤਰ ਵਿਚ ਕਾਫੀ ਪਿੱਛੇ ਹਨ। ਪੰਜਾਬੀਆਂ ਨੇ ਸਿੱਖਿਆ ਦੇ ਖੇਤਰ, ਵਪਾਰਕ ਅਤੇ ਹੋਰ ਬਿਜ਼ਨਸਾਂ ਵਿਚ ਕਾਫੀ ਨਾਮਣਾ ਖੱਟਿਆ ਹੈ।
ਯੂ. ਕੇ. ਦੀ ਪਾਰਲੀਮੈਂਟ ਦੇ 650 ਮੈਂਬਰ ਹਨ। ਇਸ ਪਾਰਲੀਮੈਂਟ ਵਿਚ ਅਜੇ ਤਕ ਕੋਈ ਵੀ ਪਗੜੀਧਾਰੀ ਸਿੱਖ ਨਹੀਂ ਪਹੁੰਚ ਸਕਿਆ ਜਦ ਕਿ ਕੈਨੇਡਾ ਵਰਗੇ ਮੁਲਕਾਂ ਵਿਚ ਪਗੜੀਧਾਰੀ ਸਿੱਖ ਕੇਂਦਰੀ ਵਜ਼ਾਰਤ ਵਿਚ ਵੀ ਚੰਗੇ ਰੁਤਬਿਆਂ ‘ਤੇ ਹਨ। ਇਥੇ ਰਹਿ ਰਹੇ ਪੰਜਾਬੀਆਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣਾ ਪਵੇਗਾ। ਇਥੇ ਰਹਿ ਰਹੇ ਪੰਜਾਬੀਆਂ ਨੂੰ ਅੱਗੇ ਵਧਣ ਲਈ ਰਾਜਨੀਤੀ ਵਿਚ ਪੂਰਾ ਸਮਾਂ ਲਾਉਣਾ ਪਵੇਗਾ ਤੇ ਪਾਰਟ ਟਾਈਮ ਰਾਜਨੀਤੀ ਕਰ ਕੇ ਹੁਣ ਕੰਮ ਨਹੀਂ ਚੱਲਣਾ। ਪੰਜਾਬੀ ਭਾਈਚਾਰਾ ਭਾਵੇਂ ਪਹਿਲਾਂ ਨਾਲੋਂ ਹੁਣ ਰਾਜਨੀਤੀ ਵਿਚ ਕੁਝ ਵਧੇਰੇ ਰੁਚੀ ਤਾਂ ਲੈਣ ਲੱਗ ਪਿਆ ਹੈ, ਪਰ ਫਿਰ ਵੀ ਉਹ ਆਪਣੇ ਬਿਜ਼ਨਸ ਤੇ ਹੋਰ ਵਪਾਰਕ ਕੰਮਾਂ ਵਿਚੋਂ ਨਹੀਂ ਨਿਕਲਦਾ ਤੇ ਉਸ ਦਾ ਮਕਸਦ ਸਿਰਫ ਤੇ ਸਿਰਫ ਪੈਸੇ ਕਮਾਉਣਾ ਹੀ ਹੋਇਆ ਪਿਆ ਹੈ। ਹੁਣ ਅਗਲੀ ਜਨਰੇਸ਼ਨ ਨੂੰ ਰਾਜਨੀਤੀ ‘ਤੇ ਆਪਣਾ ਧਿਆਨ ਕੇਂਦਰਿਤ ਕਰਨਾ ਪੈਣਾ ਹੈ।
ਇਥੇ ਰਾਜਨੀਤੀ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਵਰਿੰਦਰ ਸ਼ਰਮਾ ਐੱਮ. ਪੀ., ਸੀਮਾ ਮਲਹੋਤਰਾ ਐੱਮ. ਪੀ. ਤੇ ਅਲੋਕ ਸ਼ਰਮਾ ਐੱਮ. ਪੀ. ਤੋਂ ਪ੍ਰੇਰਣਾ ਲੈ ਕੇ ਪੰਜਾਬੀਆਂ ਨੂੰ ਇਸ ਖੇਤਰ ਵਿਚ ਮੱਲਾਂ ਮਾਰਨ ਲਈ ਕਦਮ ਚੁੱਕਣੇ ਪੈਣਗੇ। ਭਾਰਤੀ ਮੂਲ ਦੇ ਸੰਸਦ ਮੈਂਬਰਾਂ ਵਿਚ ਕੀਥ ਵਾਜ, ਵਾਲੇਰੀ ਵਾਜ, ਪ੍ਰੀਤੀ ਪਟੇਲ, ਸੈਲੇਸ਼ ਵਾਰਾ ਤੇ ਰਿਸ਼ੀ ਮੁਨਾਕ ਸ਼ਾਮਿਲ ਹਨ, ਉਥੇ ਪਾਕਿਸਤਾਨੀ ਮੂਲ ਦੇ ਐੱਮ. ਪੀਜ਼ ਵਿਚ ਖਾਲਿਦ ਮਹਿਮੂਦ, ਰਹਿਮਾਨ ਚਿਸ਼ਤੀ, ਸਾਜਿਦ ਜਾਵਿਦ, ਸ਼ੁਭਾਨਾ ਮਹਿਮੂਦ, ਲਿਜਾ, ਯਾਸਮਿਨ ਕੁਰੈਸ਼ੀ, ਨੁਸਰਤ ਘਾਨੀ, ਇਮਰਾਨ ਹੁਸੈਨ, ਨਾਜ਼ ਸ਼ਾਹ, ਰੋਸੇਨਾ ਖਾਨ, ਤਸਮੀਨਾ ਅਹਿਮਦ ਤੇ ਹੋਰ ਸ਼ਾਮਲ ਹਨ।
ਪੰਜਾਬੀਆਂ ਦੀ ਦਿਲਚਸਪੀ ਗੁਰਦੁਆਰਿਆਂ ਦੀ ਸਿਆਸਤ ‘ਚ
ਯੂ. ਕੇ. ਵਿਚ ਰਹਿ ਰਹੇ ਪੰਜਾਬੀਆਂ ਅਨੁਸਾਰ ਪੰਜਾਬੀਆਂ ਨੂੰ ਤਾਂ ਇਥੇ ਗੁਰਦੁਆਰਿਆਂ ਦੀ ਰਾਜਨੀਤੀ ਨੇ ਹੀ ਮਾਰ ਰੱਖਿਆ ਹੈ। ਇਕ ਦੂਜਾ ਧੜਾ ਗੁਰਦੁਆਰਿਆਂ ‘ਤੇ ਕਬਜ਼ੇ ਦੇ ਚੱਕਰਾਂ ਵਿਚ ਪਿਆ ਰਹਿੰਦਾ ਹੈ ਅਤੇ ਉਨ੍ਹਾਂ ਦਾ ਧਿਆਨ ਗੁਰਦੁਆਰਿਆਂ ਦੀ ਰਾਜਨੀਤੀ ਵਿਚੋਂ ਨਿਕਲਦਾ ਹੀ ਨਹੀਂ । ਇਸੇ ਤਰ੍ਹਾਂ ਹੀ ਇਥੇ ਰਹਿ ਰਹੇ ਹਿੰਦੂ ਮੰਦਰਾਂ ਦੀ ਲੜਾਈ ਵਿਚ ਪਏ ਹੋਏ ਹਨ ਅਤੇ ਦੇਸ਼ ਦੀ ਵੱਡੀ ਸਿਆਸਤ ਵੱਲ ਇਨ੍ਹਾਂ ਦਾ ਧਿਆਨ ਘੱਟ ਰਹਿੰਦਾ ਹੈ ਜਦ ਕਿ ਦੂਸਰੇ ਮੁਲਕਾਂ ਤੇ ਖਾਸ ਕਰ ਕੇ ਪਾਕਿਸਤਾਨੀ ਜਿਨ੍ਹਾਂ ਦੀ ਗਿਣਤੀ ਵੀ ਕਾਫੀ ਘੱਟ ਹੈ, ਦੇਸ਼ ਦੀ ਪਾਰਲੀਮੈਂਟ ਵਿਚ ਚੰਗੀ ਪ੍ਰਤੀਨਿਧਤਾ ਲਈ ਬੈਠੇ ਹਨ।

LEAVE A REPLY