4ਪਟਿਆਲਾ, : ਹੈਂਡਬਾਲ ਦੀ ਨੈਸ਼ਨਲ ਖਿਡਾਰਣ ਵੱਲੋਂ ਅੱਜ ਕੋਚ ਤੋਂ ਕਥਿਤ ਤੌਰ ‘ਤੇ ਤੰਗ ਆ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਖਿਡਾਰਣ ਵੱਲੋਂ ਆਤਮ ਹੱਤਿਆ ਕਾਰਨ ਖਿਡਾਰੀਆਂ ਵਿਚ ਸ਼ੋਕ ਦੀ ਲਹਿਰ ਦੌੜ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪੁੱਜ ਗਏ ਅਤੇ ਪੁਲਿਸ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਖਿਡਾਰਣ ਦੇ ਪਿਤਾ ਪ੍ਰਭੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਖੀ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਲੜਕੀ ਪੂਜਾ (20) ਜੋ ਹੈਂਡਬਾਲ ਦੀ ਖਿਡਾਰਣ ਸੀ, ਜਿਸ ਨੇ ਨੈਸ਼ਨਲ ਖੇਡਾਂ ਵਿਚ ਔਰੰਗਾਬਾਦ ਵਿਖੇ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਪ੍ਰਾਪਤ ਕੀਤਾ ਸੀ। ਉਨ੍ਹਾਂ ਖਾਲਸਾ ਕਾਲਜ ਦੇ ਇਕ ਕੋਚ ‘ਤੇ ਕਥਿਤ ਦੋਸ਼ ਲਗਾਏ ਹਨ ਕਿ ਕੋਚ ਨੇ ਲੜਕੀ ਦਾ ਦਾਖਲਾ ਕਰਾਉਣ ਲਈ ਉਸ ਤੋਂ ਪੈਸੇ ਵੀ ਲਏ ਸਨ ਅਤੇ ਉਸ ਨੂੰ ਹੋਸਟਲ ਦਿਵਾਉਣ ਦਾ ਵੀ ਝਾਂਸਾ ਦਿੱਤਾ ਸੀ, ਜਦਕਿ ਉਸ ਦੀ ਲੜਕੀ ਨੂੰ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਅੰਮ੍ਰਿਤਸਰ, ਹੁਸ਼ਿਆਰਪੁਰ ਦੇ ਕਾਲਜਾਂ ਵਾਲੇ ਵੀ ਦਾਖਲਾ ਦੇਣ ਲਈ ਉਤਾਵਲੇ ਸਨ ਅਤੇ ਉਸ ਨੂੰ ਹੋਸਟਲ ਦੀ ਸੁਵਿਧਾ ਦੇਣ ਲਈ ਵੀ ਕਹਿ ਰਹੇ ਸਨ, ਲੇਕਿਨ ਕੋਚ ਨੇ ਉਸ ਦੀ ਲੜਕੀ ਨੂੰ ਵਿਸ਼ਵਾਸ ਦਿਵਾਇਆ ਕਿ
ਉਹ ਉਸ ਦਾ ਦਾਖਲਾ ਕਰਵਾਏਗਾ, ਲੇਕਿਨ ਜਦੋਂ ਉਸ ਦੀ ਲੜਕੀ ਪੂਜਾ ਨੂੰ ਇਹ ਪਤਾ ਲੱਗਾ ਕਿ ਉਕਤ ਕੋਚ ਪੈਸੇ ਲੈ ਕੇ ਉਸ ਦਾ ਦਾਖਲਾ ਕਰਾਉਣ ਦੇ ਨਾਮ ‘ਤੇ ਉਸ ਨੂੰ ਚਕਮਾ ਦੇ ਰਿਹਾ ਹੈ ਤਾਂ ਉਹ ਇਹ ਗੱਲ ਸਹਿਣ ਨਾ ਕਰ ਸਕੀ। ਉਨ੍ਹਾਂ ਦੱਸਿਆ ਕਿ ਲੜਕੀ ਟੀ.ਵੀ ‘ਤੇ ਓਲੰਪਿਕ ਮੈਚ ਦੇਖ ਰਹੀ ਸੀ ਅਤੇ ਕਹਿ ਰਹੀ ਸੀ ਕਿ ਉਹ ਵੀ ਪੀ.ਵੀ.ਸਿੰਧੂ ਵਾਂਗ ਖੇਡਾਂ ਵਿਚ ਦੇਸ਼ ਦਾ ਨਾਮ ਰੋਸ਼ਨ
ਕਰੇਗੀ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸ ਦੀ ਮਾਂ ਖਾਣਾ ਬਨਾਉਣ ਲਗ ਪਏ ਤਾਂ ਬਾਅਦ ਵਿਚ ਉਨ੍ਹਾਂ ਦੇਖਿਆ ਕਿ ਲੜਕੀ ਨੇ ਕਮਰੇ ਵਿਚ ਜਾ ਕੇ ਪੱਖੇ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਜਦੋਂ ਇਸ ਸਬੰਧੀ ਥਾਣਾ ਡਵੀਜ਼ਨ ਨੰ: 2 ਦੇ ਏ.ਐਸ.ਆਈ ਰਣਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਪੂਜਾ ਨੇ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਕਾਲਜ ਦੇ ਕੋਚ ‘ਤੇ ਕਥਿਤ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਨੇ ਪੈਸੇ ਲੈ ਕੇ ਮ੍ਰਿਤਕ ਲੜਕੀ ਦਾ ਦਾਖਲਾ ਨਹੀਂ ਕਰਵਾਇਆ। ਇਸ ਸਬੰਧ ਵਿਚ ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਵੱਲੋਂ ਕੋਚ ਨੂੰ ਪੈਸੇ ਦਿੱਤੇ ਜਾਣ ਬਾਰੇ ਦੱਸਿਆ ਗਿਆ ਹੈ, ਲੇਕਿਨ ਕਿੰਨੇ ਪੈਸੇ ਦਿੱਤੇ ਹਨ। ਉਸ ਬਾਰੇ ਪੂਰਾ ਪਤਾ ਨਹੀਂ ਲਗ ਸਕਿਆ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਜਦੋਂ ਇਸ ਸਬੰਧ ਵਿਚ ਕਾਲਜ ਦੇ ਕੋਚ ਨਾਲ ਉਸ ਦੇ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਚ ਦਾ ਮੋਬਾਇਲ ਸਵਿੱਚ ਆਫ ਆ ਰਿਹਾਸੀ।

LEAVE A REPLY