6ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਤਵਾਰ ਫਗਵਾੜਾ ਨੇੜੇ ਪੈਂਦੇ ਪਿੰਡ ਪੰਡਵਾ ਵਿਖੇ ਸਥਿਤ ਦਲਿਤ ਭਾਈਚਾਰੇ ਨਾਲ ਸੰਬੰਧਿਤ ਡੇਰੇ ਸ੍ਰੀ ਗੁਰੂ ਰਵਿਦਾਸ ਤੀਰਥ ਆਸ਼ਰਮ ਸੱਚਖੰਡ ਦੇ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਏ। ਡੇਰਾ ਪ੍ਰਬੰਧਕਾਂ ਨੇ ਕੈਪਟਨ ਨੂੰ ਆਪਣੇ ਧਾਰਮਿਕ ਪ੍ਰੋਗਰਾਮ ‘ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੈਪਟਨ ਦਾ ਉਕਤ ਪ੍ਰੋਗਰਾਮ ਗੈਰ-ਸਿਆਸੀ ਸੀ ਪਰ ਫਿਰ ਡੇਰੇ ਦਾ ਆਲੇ-ਦੁਆਲੇ ਦੇ ਖੇਤਰਾਂ ਵਿਚ ਬਹੁਤ ਪ੍ਰਭਾਵ ਮੰਨਿਆ ਜਾਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਇਸ ਤੋਂ ਪਹਿਲਾਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਡੇਰਾ ਸੱਚਖੰਡ ਬੱਲਾਂ ਵੀ ਜਾ ਚੁੱਕੇ ਹਨ। ਐਤਵਾਰ ਦੇ ਪ੍ਰੋਗਰਾਮ ‘ਚ ਕੈਪਟਨ ਨਾਲ ਕਪੂਰਥਲਾ ਜ਼ਿਲੇ ਦੇ ਕੁਝ ਕਾਂਗਰਸੀ ਆਗੂ ਜ਼ਰੂਰ ਸ਼ਾਮਿਲ ਹੋਏ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ 2017 ਵਿਚ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਦੌਰਾਨ ਧਾਰਮਿਕ ਡੇਰਿਆਂ ਦੀ ਭੂਮਿਕਾ ਅਹਿਮ ਰਹੇਗੀ, ਇਸੇ ਲਈ ਕੈਪਟਨ ਹਰ ਧਾਰਮਿਕ ਡੇਰੇ ਦੇ ਪ੍ਰੋਗਰਾਮਾਂ ‘ਚ ਸ਼ਾਮਿਲ ਹੋ ਰਹੇ ਹਨ। ਭਾਵੇਂ ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਵਿਚ ਵੋਟਾਂ ਨੂੰ ਲੈ ਕੇ ਕੋਈ ਰਸਮੀ ਗੱਲਬਾਤ ਨਹੀਂ ਹੁੰਦੀ ਪਰ ਫਿਰ ਵੀ ਡੇਰਿਆਂ ਦੇ ਪ੍ਰੋਗਰਾਮ ‘ਚ ਜਾਣ ਨਾਲ ਸੰਬੰਧਿਤ ਭਾਈਚਾਰੇ ਦੇ ਲੋਕਾਂ ਦਰਮਿਆਨ ਇਕ ਸੰਦੇਸ਼ ਤਾਂ ਸਿੱਧੇ ਤੌਰ ‘ਤੇ ਚਲਾ ਜਾਂਦਾ ਹੈ। ਕੈਪਟਨ ਦੇ ਨਾਲ-ਨਾਲ ਹੋਰ ਸਿਆਸੀ ਪਾਰਟੀਆਂ ਦੇ ਨੇਤਾ ਵੀ ਵੱਖ-ਵੱਖ ਡੇਰਿਆਂ ਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਰਹੇ ਹਨ। ਚੋਣਾਂ ਤੱਕ ਡੇਰਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਰਹੇਗੀ। ਸਮਾਗਮ ਤੋਂ ਬਾਅਦ ਕੈਪਟਨ ਨੇ ਸੰਤ ਬਾਬਾ ਮੋਹਿੰਦਰ ਪਾਲ ਸਿੰਘ ਜੀ ਨਾਲ ਮੁਲਾਕਾਤ ਵੀ ਕੀਤੀ।

LEAVE A REPLY