4ਨਵੀਂ ਦਿੱਲੀ :  ਤੁਰਕੀ ਦੇ ਵਿਦੇਸ਼ ਮੰਤਰੀ ਮੌਲੂਦ ਕਾਊਸੋਗਲੂ ਨੇ ਕਿਹਾ ਹੈ ਕਿ ਫਤਹੁੱਲਾ ਅੱਤਵਾਦੀ ਧੜੇ (ਫੇਟੋ) ਭਾਰਤ ‘ਚ ਦਾਖਲ ਹੋ ਚੁੱਕਾ ਹੈ। ਪਿਛਲੇ ਮਹੀਨੇ ਤੁਰਕੀ ‘ਚ ਤਖਤਾਪਲਟ ਦੀ ਨਾਕਾਮ ਕੋਸ਼ਿਸ਼ ਲਈ ਉਥੋਂ ਦੀ ਸਰਕਾਰ ਨੇ ਫੋਟੇ ਨੂੰ ਜ਼ਿੰਮੇਵਾਰ ਦੱਸਿਆ ਹੈ। ਕਾਊਸੋਗਲੂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫੇਟੋ ਗੁਪਤ ਕੌਮਾਂਤਰੀ ਅਪਰਾਧਕ ਨੈੱਟਵਰਕ ਹੈ, ਜੋ ਪੂਰੀ ਦੁਨੀਆ ‘ਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਹੈ ਕਿ ਫੇਟੋ ਨੇ ਸੰਗਠਨਾਂ ਅਤੇ ਸਕੂਲਾਂ ਰਾਹੀਂ ਭਾਰਤ ‘ਚ ਘੁਸਪੈਠ ਕਰ ਲਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕਰਨ ਤੋਂ ਬਾਅਦ ਇਕ ਇੰਟਰਵਿਊ ‘ਚ ਕਾਊਸੋਗਲੂ ਨੇ ਦੱਸਿਆ ਕਿ ਉਹ ਪਹਿਲਾਂ ਇਸ ਮੁੱਦੇ ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਸਾਂਝਾ ਕਰ ਚੁੱਕੇ ਹਨ।
ਕਾਊਸੋਗਲੂ ਨੇ ਕਿਹਾ ਕਿ ਉਹ ਸਾਰੇ ਦੇਸ਼ ਜਿੱਥੇ ਫੇਟੋ ਦੀ ਮੌਜੂਦਗੀ ਹੈ, ਉਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਆਪਣੇ ਖੇਤਰ ਤੋਂ ਇਨ੍ਹਾਂ ਨੂੰ ਹਟਾਉਣ ਲਈ ਤੁਰੰਤ ਕਦਮ ਚੁੱਕਣ। ਤੁਰਕੀ ਦੇ ਵਿਦੇਸ਼ ਮੰਤਰੀ ਦੇ ਬਿਆਨ ‘ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤ ਤੁਰਕੀ ਦੀਆਂ ਚਿੰਤਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਹੈ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਫੇਟੋ ਨਾਲ ਜੁੜੇ ਉਨ੍ਹਾਂ ਸੰਗਠਨਾਂ ਨੂੰ ਬੰਦ ਕਰਨ ਦੀ ਅੰਕਾਰਾ ਦੀ ਮੰਗ ‘ਤੇ ਵਿਚਾਰ ਕਰ ਰਹੀ ਹੈ, ਜੋ ਗੈਰ ਕਾਨੂੰਨੀ ਗਤੀਵਿਧੀਆਂ ਚਲਾ ਰਹੇ ਹਨ।
ਭਾਰਤ ਅਤੇ ਤੁਰਕੀ ਲਈ ਹਰ ਤਰ੍ਹਾਂ ਦੇ ਅੱਤਵਾਦ ਤੋਂ ਖਤਰਾ ਹੋਣ ‘ਤੇ ਜ਼ੋਰ ਦਿੰਦੇ ਹੋਏ ਕਾਊਸੋਗਲੂ ਨੇ ਕਿਹਾ ਕਿ ਇਨ੍ਹਾਂ ਖਤਰਿਆਂ ਨੂੰ ਲੈ ਕੇ ਸੂਚਨਾ ਦਾ ਲੈਣ-ਦੇਣ ਅਤੇ ਅੱਤਵਾਦ ਖਿਲਾਫ ਦੋ ਪੱਖੀ ਅਤੇ ਬਹੁ ਪੱਖੀ ਸਹਿਯੋਗ ਤੇ ਇਕਜੁੱਟਤਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ‘ਤੇ ਤੁਰਕੀ ਅਤੇ ਭਾਰਤ ਦੋਵੇਂ ਧਿਆਨ ਦੇ ਰਹੇ ਹਨ।
ਪਿਛਲੇ ਮਹੀਨੇ ਤੁਰਕੀ ‘ਚ ਤਖਤਾਪਲਟ ਦੀ ਅਸਫਲ ਕੋਸ਼ਿਸ਼ ਦਾ ਜ਼ਿਕਰ ਕਰਦੇ ਹੋਏ ਕਾਊਸੋਗਲੂ ਨੇ ਕਿਹਾ ਕਿ ਤੁਰਕੀ ਫੌਜ ਅੰਦਰ ਇਕ ਧੜਾ ਫੇਟੋ ਦੀ ਅਗਵਾਈ ‘ਚ 15 ਜੁਲਾਈ ਨੂੰ ਤਖਤਾਪਲਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕਤੰਤਰਕ ਢੰਗ ਨਾਲ ਚੁਣੀ ਸਰਕਾਰ ਨੂੰ ਸੱਤਾ ਤੋਂ ਲਾਹਿਆ ਜਾ ਸਕੇ। ਕਾਊਸੋਗਲੂ ਨੇ ਕਿਹਾ ਕਿ ਸਾਡੀ ਲੋਕਤੰਤਰਕ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਸਾਡੀ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਵਲੋਂ ਜੋ ਤੁਰੰਤ ਹਮਾਇਤ ਮਿਲੀ, ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਤੁਰਕੀ ‘ਚ ਤਖਤਾਪਲਟ ਦੀ ਨਾਕਾਮ ਕੋਸ਼ਿਸ਼ ‘ਚ 240 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ 1500 ਤੋਂ ਜ਼ਿਆਦਾ ਫੱਟੜ ਹੋ ਗਏ ਸਨ।

LEAVE A REPLY