9ਆਗਰਾ  : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਬੀਬੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਅਮਨ-ਕਾਨੂੰਨ ਦੀ ਮਾਲੀ ਹਾਲਤ ਲਈ ਅਖਿਲੇਸ਼ ਯਾਦਵ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਐਤਵਾਰ ਇਥੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਮਾਇਆਵਤੀ ਨੇ ਵਿਰੋਧੀ ਪਾਰਟੀਆਂ ਸਮਾਜਵਾਦੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਸਵਰਨਕਾਰਾਂ ਨੂੰ ਠੱਗਿਆ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਦਲਿਤ ਵਿਰੋਧੀ ਦੱਸਦਿਆਂ ਮਾਇਆਵਤੀ ਨੇ ਸਿੱਧੇ ਤੌਰ ‘ਤੇ ਨਰਿੰਦਰ ਮੋਦੀ ‘ਤੇ ਹਮਲੇ ਕੀਤੇ।
ਉਨ੍ਹਾਂ ਇਕ ਵਾਰ ਮੁੜ ਯੂ. ਪੀ. ਦੀ ਸਪਾ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਚ ਮਿਲੀਭੁਗਤ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਸ ਮਿਲੀਭੁਗਤ ਕਾਰਨ ਹੀ ਯੂ. ਪੀ. ‘ਚ ਕਈ ਥਾਈਂ ਫਿਰਕੂ ਹਿੰਸਾ ਭੜਕੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੀ ਮਿਲੀਭੁਗਤ ਸਾਨੂੰ ਸੱਤਾ ‘ਚ ਆਉਣ ਤੋਂ ਨਹੀਂ ਰੋਕ ਸਕਦੀ।
ਮਾਇਆਵਤੀ ਨੇ ਕਿਹਾ ਕਿ ਭਾਜਪਾ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਕ ਸੋਚੀ-ਸਮਝੀ ਨੀਤੀ ਅਧੀਨ ਭਾਜਪਾ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਭ ਯੋਜਨਾਵਾਂ ਨੂੰ ਨਿੱਜੀ ਖੇਤਰ ਨੂੰ ਸੌਂਪ ਰਹੀ ਹੈ ਤਾਂ ਜੋ ਰਿਜ਼ਰਵੇਸ਼ਨ ਖਤਮ ਹੋ ਜਾਵੇ।
ਸ਼ੀਲਾ ਦੀਕਸ਼ਤ ਨੂੰ ਦੱਸਿਆ ‘ਬੁੱਢੀ’
ਕਾਂਗਰਸ ਪਾਰਟੀ ਨੂੰ ਲੰਬੇ ਹੱਥੀਂ ਲੈਂਦਿਆਂ ਮਾਇਆਵਤੀ ਨੇ ਪਾਰਟੀ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਸ਼ੀਲਾ ਦੀਕਸ਼ਤ ਨੂੰ ‘ਬੁੱਢੀ ਔਰਤ’ ਤੇ ਦਿੱਲੀ ਦੀ ਹਾਲਤ ਨੂੰ ‘ਵਿਗਾੜਨ’ ਵਾਲੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਗਰੀਬ ਸਵਰਨਕਾਰਾਂ ਨੂੰ ਰਿਜ਼ਰਵੇਸ਼ਨ ਦਾ ਲਾਲਚ ਦੇ ਕੇ ਠੱਗ ਰਹੀ ਹੈ। ਸਵਰਨਕਾਰਾਂ ਨੂੰ ਲੁਭਾਉਣ ਲਈ ਇਕ ਬਜ਼ੁਰਗ ਔਰਤ ਨੂੰ ਸੀ. ਐੱਮ. ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈ। ਸ਼ੀਲਾ ਨੇ ਤਾਂ ਆਪਣੇ ਕਾਰਜਕਾਲ ਦੌਰਾਨ ਦਿੱਲੀ ਨੂੰ ਖਰਾਬ ਕੀਤਾ ਹੈ।

LEAVE A REPLY