3ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ‘ਚ ਘਰ ਲੈਣਗੇ। ਇਹ ਘਰ ਕਿਰਾਏ ‘ਤੇ ਵੀ ਲਿਆ ਜਾ ਸਕਦਾ ਹੈ ਤੇ ਕੋਈ ਪਾਰਟੀ ਵਲੰਟੀਅਰ ਵੀ ਆਪਣਾ ਘਰ ਦੇ ਸਕਦਾ ਹੈ। ਸਤੰਬਰ ਮਹੀਨੇ ਤੋਂ ਕੇਜਰੀਵਾਲ 15 ਦਿਨ ਪੰਜਾਬ ਤੇ 15 ਦਿਨ ਦਿੱਲੀ ਰਿਹਾ ਕਰਨਗੇ। ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਇਹ ਗੱਲ ਕਹੀ ਹੈ। ਇਹ ਘਰ ਲੁਧਿਆਣਾ ਜਾਂ ਫਗਵਾੜਾ ‘ਚ ਲਿਆ ਜਾ ਸਕਦਾ ਹੈ।
ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਦੀ ਚੋਣ ਬਹੁਤ ਅਹਿਮ ਹੈ। ਇਸ ਲਈ ਪੰਜਾਬ ਦੀ ਸਿਆਸਤ ‘ਚ ਸਰਗਰਮ ਹੋਣ ਲਈ ਕੇਜਰੀਵਾਲ ਮਹੀਨੇ ‘ਚੋਂ 15 ਦਿਨ ਪੰਜਾਬ ‘ਚ ਹੀ ਰਿਹਾ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਇਸੇ ਲਈ ਹੀ ਪਹਿਲਾਂ ਹੀ ਰਣਨੀਤੀ ਤਹਿਤ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।
ਚਰਚਾ ਇਹ ਵੀ ਹੈ ਕਿ ਪਾਰਟੀ ਦੀ ਅੰਦਰੂਨੀ ਖਿਚੋਤਾਣ ਕੇਜਰੀਵਾਲ ਲਈ ਵੱਡੀ ਸਿਰਦਰਦੀ ਹੈ। ਜੇ ਉਹ ਪੰਜਾਬ ਆ ਕੇ ਪਾਰਟੀ ਦੀ ਕਮਾਨ ਸੰਭਾਲਦੇ ਹਨ ਤਾਂ ਪਾਰਟੀ ਦੀ ਆਪਸੀ ਧੜੇਬੰਦੀ ਰੁਕ ਸਕਦੀ ਹੈ ਕਿਉਂਕਿ ਕੇਜਰੀਵਾਲ ਦਾ ਪਾਰਟੀ ਦੇ ਸਾਰੇ ਲੀਡਰ ਤੇ ਵਰਕਰ ਸਨਮਾਨਕਰਦੇ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਕਹਿੰਦੇ ਰਹੇ ਹਨ ਕਿ ਕੇਜਰੀਵਾਲ ਜਨਤਾ ਨੂੰ ਬੇਵਕੂਫ ਬਣਾ ਰਹੇ ਹਨ ਦਰਅਸਲ ਉਹੀ ਪੰਜਾਬ ਦੇ ਮੁੱਖ ਬਣਨ ਦੀ ਇੱਛਾ ਰੱਖਦੇ ਹਨ।

LEAVE A REPLY