6ਲੁਧਿਆਣਾ: ਸਰਕਾਰ ਦੀ ‘ਭਗਤ ਪੂਰਨ ਸਿੰਘ ਸਿਹਤ ਬੀਮਾ’ ਯੋਜਨਾ ‘ਚ ਵੱਡੀ ਗੜਬੜੀ ਸਾਹਮਣੇ ਆਈ ਹੈ। ਇਲਜ਼ਾਮ ਹਨ ਕਿ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਲਈ ਨਾਮਜ਼ਦ ਕੀਤੇ ਹਸਪਤਾਲਾਂ ਵੱਲੋਂ ਮਰੀਜ਼ਾਂ ਤੋਂ ਮੋਟੀ ਰਕਮ ਵਸੂਲੀ ਜਾ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ, ਪੰਜਾਬ ਸਰਕਾਰ ਤੋਂ ਵੀ ਇਸ ਸਕੀਮ ਤਹਿਤ ਮੋਟਾ ਪੈਸਾ ਵਸੂਲ ਰਹੇ ਹਨ। ਡਾਕਟਰਾਂ ਵੱਲੋਂ ਇਸ ਤਰ੍ਹਾਂ ਦਾ ਗੋਰਖਧੰਦਾ ਚਲਾਏ ਜਾਣ ਦੇ ਗੰਭੀਰ ਇਲਜ਼ਾਮ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਤੇ ਟੀਮ ਇਨਸਾਫ ਮੁਖੀ ਨੇ ਸਿਮਰਜੀਤ ਸਿੰਘ ਬੈਂਸ ਨੇ ਲਾਏ ਹਨ।
ਇਸ ਪੂਰੇ ਗੋਰਖਧੰਦੇ ਦਾ ਖੁਲਾਸਾ ਕਰਨ ਲਈ ਸਿਮਰਜੀਤ ਸਿੰਘ ਬੈਂਸ ਨੇ ਮੀਡੀਆ ਸਮੇਤ ਲੁਧਿਆਣਾ ਦੇ ਦੋ ਨਿੱਜੀ ਹਸਪਤਾਲਾਂ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਡਾਕਟਰਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਆਪਣੀ ਗਲਤੀ ਸਵੀਕਾਰ ਕਰ ਲਈ। ਇੱਥੇ ਬੈਂਸ ਨੇ ਡਾਕਟਰਾਂ ਵੱਲੋਂ ਵਸੂਲੇ ਗਏ ਮਰੀਜ਼ਾਂ ਦੇ ਪੈਸੇ ਵੀ ਵਾਪਸ ਕਰਵਾਏ। ਦਰਅਸਲ ਲੁਧਿਆਣਾ ਦੇ ਆਸਥਾ ਕਿਡਨੀ ਸੈਂਟਰ ਤੇ ਗਰਗ ਹਸਪਤਾਲ ਨੇ ਕਈ ਮਰੀਜ਼ਾਂ ਤੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਤਹਿਤ ਇਲਾਜ਼ ਕਰਨ ਦੇ ਬਾਵਜੂਦ ਪੈਸੇ ਵਸੂਲ ਕੀਤੇ ਸਨ। ਹਸਪਤਾਲ ਵੱਲੋਂ ਨਜਾਇਜ਼ ਤੌਰ ‘ਤੇ ਵਸੂਲੀ ਇਸ ਰਕਮ ਦੀ ਕੋਈ ਰਸੀਦ ਵੀ ਮਰੀਜ਼ਾਂ ਨੂੰ ਨਹੀਂ ਦਿੱਤੀ ਗਈ ਸੀ।
ਇਸ ਪੂਰੇ ਮਾਮਲੇ ਨੂੰ ਜਦ ਸੂਬੇ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਸਬੰਧਤ ਹਸਪਤਾਲਾਂ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਆਖਰ ਲੋਕਾਂ ਨੂੰ ਸਿਹਤ ਸਹੂਲਤ ਦੇਣ ਦੇ ਨਾਮ ‘ਤੇ ਸਕੀਮ ਸ਼ੁਰੂ ਕਰਨ ਵਾਲੀ ਸਰਕਾਰ ਇਸ ਤਰ੍ਹਾਂ ਚੱਲ ਰਹੇ ਗੋਰਖਧੰਦੇ ਤੋਂ ਅਣਜਾਣ ਕਿਉਂ ਹੈ।
ਆਖਰ ਜਨਤਾ ਦਾ ਪੈਸਾ ਲੁੱਟਣ ਵਾਲੇ ਕੁਝ ਬੇਈਮਾਨ ਲੋਕਾਂ ‘ਤੇ ਕਿਉਂ ਪਹਿਲਾਂ ਤੋਂ ਹੀ ਨਜ਼ਰ ਨਹੀਂ ਰੱਖੀ ਜਾਂਦੀ ? ਇਸ ਤਰੀਕੇ ਇੱਕ ਪਾਸੇ ਤਾਂ ਸਿੱਧਾ ਲੋਕਾਂ ਦੀ ਜੇਬ ‘ਚੋਂ ਪੈਸਾ ਜਾ ਰਿਹਾ ਹੈ ਤੇ ਦੂਜੇ ਪਾਸੇ ਜਨਤਾ ਦੇ ਖੂਨ ਪਸੀਨੇ ਦੀ ਕਮਾਈ ‘ਚੋਂ ਟੈਕਸ ਦੇ ਤੌਰ ‘ਤੇ ਸਰਕਾਰ ਨੂੰ ਦਿੱਤਾ ਪੈਸਾ ਲੁੱਟਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਮੰਤਰੀ ਜੀ ਸਿਰਫ ਬਿਆਨ ਦੇ ਕੇ ਹੀ ਪੱਲਾ ਝਾੜਦੇ ਹਨ ਜਾਂ ਫਿਰ ਇਨ੍ਹਾਂ ਜਾਂ ਫਿਰ ਇਹਨਾਂ ਵਰਗੇ ਹੋਰ ਹਸਪਤਾਲਾਂ ਖਿਲਾਫ ਕੋਈ ਸਖਤ ਕਦਮ ਵੀ ਚੁੱਕਦੇ ਹਨ।

LEAVE A REPLY