Editorial1ਦੋ ਆਜ਼ਾਦ ਸੂਤਰਾਂ ਨੇ ਵੈੱਬਸਾਈਟ EurActiv.com ਨੂੰ ਦੱਸਿਆ ਹੈ ਕਿ ਵਾਸ਼ਿੰਗਟਨ ਤੇ ਅੰਕਾਰਾ ਦਰਮਿਆਨ ਆਪਸੀ ਰਿਸ਼ਤਿਆਂ ਵਿੱਚ ਲਗਾਤਾਰ ਆ ਰਹੇ ਨਿਘਾਰ ਦੇ ਮੱਦੇਨਜ਼ਰ ਅਮਰੀਕਾ ਨੇ ਤੁਰਕੀ ਵਿੱਚ ਪਏ ਆਪਣੇ ਨਿਊਕਲੀਅਰ ਹਥਿਆਰਾਂ ਦਾ ਜ਼ਖ਼ੀਰਾ ਰੋਮਾਨੀਆ ਸ਼ਿਫ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਸੂਤਰ ਦਾ ਇਹ ਵੀ ਕਹਿਣਾ ਸੀ ਕਿ ਤਕਨੀਕੀ ਤੇ ਸਿਆਸੀ ਪੱਖੋਂ ਇਹ ਟਰਾਂਸਫ਼ਰਜ਼ ਬਹੁਤ ਹੀ ਚੁਣੌਤੀ ਭਰਪੂਰ ਰਹੀਆਂ। ”20 ਤੋਂ ਵੱਧ ਨਿਊਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਸ਼ਿਫ਼ਟ ਕਰਨਾ ਕਦੇ ਵੀ ਸੌਖਾ ਨਹੀਂ ਸੀ ਹੋਣ ਵਾਲਾ,” ਉਸ ਸੂਤਰ ਨੇ ਵੈੱਬਸਾਈਟ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਪਰ ਦੱਸਿਆ। ਸਿਮਸਨ ਸੈਂਟਰ ਦੀ ਇੱਕ ਹਾਲੀਆ ਰਿਪੋਰਟ ਅਨੁਸਾਰ ਸ਼ੀਤ ਯੁੱਧ ਤੋਂ ਬਾਅਦ 50 ਦੇ ਕਰੀਬ ਅਮਰੀਕੀ ਰਣਨੀਤਕ ਨਿਊਕਲੀਅਰ ਹਥਿਆਰ ਤੁਰਕੀ ਦੇ ਇਨਸਰਲਿਕ ਏਅਰ ਬੇਸ, ਜੋ ਕਿ ਸੀਰੀਆ ਦੀ ਸੀਮਾ ਤੋਂ ਤਕਰੀਬਨ 100 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਉੱਪਰ ਜਮ੍ਹਾ ਕਰ ਕੇ ਰੱਖੇ ਗਏ ਹਨ।
ਬੀਤੇ ਜੁਲਾਈ ਮਹੀਨੇ ਵਿੱਚ, ਤੁਰਕੀ ਦੇ ਅਸਫ਼ਲ ਫ਼ੌਜੀ ਰਾਜ ਪਲਟੇ ਦੀ ਕੋਸ਼ਿਸ਼ ਦੌਰਾਨ ਇਨਸਰਲਿਕ ਦੀ ਪਾਵਰ ਸਪਲਾਈ ਕੱਟ ਦਿੱਤੀ ਗਈ ਸੀ, ਅਤੇ ਤੁਰਕੀ ਦੀ ਹਕੂਮਤ ਨੇ ਅਮਰੀਕੀ ਲੜਾਕੂ ਹਵਾਈ ਜਹਾਜ਼ਾਂ ਉੱਪਰ ਬੇਸ ਦੇ ਅੰਦਰ ਬਾਹਰ ਉਡਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਅੰਤ ਵਿੱਚ, ਬੇਸ ਦੇ ਕਮਾਂਡਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਤੁਰਕੀ ਨੇ ਦਾਅਵਾ ਕੀਤਾ ਕਿ ਉਹ ਬੇਸ ਕਮਾਂਡਰ ਰਾਜ ਪਲਟੇ ਦੀ ਕੋਸ਼ਿਸ਼ ਵਿੱਚ ਸ਼ਾਮਿਲ ਸੀ। ਉਸ ਵਕਤ ਤੋਂ ਇਹ ਸਵਾਲ ਬਾਰ ਬਾਰ ਉਠ ਰਿਹਾ ਹੈ ਕਿ ਜੇਕਰ ਤੁਰਕੀ ਦਾ ਫ਼ੌਜੀ ਪਲਟੇ ਦਾ ਸੰਕਟ ਲੰਬਾ ਖਿੱਚਿਆ ਜਾਂਦਾ ਤਾਂ ਕੀ ਅਮਰੀਕਾ ਆਪਣੇ ਨਿਊਕਲੀਅਰ ਹਥਿਆਰਾਂ ਨੂੰ ਆਪਣੇ ਕੰਟਰੋਲ ਵਿੱਚ ਰੱਖ ਸਕਦਾ ਸੀ? ਰਿਪੋਰਟ ਅਨੁਸਾਰ ਇਸ ਸਵਾਲ ਦਾ ਜਵਾਬ ਕਿਸੇ ਕੋਲ ਵੀ ਨਹੀਂ। ਇੱਕ ਹੋਰ ਸੂਤਰ ਨੇ EurActiv.com ਨੂੰ ਦੱਸਿਆ ਕਿ ਫ਼ੌਜੀ ਪਲਟੇ ਦੀ ਕੋਸ਼ਿਸ਼ ਤੋਂ ਬਾਅਦ ਅਮਰੀਕਾ ਤੇ ਤੁਰਕੀ ਦੇ ਸਬੰਧ ਇਸ ਹੱਦ ਤਕ ਵਿਗੜ ਚੁੱਕੇ ਹਨ ਕਿ ਵਾਸ਼ਿੰਗਟਨ ਹੁਣ ਅੰਕਾਰਾ ਨੂੰ ਆਪਣੇ ਨਿਊਕਲੀਅਰ ਹਥਿਆਰ ਸਾਂਭ ਕੇ ਰੱਖਣ ਲਈ ਇੱਕ ਵਿਸ਼ਵਾਸਪਾਤਰ ਦੋਸਤ ਦੇ ਰੂਪ ਵਿੱਚ ਬਿਲਕੁਲ ਵੀ ਨਹੀਂ ਦੇਖਦਾ। ਸੂਤਰਾਂ ਅਨੁਸਾਰ ਅਮਰੀਕਾ ਹੁਣ ਤੁਰਕੀ ਵਿੱਚ ਪਏ ਆਪਣੇ ਹਥਿਆਰ ਰੋਮਾਨੀਆ ਵਿੱਚ ਸਥਿਤ ਆਪਣੇ ਦੇਵੇਸੈਲੂ ਏਅਰ ਬੇਸ ‘ਤੇ ਸ਼ਿਫ਼ਟ ਕਰ ਰਿਹਾ ਹੈ।
ਵਿਸ਼ਲੇਸ਼ਕ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਜੇਕਰ ਤੁਰਕੀ ਵਿਚਲਾ 15 ਜੁਲਾਈ ਵਾਲਾ ਫ਼ੌਜੀ ਰਾਜ ਪਲਟਾ ਕਾਮਯਾਬ ਹੋ ਗਿਆ ਹੁੰਦਾ ਤਾਂ ਹੋ ਸਕਦਾ ਸੀ ਕਿ ਅਮਰੀਕਾ ਉੱਥੇ ਇਕੱਤਰ ਕੀਤੇ ਗਏ ਆਪਣੇ ਨਿਊਕਲੀਅਰ ਹਥਿਆਰਾਂ ਤੋਂ ਹੱਥ ਧੋ ਬੈਠਦਾ। ਹੁਣ ਵੀ, ਤੁਰਕੀ ਤੇ ਅਮਰੀਕਾ ਦਰਮਿਆਨ ਰਿਸ਼ਤੇ ਇੰਨੇ ਤੇਜ਼ੀ ਨਾਲ ਨਿੱਘਰ ਰਹੇ ਹਨ ਕਿ ਇਸ ਗੱਲ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ ਕਿ ਤੁਰਕੀ ਦੀ ਸਰਕਾਰ ਅਮਰੀਕੀ ਨਿਊਕਲੀਅਰ ਹਥਿਆਰਾਂ ਨੂੰ ਲੈ ਕੇ ਆਪਣੀ ਨੀਤੀ ਕਦੇ ਵੀ ਬਦਲ ਸਕਦੀ ਹੈ ਅਤੇ ਉਨ੍ਹਾਂ ਨੂੰ ਉਹ ਆਪਣੇ ਕਬਜ਼ੇ ਵਿੱਚ ਲੈਣ ਦਾ ਐਲਾਨ ਕਰ ਸਕਦੀ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਇਹ ਨਿਊਕਲੀਅਰ ਹਥਿਆਰ ਕਿਸੇ ਅਤਿਵਾਦੀ ਗੁੱਟ ਦੇ ਹਮਲੇ ਦਾ ਨਿਸ਼ਾਨਾ ਬਣ ਜਾਣ। ਇਜ਼ਰਾਈਲ ਦੀ ਫ਼ੌਜੀ ਖ਼ੁਫ਼ੀਆ ਵਿਭਾਗ ਦੀ ਵੈੱਬਸਾਈਟ, ਦੈਬਕਾ, ਦੀ ਇੱਕ ਰਿਪੋਰਟ ਅਨੁਸਾਰ ਅਮਰੀਕਾ ਨੇ ਤੁਰਕੀ ਦੀ ਇਹ ਮੰਗ ਰੱਦ ਕਰ ਦਿੱਤੀ ਹੈ ਕਿ ਇਨ੍ਹਾਂ ਹਥਿਆਰਾਂ ਤਕ ਉਸ ਦੀ ਮੁਕੰਮਲ ਪਹੁੰਚ ਹੋਣੀ ਚਾਹੀਦੀ ਹੈ।
ਅਮਰੀਕਾ ਹਾਲ ਦੀ ਘੜੀ ਇਸ ਗੱਲ ਦੀ ਪੁਸ਼ਟੀ ਬਿਲਕੁਲ ਨਹੀਂ ਕਰ ਰਿਹਾ ਕਿ ਉਸ ਨੇ ਯੌਰਪ ਵਿੱਚ ਕਿਤੇ ਵੀ ਆਪਣੇ ਨਿਊਕਲੀਅਰ ਹਥਿਆਰ ਲੁਕੋਏ ਹੋਏ ਹਨ, ਪਰ ਹੁਣ ਤਕ ਕਈ ਅਜਿਹੀਆਂ ਅਪੁਸ਼ਟ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ ਜਿਨ੍ਹਾਂ ਵਿੱਚ ਇਹ ਇੰਕਸ਼ਾਫ਼ ਕੀਤਾ ਗਿਆ ਹੈ ਕਿ ਅਮਰੀਕੀ ਫ਼ੌਜ ਚੁਪਚਪੀਤੇ ਆਪਣੇ ਨਿਊਕਲੀਅਰ ਹਥਿਆਰਾਂ ਦਾ ਤਬਾਦਲਾ ਰੋਮਾਨੀਆ ਵਿਚਲੇ ਆਪਣੇ ਬੇਸਾਂ ‘ਤੇ ਕਰ ਰਹੀ ਹੈ। ਰੂਸ ਤੇ ਰੋਮਾਨੀਆ ਦੋਹੇਂ ਈਸਟਰਨ ਔਰਥੋਡੌਕਸ (ਕੱਟੜਪੰਥੀ) ਕ੍ਰਿਸਚੀਅਨ ਮੁਲਕ ਹਨ, ਅਤੇ ਇਤਿਹਾਸਕ ਤੌਰ ‘ਤੇ ਪਹਿਲੀ ਵਿਸ਼ਵ ਜੰਗ ਦੌਰਾਨ, ਤੇ ਉਸ ਤੋਂ ਪਹਿਲਾਂ, ਉਨ੍ਹਾਂ ਦੋਹਾਂ ਨੇ ਤੁਰਕੀ ਦੀ ਇਸਲਾਮਿਕ ਔਟੋਮਾਨ ਸਲਤਨਤ ਖ਼ਿਲਾਫ਼ ਕਈ ਖ਼ੂਨੀ ਜੰਗਾਂ ਲੜੀਆਂ ਸਨ। ਸੋ ਹੁਣ ਅਮਰੀਕਾ ਵਲੋਂ ਆਪਣੇ ਨਿਊਕਲੀਅਰ ਹਥਿਆਰ ਤੁਰਕੀ ਤੋਂ ਰੋਮਾਨੀਆ ਸ਼ਿਫ਼ਟ ਕਰ ਲੈਣ ਦਾ ਦੋਹਾਂ ਮੁਲਕਾਂ ਲਈ ਬਹੁਤ ਵੱਡਾ ਸੰਕੇਤਾਤਮਕ ਮਹੱਤਵ ਹੈ।
ਦੂਜੇ ਪਾਸੇ, ਰੋਮਾਨੀਆ ਦੇ ਰੂਸ ਨਾਲ ਸਬੰਧ ਵੀ ਇਤਿਹਾਸਕ ਤੌਰ ‘ਤੇ ਕੋਈ ਬਹੁਤੇ ਵਧੀਆ ਨਹੀਂ ਰਹੇ। ਦੂਸਰੀ ਵਿਸ਼ਵ ਜੰਗ ਦੌਰਾਨ, ਰੋਮਾਨੀਆ ਨੂੰ ਪਹਿਲਾਂ ਨਾਜ਼ੀ ਜਰਮਨੀ ਨਾਲ ਰਲਣਾ ਪਿਆ ਅਤੇ ਬਾਅਦ ਵਿੱਚ 1944 ਵਿੱਚ ਉਸ ਨੂੰ ਪਾਸਾ ਬਦਲ ਕੇ ਸੋਵੀਅਤ ਯੂਨੀਅਨ ਦਾ ਸਾਥ ਦੇਣਾ ਪਿਆ। ਉਸ ਤੋਂ ਬਾਅਦ ਸੋਵੀਅਤਾਂ ਨੇ 1944-1958 ਤਕ ਰੋਮਾਨੀਆ ‘ਤੇ ਬੇਰਹਿਮੀ ਨਾਲ ਕਬਜ਼ਾ ਕੀਤੀ ਰੱਖਿਆ। ਸੋ ਬੇਸ਼ੱਕ ਰੋਮਾਨੀਆ ਅਤੇ ਰੂਸ ਦੋਹੇਂ ਪੂਰਬੀ ਔਰਥੋਡੌਕਸ ਇਸਾਈ ਮੁਲਕ ਹਨ, ਇਨ੍ਹਾਂ ਦੋਹਾਂ ਦਰਮਿਆਨ ਕੋਈ ਪਿਆਰ ਬਾਕੀ ਨਹੀਂ। ਅਮਰੀਕਾ ਨੇ ਰੋਮਾਨੀਆ ਵਿੱਚ 8 ਸੌ ਮਿਲੀਅਨ ਡੌਲਰ ਦੀ ਲਾਗਤ ਵਾਲੀ ਇੱਕ ਮਿਸਾਇਲ ਸ਼ੀਲਡ ਲਗਾਈ ਹੋਈ ਹੈ ਜਿਸ ਨੂੰ ਹਾਲੇ ਇਸ ਸਾਲ ਮਈ ਮਹੀਨੇ ਵਿੱਚ ਹੀ ਚਾਲੂ ਕੀਤਾ ਗਿਆ ਸੀ। ਇਸ ਮਿਸਾਇਲ ਸ਼ੀਲਡ ਦਾ ਐਲਾਨੀਆ ਮਕਸਦ ਤਾਂ ਇਰਾਨ ਦੇ ਹਮਲਿਆਂ ਤੋਂ ਰੋਮਾਨੀਆ ਨੂੰ ਬਚਾਉਣਾ ਹੈ, ਪਰ ਰੂਸ ਦਾ ਮੰਨਣਾ ਹੈ ਕਿ ਇਸ ਦੀ ਹੋਂਦ ਰੂਸ ਨੂੰ ਨੇਟੋ ਹਮਲਿਆਂ ਸਨਮੁੱਖ ਕਮਜ਼ੋਰ ਕਰਦੀ ਹੈ।
ਅਮਰੀਕਾ ਵਲੋਂ ਪਹਿਲਾਂ ਰੋਮਾਨੀਆ ਵਿੱਚ ਮਿਸਾਇਲ ਸ਼ੀਲਡ ਦੀ ਸਥਾਪਨਾ ਅਤੇ ਹੁਣ ਆਪਣੇ ਰਣਨੀਤਕ ਨਿਊਕਲੀਅਰ ਹਥਿਆਰ ਉੱਥੇ ਟਰਾਂਸਫ਼ਰ ਕਰਨ ਕਾਰਨ ਰੂਸ ਨੂੰ ਗੁੱਸਾ ਆਉਣਾ ਲਾਜ਼ਮੀ ਹੈ ਅਤੇ ਅਮਰੀਕਾ ਦੇ ਇਹ ਕਦਮ ਰੂਸ ਦੀਆਂ ਸੁਰੱਖਿਆ ਚਿੰਤਾਵਾਂ ਵਿੱਚ ਵੀ ਇਜ਼ਾਫ਼ਾ ਕਰਨਗੇ। ਇਹ ਵੀ ਹੋ ਸਕਦਾ ਹੈ ਕਿ ਅਮਰੀਕਾ ਵਲੋਂ ਚੁੱਕੇ ਗਏ ਇਨ੍ਹਾਂ ਹਾਲੀਆ ਕਦਮਾਂ ਖ਼ਿਲਾਫ਼ ਰੂਸ ਕੋਈ ਨਾ ਕੋਈ ਬਦਲਾ ਲਊ ਕਾਰਵਾਈ ਵੀ ਕਰ ਦੇਵੇ। ਅਮਰੀਕਾ ਵਲੋਂ ਆਪਣੇ ਨਿਊਕਲੀਅਰ ਹਥਿਆਰਾਂ ਨੂੰ ਇੱਕ ਸਥਾਨ ਤੋਂ ਦੂਸਰੇ ‘ਤੇ ਮੂਵ ਕੀਤੇ ਜਾਣ ਦੀ ਪੁਸ਼ਟੀ ਕਦੇ ਨਹੀਂ ਕੀਤੀ ਗਈ, ਸੋ ਹਾਲ ਦੀ ਘੜੀ ਤੁਰਕੀ ਵਲੋਂ ਇਸ ਮਾਮਲੇ ‘ਤੇ ਕੋਈ ਵੀ ਜਨਤਕ ਬਿਆਨ ਜਾਰੀ ਨਹੀਂ ਕੀਤਾ ਜਾ ਰਿਹਾ, ਪਰ ਸੰਭਾਵਨਾ ਇਸੇ ਗੱਲ ਦੀ ਹੈ ਕਿ ਤੁਰਕੀ ਅਮਰੀਕਾ ਵਲੋਂ ਆਪਣੇ ਨਿਊਕਲੀਅਰ ਹਥਿਆਰ ਉਸ ਦੇ ਇਤਿਹਾਸਕ ਦੁਸ਼ਮਣ ਰੋਮਾਨੀਆ ਦੇ ਘਰ ਵਿੱਚ ਸ਼ਿਫ਼ਟ ਕਰਨ ਦੀ ‘ਹਰਕਤ’ ਨੂੰ ਵੀ ਤੁਰਕੀ ਪੱਛਮ ਵਲੋਂ ਉਸ ਦੀਆਂ ਨਿੱਤ ਦਿਨ ਕੀਤੀਆਂ ਜਾਂਦੀਆਂ ਹੱਤਕਾਂ ਦੀ ਸੂਚੀ ਵਿੱਚ ਹੀ ਜੋੜ ਕੇ ਦੇਖੇਗਾ। ਦੂਜੇ ਪਾਸੇ, ਰੋਮਾਨੀਆ ਨੇ ਇਸ ਗੱਲ ਤੋਂ ਉੱਕਾ ਹੀ ਇਨਕਾਰ ਕੀਤਾ ਹੈ ਕਿ ਕਿਸੇ ਵੀ ਕਿਸਮ ਦੇ ਕੋਈ ਨਿਊਕਲੀਅਰ ਹਥਿਆਰ ਤੁਰਕੀ ਤੋਂ ਉਨ੍ਹਾਂ ਦੇ ਮੁਲਕ ਵਿੱਚ ਟਰਾਂਸਫ਼ਰ ਕੀਤੇ ਗਏ ਹਨ। ਇੱਥੇ ਆਪਣੇ ਪਾਠਕਾਂ ਨੂੰ ਇਹ ਚੇਤੇ ਕਰਾਉਣਾ ਵੀ ਕੁਥਾਵੇਂ ਨਹੀਂ ਹੋਵੇਗਾ ਕਿ 1962 ਵਿੱਚ ਰੂਸ ਨੇ ਆਪਣੇ ਨਿਊਕਲੀਅਰ ਹਥਿਆਰ ਕਿਊਬਾ ਵਿੱਚ ਲੁਕੋਏ ਸਨ ਅਤੇ ਉਸ ਵੇਲੇ ਨਿਊਕਲੀਅਰ ਜੰਗ ਬੱਸ ਹੁੰਦੀ ਹੁੰਦੀ ਰਹਿ ਗਈ ਸੀ।
ਤੁਰਕੀ ਦੇ ਐਰਦੋਆਨ ਨੇ ਆਪਣੀ ਸੀਰੀਆ ਰਣਨੀਤੀ ਬਦਲੀ
ਤੁਰਕੀ ਨੇ ਆਪਣੀ ਸੀਰੀਆ ਰਣਨੀਤੀ ਵਿੱਚ ਵਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਅਤੀਤ ਵਿੱਚ, ਤੁਰਕੀ ਇਸ ਗੱਲ ‘ਤੇ ਬਜ਼ਿੱਦ ਰਿਹੈ ਕਿ ਕਿਸੇ ਵੀ ਸ਼ਾਂਤੀ ਪ੍ਰਕਿਰਿਆ ਦੀ ਸਫ਼ਲਤਾ ਦੀ ਗੈਰੰਟੀ ਦੇ ਤੌਰ ‘ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਾਦ ਨੂੰ ਜਾਣਾ ਪੈਣੈ। ਹੁਣ ਤੁਰਕੀ ਦੀ ਨਵੀਂ ਪੌਲਿਸੀ ਤਹਿਤ, ਅਸਾਦ ਕਿਸੇ ਵੀ ਸ਼ਾਂਤੀ ਸਮਝੌਤੇ ‘ਤੇ ਦਸਤਖ਼ਤ ਹੋਣ ਤੋਂ ਬਾਅਦ ਛੇ ਮਹੀਨਿਆਂ ਤਕ ਸੱਤਾ ਵਿੱਚ ਬਣਿਆ ਰਹਿ ਸਕਦਾ ਹੈ। ਯੋਜਨਾ ਵਿੱਚ ਇਸ ਅਚਣਚੇਤੀ ਤਬਦੀਲੀ ਦਾ ਕਾਰਨ ਹੈ ਕੁਰਦੀਆਂ ਦੀ ਨਿੱਤ ਦਿਨ ਵਧਦੀ ਤਾਕਤ। ਜੇ ਤੁਰਕੀ ਦੇ ਰਾਸ਼ਟਰਪਤੀ ਰੀਸੈਪ ਤੈਯੱਪ ਐਰਦੋਆਨ ਦੇ ਨੁਕਤਾ-ਏ-ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸੀਰੀਅਨ ਕੁਰਦ ਅਤਿਵਾਦੀ ਹਨ, ਅਤੇ ਉਹ ਤੁਰਕੀ ਵਿੱਚ ਕਤਲੋਗ਼ਾਰਤ ਵਿੱਚ ਸ਼ਾਮਿਲ ਕੁਰਦੀ ਅਤਿਵਾਦੀ ਗੁੱਟ PKK ਦੀ ਹੀ ਇੱਕ ਸ਼ਾਖਾ ਹਨ। ਪਰ, ਅਮਰੀਕਾ ਸੀਰੀਅਨ ਕੁਰਦਾਂ ਨੂੰ ਇਸਲਾਮਿਕ ਸਟੇਟ ਖ਼ਿਲਾਫ਼ ਲੜਨ ਲਈ ਵਰਤਦਾ ਰਿਹਾ ਹੈ ਅਤੇ ਕੁਰਦ ਉੱਤਰੀ ਸੀਰੀਆ ਦੇ ਇਲਾਕਿਆਂ ਉੱਪਰ ਕਬਜ਼ਾ ਕਰਦੇ ਰਹੇ ਹਨ।
ਜਿਵੇਂ ਕਿ ਅਸੀਂ ਅਤੀਤ ਵਿੱਚ ਵੀ ਇਨ੍ਹਾਂ ਕਾਲਮਾਂ ਵਿੱਚ ਲਿਖਦੇ ਰਹੇ ਹਾਂ ਕਿ ਤੁਰਕੀ ਲਈ ਇੱਕ ਬੁਰਾ ਸੁਪਨਾ ਸੱਚ ਹੋਣ ਵਾਲੀ ਸੂਰਤ ਇਹ ਹੋਵੇਗੀ ਕਿ ਕੁਰਦ ਉੱਤਰੀ ਸੀਰੀਆ ਵਿੱਚ ਬਹੁਤ ਸਾਰਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲੈਣ ਅਤੇ ਉਸ ਨੂੰ ਤੁਰਕੀ ਦੇ ਬੌਰਡਰ ਦੇ ਨਾਲ ਲਗਦੇ ਕੁਰਦੀ ਇਲਾਕਿਆਂ ਨਾਲ ਜੋੜ ਦੇਣ। ਫ਼ਿਰ ਕੁਰਦ ਲੋਕ ਸੀਰੀਆ ਵਿੱਚ ਹੀ ਇੱਕ ਵੱਖਰੇ ਕੁਰਦੀ ਰਾਜ, ਕੁਰਦਿਸਤਾਨ, ਦੀ ਮੰਗ ਕਰ ਸਕਦੇ ਹਨ ਜਿਸ ਵਿੱਚ ਫ਼ਿਰ ਤੁਰਕੀ ਦੀ ਸੀਮਾ ਦੇ ਨਾਲ ਲਗਦੇ ਕੁਰਦੀ ਇਲਾਕਿਆਂ ਨੂੰ ਮਿਲਾਇਆ ਜਾ ਸਕਦਾ ਹੈ ਅਤੇ ਕੁਰਦਿਸਤਾਨ ਨੂੰ ਇਰਾਕ ਤਕ ਖਿੱਚਿਆ ਜਾ ਸਕਦਾ ਹੈ। ਅਲ-ਅਸਾਦ ਹਕੂਮਤ ਲਈ ਵੀ ਇਹ ਸੀਨ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਇਸ ਸੂਰਤ ਵਿੱਚ ਉਸ ਕੋਲੋਂ ਸਾਰਾ ਉੱਤਰੀ ਸੀਰੀਆ ਖੁੱਸ ਜਾਵੇਗਾ। ਇਹ ਇਰਾਨ ਲਈ ਵੀ ਇੱਕ ਭੈੜਾ ਸੁਪਨਾ ਸੱਚ ਹੋਣ ਦੇ ਬਰਾਬਰ ਹੀ ਹੋਵੇਗਾ ਕਿਉਂਕਿ ਸੀਰੀਆ ਵਿੱਚ ਉਹ ਅਲ-ਅਸਾਦ ਦੀਆਂ ਫ਼ੌਜਾਂ ਦੇ ਨਾਲ ਰਲ ਕੇ ਲੜ ਰਿਹਾ ਹੈ, ਅਤੇ ਕਿਉਂਕਿ ਇਰਾਨ ਦੀ ਇਰਾਕ ਅਤੇ ਦੱਖਣੀ ਤੁਰਕੀ ਵਿੱਚ ਵਸਦੇ ਕੁਰਦੀਆਂ ਨਾਲ ਇਤਿਹਾਸਕ ਤੌਰ ‘ਤੇ ਦੁਸ਼ਮਣੀ ਰਹੀ ਹੈ।
ਇਰਾਨ ਅਤੇ ਸੀਰੀਆ ਇੱਕ ਦੂਸਰੇ ਦੇ ਰਣਨੀਤਕ ਸਾਥੀ ਹਨ, ਅਤੇ ਇਰਾਨ ਨੇ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਸੀਰੀਅਨ ਸਰਕਾਰ ਦੀ ਕਾਫ਼ੀ ਮਦਦ ਕੀਤੀ ਹੈ, ਜਿਸ ਵਿੱਚ ਉਸ ਨੂੰ ਜੰਗ ਲਈ ਲੋੜੀਂਦਾ ਸਾਜ਼ੋ ਸਾਮਾਨ ਮੁਹੱਈਆ ਕਰਾਉਣਾ, ਤਕਨੀਕੀ ਤੇ ਆਰਥਿਕ ਮਦਦ ਦੇਣਾ, ਅਤੇ, ਨਾਲ ਦੀ ਨਾਲ ਹੀ, ਸੀਰੀਅਨ ਫ਼ੌਜਾਂ ਨੂੰ ਟ੍ਰੇਨਿੰਗ ਤੇ ਜੰਗ ਵਿੱਚ ਲੜਨ ਲਈ ਸੈਨਿਕ ਪ੍ਰਦਾਨ ਕਰਨਾ ਸ਼ਾਮਿਲ ਹੈ। ਸੀਰੀਅਨ ਹਕੂਮਤ ਦੀ ਹੋਂਦ ਕਾਇਮ ਰੱਖਣਾ ਇਰਾਨ ਦੇ ਆਪਣੇ ਖੇਤਰੀ ਹਿਤਾਂ ਲਈ ਵੀ ਨਿਹਾਇਤ ਜ਼ਰੂਰੀ ਹੈ। ਇਰਾਨ ਦੇ ਸੁਪਰੀਮ ਲੀਡਰ, ਅਲੀ ਖ਼ਾਮਾਇਨੀ, ਨੇ ਸਤੰਬਰ 2011 ਵਿੱਚ ਉੱਚੀ ਸੁਰ ਵਿੱਚ ਸੀਰੀਅਨ ਹਕੂਮਤ ਦੀ ਹਮਾਇਤ ਕੀਤੀ ਸੀ। ਇਰਾਨੀ ਸੁਰੱਖਿਆ ਅਤੇ ਖ਼ੁਫ਼ੀਆ ਸੇਵਾਵਾਂ ਇੱਕ ਲੰਬੇ ਅਰਸੇ ਤੋਂ ਸੀਰੀਅਨ ਫ਼ੌਜ ਨੂੰ ਸਲਾਹ ਮਸ਼ਵਰਾ ਦਿੰਦੀਆਂ ਅਤੇ ਉਸ ਦੀ ਖ਼ੁਫ਼ੀਆ ਮਦਦ ਕਰਦੀਆਂ ਰਹੀਆਂ ਹਨ ਤਾਂ ਕਿ ਬਸ਼ਰ ਅਲ-ਅਸਾਦ ਦਾ ਸੱਤਾ ‘ਤੇ ਕਬਜ਼ਾ ਬਣਿਆ ਰਹੇ।
ਇਸ ਤਰ੍ਹਾਂ ਇਹ ਤੁਰਕੀ, ਇਰਾਨ ਅਤੇ ਅਲ-ਅਸਾਦ ਹਕੂਮਤ ਨੂੰ ਮਿਲਾ ਕੇ, ਇੱਕ ਆਰਜ਼ੀ ਥ੍ਰੀ-ਵੇਅ ਵਿਆਹ ਹੋ ਰਿਹਾ ਹੈ। ਤੁਰਕੀ ਦਾ ਅਸਾਦ ਨਾਲ ਇਹ ਨਵਾਂ ਗੱਠਜੋੜ ਉਸ ਦੀ ਰਣਨੀਤੀ ਵਿੱਚ ਇੱਕ ਬਹੁਤ ਵੱਡਾ ‘ਯੂ-ਟਰਨ’ ਹੈ, ਇੱਕ ਅਜਿਹਾ ਕੂਟਨੀਤਕ ਤੇ ਰਣਨੀਤਕ ਸ਼ਿਫ਼ਟ ਜਿਸ ਦੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤਕ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਆਪਣੀ ਇਹ ਨਵੀਂ ਯੋਜਨਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ, ਤੁਰਕੀ ਦੇ ਪ੍ਰਧਾਨ ਮੰਤਰੀ ਬਿਨਾਲੀ ਯੀਲਡੀਰਿਮ ਦਾ ਕਹਿਣਾ ਸੀ: ”ਮਸਲੇ ਦਾ ਹੱਲ ਲੱਭਣਾ ਅੱਜ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਗੱਲ ਹੈ। ਇਹ ਜ਼ਰੂਰੀ ਹੈ ਕਿ ਹੁਣ ਇਸ ਵਿੱਚ ਹੋਰ ਬੰਦੇ ਨਾ ਮਾਰੇ ਜਾਣ। ਜੇਕਰ ਅਸੀਂ ਉਨ੍ਹਾਂ ਲੋਕਾਂ ਨੂੰ ਬਚਾਉਣੈ, ਜੇਕਰ ਅਸੀਂ ਉਨ੍ਹਾਂ ਦੇ ਜ਼ਖ਼ਮਾਂ ‘ਤੇ ਮਰ੍ਹਮ ਲਗਾਉਣੀ ਹੈ, ਉਨ੍ਹਾਂ ਦੇ ਡੁੱਲ੍ਹਦੇ ਖ਼ੂਨ ਨੂੰ ਰੋਕਣੈ ਤਾਂ ਫ਼ਿਰ ਬਾਕੀ ਦੀਆਂ ਚੀਜ਼ਾਂ ਨੂੰ ਸਾਨੂੰ ਕੇਵਲ ਬੇਕਾਰ ਦਾ ਵਿਸਥਾਰ ਮੰਨ ਕੇ ਹੀ ਚੱਲਣਾ ਪੈਣੈ। ਇਨ੍ਹਾਂ ਬਾਕੀ ਦੀਆਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਦਾ ਹੱਲ ਵੀ ਲੱਭਿਆ ਜਾ ਸਕਦਾ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ, ਅਲ-ਅਸਾਦ ਅੰਤ ਨੂੰ ਸੀਰੀਆ ਨੂੰ ਇੱਕ ਸੂਤਰ ਵਿੱਚ ਪਿਰੋਣ ਵਾਲਾ ਨੇਤਾ ਸਾਬਿਤ ਨਹੀਂ ਹੋਣ ਵਾਲਾ, ਇਹ ਬਿਲਕੁਲ ਵੀ ਸੰਭਵ ਨਹੀਂ। ਇਸ ਮਾਮਲੇ ਵਿੱਚ ਸ਼ਾਮਿਲ ਪ੍ਰਮੁੱਖ ਮੁਲਕਾਂ – ਅਮਰੀਕਾ, ਰੂਸ, ਤੁਰਕੀ, ਸਾਊਦੀ ਅਰਬ ਅਤੇ ਹੋਰਨਾਂ – ਨੂੰ ਇਕੱਠੇ ਹੋਣਾ ਚਾਹੀਦੈ ਅਤੇ ਤੁਰਕੀ ਨੂੰ ਇਸ ਵਿੱਚ ਸਭ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ।”
ਇਹ ਚੀਜ਼ਾਂ ਹਮੇਸ਼ਾ ਸਿਆਸਤਦਾਨਾਂ ਦੇ ਮੂੰਹੋਂ ਨਿਕਲਦੀਆਂ ਕਿੰਨੀਆਂ ਸੁਹਣੀਆਂ ਲਗਦੀਆਂ ਨੇ ਨਾ? ਹੁਣ ਕਲਪਨਾ ਕਰੋ ਕਿ ਤੁਸੀਂ ਤਿੰਨ ਕੁ ਮਹੀਨਿਆਂ ਲਈ ਸੌਂ ਜਾਂਦੇ ਹੋ, ਫ਼ਿਰ ਜਦੋਂ ਤੁਸੀਂ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਦੇ ਹੋ ਤਾਂ ਦੇਖਦੇ ਹੋ ਕਿ ਇਹ ਕੀ ਹੋ ਚੁੱਕਾ ਹੈ … ਕਿਉਂਕਿ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਉਨ੍ਹਾਂ ਨੇ ਕਿਹਾ ਸੀ ਬਿਲਕੁਲ ਬਕਵਾਸ ਸੀ। ਮੇਰੇ ਨੁਕਤਾ-ਏ-ਨਜ਼ਰੀਏ ਤੋਂ, ਤੁਰਕੀ ਦੀ ਇਹ ਯੋਜਨਾ ਤਬਦੀਲੀ ਕੇਵਲ ਇੱਕ ਜਵਾਬੀ ਕਾਰਵਾਈ ਹੈ, ਇਸ ਲਈ ਬਿਲਕੁਲ ਬੇਕਾਰ ਵੀ। ਤੁਰਕੀ ਨੂੰ ਸੀਰੀਆ ਤੋਂ ਕਦੇ ਵੀ ਕੋਈ ਸ਼ਾਂਤੀ ਡੀਲ ਨਹੀਂ ਮਿਲਣ ਵਾਲੀ ਕਿਉਂਕਿ ਅਲ-ਅਸਾਦ ਉਸ ਵਕਤ ਤਕ ਕਿਸੇ ਵੀ ਸ਼ਾਂਤੀ ਵਾਰਤਾ ਲਈ ਰਾਜ਼ੀ ਹੀ ਨਹੀਂ ਹੋਵੇਗਾ ਜਦੋਂ ਤਕ ਸੀਰੀਆ ਵਿੱਚ ਮਾਰਨ ਵਾਲਾ ਇੱਕ ਵੀ ਸੁੰਨੀ ਮੌਜੂਦ ਹੈ। ਇਸ ਤੋਂ ਛੁੱਟ, ਅਲ-ਅਸਾਦ ਦੇ ਸ਼ੀਆ/ਐਲਾਵੀਟ ਅਤੇ ਇਰਾਨ ਦੇ ਸ਼ੀਆ ਇਤਿਹਾਸਕ ਤੌਰ ‘ਤੇ ਤੁਰਕੀ ਦੇ ਦੁਸ਼ਮਣ ਰਹੇ ਹਨ, ਸੋ ਇਹ ਜਿਹੜਾ ਸਹੂਲਤ ਦਾ ਵਿਆਹ ਇਨ੍ਹਾਂ ਤਿੰਨਾਂ ਧਿਰਾਂ ਦਰਮਿਆਨ ਕਰਵਾਇਆ ਗਿਆ ਹੈ, ਉਸੇ ਵਕਤ ਤਲਾਕ ਵਿੱਚ ਤਬਦੀਲ ਹੋ ਜਾਵੇਗਾ ਜਦੋਂ ਉਨ੍ਹਾਂ ਦੇ ਰਾਹ ਵਿੱਚ ਪਹਿਲਾ ਹੀ ਝਟਕਾ ਆ ਗਿਆ।
ਪੂਰਾ ਮਿਡਲਈਸਟ ਨੇੜਲੇ ਭਵਿੱਖ ਵਿੱਚ ਇੱਕ ਬਹੁਤ ਵੱਡੀ ਜੰਗ ਵਿੱਚ ਮੁਬਤਿਲਾ ਹੋਣ ਜਾ ਰਿਹਾ ਹੈ … ਬੇਸ਼ੱਕ ਉਹ ਇਜ਼ਰਾਈਲੀ-ਅਰਬ ਵਿਵਾਦ ਹੋਵੇ, ਸ਼ੀਆ ਸੁੰਨੀ ਫ਼ਿਰਕੂਵਾਦ ਜਾਂ ਫ਼ਿਰ ਕਿਸੇ ਹੋਰ ਕਿਸਮ ਦੀ ਕੋਈ ਫ਼ਿਰਕਾਪ੍ਰਸਤੀ, ਇਹ ਸਭ ਰਲ ਕੇ ਪੂਰੇ ਦੇ ਪੂਰੇ ਮਿਡਲਈਸਟ ਨੂੰ ਆਪਣੇ ਕਲਾਵੇ ਵਿੱਚ ਲੈ ਲੈਣਗੇ। ਜਦੋਂ ਜੰਗ ਮੁਕੇਗੀ ਤਾਂ ਫ਼ਿਰ ਇੱਕ ਬਹੁਤ ਵੱਡੀ ਅੰਤਰਰਾਸ਼ਟਰੀ ਸ਼ਾਂਤੀ ਵਾਰਤਾ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਸਾਰੇ ਪ੍ਰਮੁੱਖ ਦੇਸ਼ਾਂ ਦੇ ਸਿਆਸਤਦਾਨ ਸ਼ਾਮਿਲ ਹੋਣਗੇ ਅਤੇ ਉਹ ਸਾਰੇ ਰਲ ਕੇ ਮਿਡਲਈਸਟ ਦੀਆਂ ਨਵੀਆਂ ਫ਼ਿਰਕੂ ਸੀਮਾਵਾਂ ਨਿਰਧਾਰਿਤ ਕਰਨਗੇ। ਅਤੇ ਉਸ ਵੇਲੇ, ਜਦੋਂ ਵੀ ਉਹ ਵੇਲਾ ਆਵੇਗਾ, ਦੂਰ ਕਿਤੇ ਭਵਿੱਖ ਵਿੱਚ, ਤਾਂ ਕੁਰਦਾਂ ਨੂੰ ਸ਼ਾਇਦ ਉਨ੍ਹਾਂ ਦਾ ਆਪਣਾ ਇੱਕ ਕੁਰਦੀ ਰਾਸ਼ਟਰ ਮਿਲ ਜਾਵੇ ਜਾਂ ਫ਼ਿਰ ਸ਼ਾਇਦ ਨਾ ਹੀ ਮਿਲੇ … ਕੁਝ ਪਤਾ ਨਹੀਂ!

LEAVE A REPLY