1ਚੰਡੀਗੜ੍ਹ  : ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਵਿਚ ਚਲ ਰਹੀ ਚਰਚਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੰਜਾਬ ਦੇ ਕੁਝ ਆਗੂਆਂ ਸੰਬੰਧੀ ‘ਕਾਲੀ ਸੂਚੀ’ ਤਿਆਰ ਕੀਤੀ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਨੁੱਕਰੇ ਲਗਾਇਆ ਜਾ ਰਿਹਾ ਹੈ ਦਾ ਅੱਜ ਆਮ ਆਦਮੀ ਪਾਰਟੀ ਨੇ ਖੰਡਨ ਕਰਦਿਆਂ ਇਸਨੂੰ ਬੇ-ਬੁਨਿਆਦ, ਝੂਠ ਅਤੇ ਵਿਰੋਧੀ ਪਾਰਟੀਆਂ ਦੀ ਚਾਲ ਕਰਾਰ ਦਿੱਤਾ।
ਮੀਡੀਆ ਵਿਚ ਜਾਰੀ ਆਪਣੇ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਸਿਆਸੀ ਵਿਰੋਧੀਆਂ ਦੁਆਰਾ ਲੋਕਾਂ ਵਿਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਕੁਝ ਲੀਡਰਾਂ ਜਿੰਨ੍ਹਾਂ ਵਿਚ ਪਾਰਟੀ ਦੇ ਬੁਲਾਰੇ ਅਤੇ ਆਰਟੀਆਈ ਵਿੰਗ ਦੇ ਮੁਖੀ ਸੁਖਪਾਲ ਸਿੰਘ ਖਹਿਰਾ, ਪੰਜਾਬ ਡਾਇਲਾਗ ਕਮੇਟੀ ਦੇ ਮੁਖੀ ਅਤੇ ਬੁਲਾਰੇ ਕੰਵਰ ਸੰਧੂ ਅਤੇ ਐਡਮਨਿਸਟ੍ਰੇਟਿਵ ਅਤੇ ਸ਼ਿਕਾਇਤ ਸੈਲ ਦੇ ਮੁਖੀ ਜਸਬੀਰ ਸਿੰਘ ਬੀਰ ਸ਼ਾਮਲ ਹਨ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ। ਇਹ ਇਕ ਹਾਸੋ-ਹੀਣੀ ਅਤੇ ਝੂਠੀ ਅਫਵਾਹ ਤੋਂ ਬਿਨਾ ਕੁਝ ਵੀ ਨਹੀਂ ਹੈ।
ਸੰਜੇ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਪਾਰਟੀ ਦੇ ਤਰਜ਼ਮਾਨ ਹਨ ਅਤੇ ਇਸਦੇ ਨਾਲ ਹੀ ਉਹ ਆਰਟੀਆਈ ਵਿੰਗ ਦੇ ਮੁਖੀ ਵਜੋਂ ਸੇਵਾਵਾਂ ਦੇ ਰਹੇ ਹਨ। ਖਹਿਰਾ ਦੁਆਰਾ ਆਮ ਲੋਕਾਂ ਦੀ ਅਵਾਜ਼ ਚੁੱਕਣ ਕਾਰਨ ਲੋਕਾਂ ਵਿਚ ਉਨ੍ਹਾਂ ਦੀ ਮਕਬੂਲੀਅਤ ਤੋਂ ਘਬਰਾਏ ਵਿਰੋਧੀ ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ। ਕੰਵਰ ਸੰਧੂ ਬਾਰੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਦੀ ਸਭ ਤੋਂ ਵੱਡੀ ਜਿੰਮੇਵਾਰੀ ਪਾਰਟੀ ਦਾ ਚੋਣ ਮਨੋਰਥ ਪੱਤਰ ਬਣਾਉਣ ਵਾਲੀ ਕਮੇਟੀ ਦੇ ਮੁੱਖੀ ਸੰਧੂ ਹੀ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾ ਵੀ ਪਾਰਟੀ ਵੱਖ-ਵੱਖ ਮੁਦਿਆਂ ਤੇ ਸੰਧੂ ਤੋਂ ਉਨ੍ਹਾਂ ਦੇ ਤਜ਼ਰਬੇ ਤੇ ਅਧਾਰਿਤ ਸਲਾਹ-ਮਸ਼ਵਰਾ ਲੈਂਦੀ ਰਹਿੰਦੀ ਹੈ। ਇਕ ਚੰਗੇ ਬੁਲਾਰੇ ਵਜੋਂ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਸੰਧੂ ਦੀ ਚੜ੍ਹਤ ਦਾ ਮੁਕਾਬਲਾ ਵਿਰੋਧੀ ਹੁਣ ਕੂੜ ਪ੍ਰਚਾਰ ਕਰਕੇ ਕਰਨ ਦੀ ਕੋਸ਼ਿਸ ਕਰ ਰਹੇ ਹਨ।
ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਸਬੀਰ ਸਿੰਘ ਬੀਰ ਅਤੇ ਹੋਰ ਆਗੂ ਪਾਰਟੀ ਲਈ ਅਣਮੁੱਲੀਆਂ ਸੇਵਾਵਾਂ ਦੇ ਰਹੇ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਆਂਕਿਆ ਜਾ ਸਕਦਾ। ਮਾਨ ਨੇ ਕਿਹਾ ਕਿ ਪਾਰਟੀ ਵਿਚਲੀ ਕਾਲੀ ਸੂਚੀ ਦੀ ਗੱਲ ਵਿਰੋਧੀਆਂ ਦੀ ਸਾਜਿਸ਼ ਹੈ ਅਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਇਕ ਆਮ ਵਰਕਰ ਤੋਂ ਲੈ ਕੇ ਲੀਡਰ ਤੱਕ ਆਪਣੀ-ਆਪਣੀ ਜਿੰਮੇਵਾਰੀ ਨਿਭਾਉਂਦੇ ਹਨ ਕਿਸੇ ਨੂੰ ਵੱਧ ਜਾਂ ਘੱਟ ਅਹਿਮੀਅਤ ਦੇਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ।

LEAVE A REPLY