5ਚੰਡੀਗੜ੍ਹ  : ਜਲੰਧਰ ‘ਚ ਰਾਸ਼ਟਰੀ ਸਵੈਂਸੇਵਕ ਸੰਘ ਦੇ ਸੀਨੀਅਰ ਆਗੂ ਬ੍ਰਿਗੇਡਿਅਰ ਜਗਦੀਸ਼ ਗਗਨੇਜ਼ਾ ‘ਤੇ ਕਾਤਿਲਾਨਾ ਹਮਲੇ ਦੀ ਜਾਂਚ ਨੂੰ ਸੀ.ਬੀ.ਆਈ ਹਵਾਲੇ ਕੀਤੇ ਜਾਣ ਦਾ ਸਵਾਗਤ ਕਰਦਿਆਂ ਪੰਜਾਬ ‘ਚ ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਇਸ ਤੋਂ ਸੂਬੇ ਦੀਆਂ ਜਾਂਚ ਏਜੰਸੀਆਂ ਦੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਨਾਕਾਮੀ ਦਾ ਪਤਾ ਚੱਲਦਾ ਹੈ। ਅਜਿਹੇ ‘ਚ ਸੁਖਬੀਰ ਨੂੰ ਬਤੌਰ ਗ੍ਰਹਿ ਮੰਤਰੀ ਆਪਣੀ ਨਾਕਾਮੀ ਨੂੰ ਸਵੀਕਾਰ ਕਰਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਇਹ ਤੀਜ਼ਾ ਵੱਡਾ ਮਾਮਲਾ ਹੈ, ਜਿਸ ‘ਚ ਸੂਬੇ ਦੀਆਂ ਜਾਂਚ ਏਜੰਸੀਆਂ ਦੋਸ਼ੀਆਂ ਨੂੰ ਕਾਬੂ ਕਰਨ ‘ਚ ਨਾਕਾਮ ਰਹੀਆਂ ਹਨ। ਇਸ ਲੜੀ ਹੇਠ ਪਹਿਲਾ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀ ਘਟਨਾ ਸੀ, ਜਿਸਨੇ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਲੜੀ ਸ਼ੁਰੂ ਕੀਤੀ। ਪੁਲਿਸ 1 ਜੂਨ, 2015 ਨੂੰ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗਾਇਬ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੱਭਣ ‘ਚ ਵੀ ਨਾਕਾਮ ਰਹੀ ਹੈ। ਦੂਜਾ ਮਾਮਲਾ ਮਾਤਾ ਚੰਦ ਕੌਰ ਜੀ ਦੀ ਭੈਣੀ ਸਾਹਿਬ ਵਿਖੇ ਹੱਤਿਆ ਸੀ ਅਤੇ ਤੀਜ਼ਾ ਹਮਲਾ ਜਲੰਧਰ ਦੇ ਵਿਅਸਤ ਬਜ਼ਾਰ ‘ਚ ਬਿਗ੍ਰੇਡਿਅਰ ਗਗਨੇਜ਼ਾ ‘ਤੇ ਹੋਇਆ ਹਮਲਾ ਹੈ। ਲੇਕਿਨ ਸੂਬਾ ਸਰਕਾਰ ਦੀਆਂ ਏਜੰਸੀਆਂ ਤਿੰਨਾਂ ‘ਚ ਫੇਲ੍ਹ ਰਹੀਆਂ ਹਨ। ਬਤੌਰ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਬੇਇਜੱਤ ਹੋ ਚੁੱਕੇ ਹਨ। ਇਥੋਂ ਤੱਕ ਕਿ ਦੀਨਾ ਨਗਰ ਤੇ ਪਠਾਨਕੋਟ ਹਮਲੇ ਮਾਮਲੇ ‘ਚ ਵੀ ਸੂਬੇ ਦੀਆਂ ਇੰਟੈਲੀਜੈਂਸ ਤੇ ਜਾਂਚ ਏਜੰਸੀਆਂ ਸਵਾਲਾਂ ਦੇ ਘੇਰੇ ‘ਚ ਹਨ। ਵਾਰ ਵਾਰ ਸੂਚਨਾ ਮਿੱਲਣ ਦੇ ਬਾਵਜੂਦ ਇੰਟੈਲੀਜੈਂਸ ਏਜੰਸੀਆਂ ਪੂਰੀ ਤਰ੍ਹਾਂ ਨਾਕਾਮ ਰਹੀਆਂ।
ਚੰਨੀ ਨੇ ਦੋਸ਼ ਲਗਾਇਆ ਕਿ ਇਸ ਸੱਭ ਦਾ ਮੂਲ ਕਾਰਨ ਅਕਾਲੀ ਭਾਜਪਾ ਸ਼ਾਸਨਕਾਲ ਦੌਰਾਨ ਪੁਲਿਸ ਦਾ ਸਿਆਸੀਕਰਨ ਹੈ, ਜਿਸਨੇ ਪੰਜਾਬ ਪੁਲਿਸ ਦੇ ਪ੍ਰੋਫੈਸ਼ਨਲਿਜ਼ਮ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਉਹੀ ਫੋਰਸ ਹੈ, ਜਿਸਨੇ ਅੱਤਵਾਦ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਸੀ ਅਤੇ ਪੰਜਾਬ ਇਕੋਮਾਤਰ ਸੂਬਾ ਹੈ, ਜਿਥੇ ਹਾਲਾਤ ਕੰਟਰੋਲ ‘ਚ ਆਏ ਹਨ। ਹਾਲਾਂਕਿ, 2007 ਤੋਂ ਬਾਅਦ ਵਰਤਮਾਨ ਸ਼ਾਸਨ ਦੇ ਸੱਤਾ ‘ਚ ਆਉਣ ‘ਤੇ ਹਾਲਾਤ ਬਿਗੜਨੇ ਸ਼ੁਰੂ ਹੋ ਗਏ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅੰਕੜਿਆਂ ਦੇ ਮੱਦੇਨਜ਼ਰ ਡਿਪਟੀ ਮੁੱਖ ਮੰਤਰੀ ਨੂੰ ਸਿਰਫ ਪੰਜਾਬ ਦੇ ਦੂਜੇ ਸੂਬਿਆਂ ਮੁਕਾਬਲੇ ਬੇਹਤਰ ਹੋਣ ਸਬੰਧੀ ਦਾਅਵੇ ਕਰਨ ਲਈ ਜਾਣਿਆ ਜਾਂਦਾ ਹੈ, ਜਦਕਿ ਇਹ ਕੇਸ ਸਾਬਤ ਕਰਦੇ ਹਨ ਕਿ ਸੂਬਾ ਪੁਲਿਸ ਕਿੰਨੀ ਫੇਲ੍ਹ ਹੋ ਚੁੱਕੀ ਹੈ। ਸੁਖਬੀਰ ਬਾਦਲ ਨੂੰ ਘੱਟੋਂ ਘੱਟ ਨੈਤਿਕ ਜ਼ਿੰਮੇਵਾਰੀ ਲੈਣ ਅਤੇ ਅਸਤੀਫਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਨਹੀਂ ਤਾਂ, ਕੁਝ ਮਹੀਨਿਆਂ ਦਾ ਸਮਾਂ ਰਹਿ ਗਿਆ ਹੈ, ਜਦੋਂ ਲੋਕ ਇਸ ਸਰਕਾਰ ਨੂੰ ਉਖਾੜ ਕੇ ਬਾਹਰ ਸੁੱਟ ਦੇਣਗੇ।

LEAVE A REPLY