walia-bigਸੋਨੀ ਟੀ. ਵੀ. ਦੇ ਕਾਮੇਡੀ ਸ਼ੋਅ ‘ਕਾਮੇਡੀ ਨਾਈਟਸ ਵਿਦ ਕਪਿਲ’ ਵਿਚ ਕਪਿਲ ਸ਼ਰਮਾ ਫਿਲਮੀ ਸਟਾਰ ਅਕਸ਼ੈ ਕੁਮਾਰ ਨੂੰ ਇਕ ਸਵਾਲ ਪੁੱਛਦਾ ਹੈ ”ਨਵਜੋਤ ਸਿੰਘ ਸਿੱਧੂ ਇਨਕੇ ਹੈਂ, ਹਮਾਰੇ ਹੈ ਜਾਂ ‘ਆਪ’ ਕੇ ਹੈਂ? ਨਵਜੋਤ ਸਿੰਘ ਸਿੱਧੂ ਦਾ ਜਵਾਬ ਸੀ:
”ਨਵਜੋਤ ਸਿੰਘ ਨਾ ਤਾਪ ਕੇ ਹੈਂ ਨਾ ਆਪ ਕੇ ਹੈਂ। ਵੋ ਤੋ ਆਪਣੇ ਬਾਪ ਕੇ ਹੈਂ।
ਸਿੱਧੂ ਦੇ ਜਵਾਬ ਤੋਂ ਹੀ ਕਿਆਸ ਅਰਾਈ ਲਗਾਈ ਜਾਵੇ ਕਿ ਉਸਦਾ ‘ਆਪ’ ਨਾਲ ਮੋਹ ਪੈਣ ਤੋਂ ਪਹਿਲਾਂ ਹੀ ਮੋਹ ਭੰਗ ਹੋ ਗਿਆ। ਕੁਝ ਅਜਿਹਾ ਹੀ ਇਸ਼ਾਰਾ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਟਵੀਟ ਨੇ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਲਿਖਿਆ ਹੈ, ”ਕਿਆ ਨਵਜੋਤ ਸਿੰਘ ਸਿੱਧੂ ‘ਆਪ’ ਜੁਆਇਨ ਕਰੇਂਗੇ, ਇਸੇ ਲੇਕਰ ਕਈ ਤਰਾ ਕੀ ਅਫਵਾਹੇਂ ਹੈ। ਇਸ ਲੀਏ ਮੇਰਾ ਫਰਜ਼ ਬਨਤਾ ਹੈ ਕਿ ਮੈਂ ਪਾਰਟੀ ਕਾ ਪਕਸ਼ ਰੱਖੂੰ। ਹਮਾਰੇ ਮਨ ਮੇਂ ਇਸ ਕ੍ਰਿਕਟ ਦਿਗਜ਼ ਕੇ ਲੀਏ ਬਹੁਤ ਸਨਮਾਨ ਹੈ” ਕੇਜਰੀਵਾਲ ਨੇ ਇਹ ਵੀ ਲਿਖਿਆ ਹੈ ਕਿ ਸਿੱਧੂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਕੋਈ ਸ਼ਰਤ ਨਹੀਂ ਰੱਖੀ। ਉਹਨਾਂ ਸੋਚਣ ਲਈ ਥੋੜ੍ਹਾ ਸਮਾਂ ਮੰਗਿਆ ਹੈ। ਇਸ ਗੱਲ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਇਹ ਵੀ ਲਿਖਿਆ ਹੈ ਕਿ ਸਿੱਧੂ ਇਕ ਦਿਗਜ਼ ਕ੍ਰਿਕਟਰ ਅਤੇ ਸ਼ਖਸੀਅਤ ਹਨ। ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾਂ ਨਾ ਪਰ ਉਨ੍ਹਾਂ ਪ੍ਰਤੀ ਸਤਿਕਾਰ ਬਣਿਆ ਰਹੇਗਾ। ਇਉਂ ਅਰਵਿੰਦ ਕੇਜਰੀਵਾਲ ਨੇ ਗੇਂਦ ਨਵਜੋਤ ਸਿੱਧੂ ਦੇ ਪਾਲੇ ਵਿਚ ਸੁੱਟ ਦਿੱਤੀ ਹੈ।
ਇਸ ਗੱਲ ਦੀ ਚਰਚਾ ਜ਼ੋਰਾਂ ‘ਤੇ ਰਹੀ ਕਿ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਦੋ ਸ਼ਰਤਾਂ ਰੱਖੀਆਂ ਸਨ। ਪਹਿਲੀ ਉਹਨਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ‘ਤੇ ਪੇਸ਼ ਕੀਤਾ ਜਾਵੇ। ਦੂਜੀ- ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੁੰ ਵੀ ਟਿਕਟ ਦਿੱਤੀ ਜਾਵੇ। ਆਮ ਆਦਮੀ ਪਾਰਟੀ ਨੇ ਆਪਣੇ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਇਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ। ‘ਆਪ’ ਨੇ ਸਿੱਧੂ ਦੀ ਦੂਜੀ ਸ਼ਰਤ ਕਿ ਉਸਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ, ਵੀ ਨਹੀਂ ਮੰਨੀ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਜਿਸ ਦਿਨ ਨਵਜੋਤ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਸੀ, ਉਸ ਦਿਨ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਆਦਿ ਵੱਡੀ ਗਿਣਤੀ ਆਪ ਨੇਤਾਵਾਂ ਨੇ ਸਿੱਧੂ ਦੇ ਅਸਤੀਫੇ ਨੂੰ ਇਕ ਵੱਡੇ ਹੌਸਲੇ ਵਾਲਾ ਕਦਮ ਕਹਿ ਕੇ ਸਿੱਧੂ ਦੇ ਇਸ ਕਦਮ ਦਾ ਸਨਮਾਨ ਕੀਤਾ ਸੀ। ਸੰਜੇ ਸਿੰਘ ਨੇ ਤਾਂ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਇਸ਼ਾਰਾ ਵੀ ਕੀਤਾ ਸੀ। ਹਿੰਦੁਸਤਾਨ ਦੇ ਮੀਡੀਆ ਨੇ ਵੀ ਸਿੱਧੂ ਦੇ ਰਾਜ ਸਭਾ ਵੱਲੋਂ ਦਿੱਤੇ ਅਸਤੀਫੇ ਨੂੰ ਬਹੁਤ ਉਛਾਲਿਆ ਸੀ ਅਤੇ ਸਿੱਧੂ ਜੋੜੀ ਵੱਲੋਂ ‘ਆਪ’ ਵਿਚ ਸ਼ਾਮਲ ਹੋਣ ਬਾਰੇ ਖੂਬ ਚਰਚਾ ਕੀਤੀ ਸੀ। ਦੂਜੇ ਪਾਸੇ ਸੁੱਚਾ ਸਿੰਘ ਛੋਟੇਪੁਰ ਅਤੇ ਭਗਵੰਤ ਮਾਨ ਨੇ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦਾ ਵਿਰੋਧ ਕੀਤਾ ਸੀ। ਉਧਰ ਸਿੱਧੂ ਨੇ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਉਤੇ ਤਾਂ ਹਮਲਾ ਬੋਲਿਆ ਸੀ ਪਰ ਆਪ ਵਿਚ ਸ਼ਾਮਲ ਹੋਣ ਬਾਰੇ ਚੁੱਪੀ ਵੱਟੀ ਰੱਖੀ ਸੀ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਈ ਵਾਰ ਮੀਡੀਆ ਨਾਲ ਗੱਲ ਕੀਤੀ ਪਰ ਨਵਜੋਤ ਸਿੱਧੂ ਦੇ ਆਪ ਵਿਚ ਸ਼ਾਮਲ ਹੋਣ ਦੀ ਗੱਲ ਦੀ ਕਦੇ ਵੀ ਪੁਸ਼ਟੀ ਨਹੀਂ ਕੀਤੀ। ਇਹ ਗੱਲ ਵੀ ਸੱਚ ਹੈ ਕਿ ਸ੍ਰੀਮਤੀ ਨਵਜੋਤ ਕੌਰ ਸਿੱਧੂ ਨੇ ਕਦੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਉਹ ਆਪ ਵਿਚ ਸ਼ਾਮਲ ਨਹੀਂ ਹੋਣਗੇ। ਇਹ ਗੱਲ ਤਾਂ ਸਾਰੇ ਸਿਆਸੀ ਹਲਕਿਆਂ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਨਾਖੁਸ਼ ਸਨ। ਇਹ ਵੀ ਪਤਾ ਹੈ ਕਿ ਇਨ੍ਹਾਂ ਨਵਜੋਤ ਦੀ ਟਿਕਟ ਕਟਵਾ ਕੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਸੀ। ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਵੀ ਜੱਗ ਜ਼ਾਹਿਰ ਸੀ।
ਇਹ ਗੱਲ ਹੈਰਾਨੀ ਵਾਲੀ ਹੈ ਕਿ ਅਜਿਹੀ ਕਿਹੜੀ ਘਟਨਾ ਵਾਪਰ ਗਈ ਸੀ ਕਿ ਨਵਜੋਤ ਸਿੱਧੂ ਅਚਾਨਕ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਜਿਸ ਢੰਗ ਨਾਲ ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਹੈ, ਇਹ ਢੰਗ ਕਈ ਸਵਾਲ ਖੜ੍ਹੇ ਕਰਦਾ ਹੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਅਗਰ ਸਿੱਧੂ ਟਿਕਟ ਨਾ ਮਿਲਣ ਕਾਰਨ ਨਰਜ਼ ਸੀ ਤਾਂ ਉਹ ਲੋਕ ਸਭਾ ਚੋਣਾਂ ਦੌਰਾਨ ਹੀ ਭਾਜਪਾ ਨੂੰ ਅਲਵਿਦਾ ਕਹਿ ਸਕਦੇ ਸਨ। ਲੇਕਿਨ ਸਿੱਧੂ ਨਾ ਸਿਰਫ ਪਾਰਟੀ ਵਿਚ ਬਣੇ ਰਹੇ ਸਗੋਂ ਉਹਨਾਂ ਹਰਿਆਣਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਭਾਜਪਾ ਲਈ ਧੂੰਆਧਾਰ ਪ੍ਰਚਾਰ ਕੀਤਾ। ਪਾਰਟੀ ਨੇ ਸਿੱਧੂ ਦੀਆਂ ਸੇਵਾਵਾਂ ਦਾ ਮੁੱਲ ਪਾਇਆ ਅਤੇ ਉਹਨਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ। ਦੂਜਾ ਵੱਡਾ ਸਵਾਲ ਹੈ ਕਿ ਰਾਜ ਸਭਾ ਵਿਚ ਸਹੁੰ ਚੁੱਕਣ ਤੋਂ ਤਿੰਨ ਮਹੀਨੇ ਬਾਅਦ ਹੀ ਸਿੱਧੂ ਨੇ ਅਸਤੀਫਾ ਦੇ ਦਿੰਤਾ। ਜੇ ਨਵਜੋਤ ਸਿੱਧੂ ਨੇ ਇਉਂ ਅਸਤੀਫਾ ਹੀ ਦੇਣਾ ਸੀ ਤਾਂ ਰਾਜ ਸਭਾ ਦੀ ਮੈਂਬਰੀ ਮਨਜ਼ੂਰ ਹੀ ਕਿਉਂ ਕੀਤੀ ਸੀ। ਅਸਤੀਫੇ ਤੋਂ ਬਾਅਦ ਕੀਤੀ ਆਪਣੀ ਪ੍ਰੈਸ ਕਾਨਫਰੰਸ ਵਿਚ ਇਹ ਕਹਿਣਾ ਕਿ ਮੈਨੂੰ ਪੰਜਾਬ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ, ਗੱਲ ਹਜ਼ਮ ਹੋਣ ਵਾਲੀ ਨਹੀਂ। ਇਸ ਗੱਲ ਦੀ ਵੀ ਚਰਚਾ ਹੈ ਕਿ ਜਿਸ ਬੰਦੇ ਦਾ ਸਿੱਧੂ ਨੇ ਰੱਜ ਕੇ ਮਜ਼ਾਕ ਉਡਾਇਆ, ਜਿਸ ਕੇਜਰੀਵਾਲ ਨੂੰ ‘ਨੌਟੰਕੀਬਾਜ਼’ ਕਿਹਾ, ਜਿਸ ਬਾਰੇ ਇਹ ਕਿਹਾ ਕਿ ਜੋ ਆਪਣੀ ਖੰਘ ਨਹੀਂ ਹਟਾ ਸਕਦਾ ਉਹ ਦਿੱਲੀ ਦਾ ਕੀ ਕਰੂ। ਉਹੀ ਕੇਜਰੀਵਾਲ ਸਿੱਧੂ ਨੂੰ ਅਸਤੀਫੇ ਤੋਂ ਬਾਅਦ ‘ਸਲੂਟ’ ਕਰਦਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦਾ ਹੈ। ਅੱਗ ਤਾਂ ਦੋਵੇਂ ਪਾਸੇ ਸੀ ਉਂਝ ਹੀ ਨਹੀਂ ਧੂੰਆ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਸੀ।
ਅਰਵਿੰਦ ਕੇਜਰੀਵਾਲ ਪੰਜਾਬ ਜਿੱਤਣਾ ਚਾਹੁੰਦਾ ਹੈ। ਪੰਜਾਬ ਜਿੱਤਣ ਲਈ ਪੰਜਾਬੀਆਂ ਦੀ ਲੋੜ ਹੈ, ਉਹਨਾਂ ਪੰਜਾਬੀਆਂ ਦੀ ਲੋੜ ਹੈ, ਜਿਹਨਾਂ ਦਾ ਨਾਮ ਹੋਵੇ। ਜਿਹਨਾਂ ਦਾ ਦਾਮਨ ਸਾਫ ਹੋਵੇ, ਜੋ ਅਕਾਲੀਆਂ ਖਾਸ ਤੌਰ ‘ਤੇ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਦੇ ਵਿਰੁੱਧ ਹੋਣ। ਕੇਜਰੀਵਾਲ ਨੂੰ ਲੱਗਿਆ ਕਿ ਉਸਦੇ ਕੰਮ ਨੂੰ ਸਿੱਧਾ ਕਰਨ ਲਈ ਸਿੱਧੂ ਵੱਡਾ ਹਥਿਆਰ ਬਣ ਸਕਦਾ ਹੈ। ਉਂਝ ਵੀ ਸਿੱਧੂ ਕਈ ਖੇਤਰਾਂ ਵਿਚ ਜਾਣਿਆ ਪਹਿਚਾਦਿਆ ਨਾਮ ਹੈ। ਨਵਜੋਤ ਸਿੱਧੂ 1983-1999 ਤੱਕ ਲਗਾਤਾਰ 16 ਸਾਲ ਹਿੰਦੁਸਤਾਨ ਦੀ ਕ੍ਰਿਕਟ ਦਾ ਵੱਡਾ ਸਟਾਰ ਰਿਹਾ। 1987 ਦੇ ਵਿਸ਼ਵ ਕੱਪ ਵਿਚ ਉਸਨੇ ਹਰ ਪਾਰੀ ਵਿਚ ਅਰਧ ਸੈਂਕੜਾ ਬਣਾਇਆ ਸੀ। 1989 ਵਿਚ ਦੇਸ਼ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਵਿਰੁੱਧ ਉਸਨੇ ਸੈਂਕੜਾ ਬਣਾਇਆ ਸੀ। ਨਵਜੋਤ ਸਿੱਧੂ ਨੇ 1993, 1994 ਅਤੇ 1997 ਵਿਚ ਹਰ ਵਰ੍ਹੇ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ 500 ਤੋਂ ਜ਼ਿਆਦਾ ਰਨ ਬਟੋਰੇ ਸਨ। ਛੱਕੇ ਮਾਰਨ ਵਾਲੇ ਸਰਦਾਰ ਦੇ ਤੌਰ ‘ਤੇ ਪ੍ਰਸਿੱਧ ਸੀ ਨਵਜੋਤ ਸਿੱਧੂ। ਇਸੇ ਪ੍ਰਸਿੱਧੀ ਨੇ ਉਸਨੂੰ ਕ੍ਰਿਕਟ ਕਮੈਂਟੇਟਰ ਬਣਾਇਆ। ਉਸਦੀ ਸ਼ੈਲੀ ਅਤੇ ਭਾਸ਼ਾ ਉਪਰ ਕਮਾਂਡ ਨੇ ਉਸਨੂੰ ਹਰਮਨ ਪਿਆਰਾ ਕਮੈਂਟੇਟਰ ਬਣਾ ਦਿੱਤਾ। ਉਸਦੀ ਹਾਜ਼ਰ ਜਵਾਬੀ, ਯਾਦ ਸ਼ਕਤੀ ਅਤੇ ਅਦਾਇਗੀ ਦੀ ਸ਼ੈਲੀ ਨੇ ਉਸਨੂੰ ਦੇਸ਼ ਦਾ ਹਰਮਨ ਪਿਆਰਾ ਚਿਹਰਾ ਬਣਾ ਦਿੱਤਾ। ਟੀ. ਵੀ. ਕਲਾਕਾਰ ਵਜੋਂ ਵੀ ਉਸਨੇ ਵੱਡਾ ਨਾਮਣਾ ਖੱਟਿਆ। ‘ਬਿੱਗ ਬਾਸ’ ਵਰਗੇ ਪਾਪੂਲਰ ਪ੍ਰੋਗਰਾਮ ਦਾ ਹਿੱਸਾ ਬਣਿਆ। ਕਪਿਲ ਸ਼ਰਮਾ ਸ਼ੋਅ ਨੇ ਉਸਦੀ ਪ੍ਰਸਿੱਧੀ ਨੂੰ ਚਾਰ ਚੰਨ ਲਾ ਦਿੱਤੇ। ਨਵਜੋਤ ਸਿੱਧੂ ਦੀ ਇਸੇ ਹਰਮਨ ਪਿਆਰਤਾ ਦਾ ਫਾਇਦਾ ਉਠਾਉਣ ਖਾਤਰ ਹੀ 2004 ਵਿਚ ਭਾਰਤੀ ਜਨਤਾ ਪਾਰਟੀ ਨੇ ਉਸਨੂੰ ਅੰਮ੍ਰਿਤਸਰ ਲੋਕ ਸਭਾ ਦਾ ਟਿਕਟ ਦਿੱਤਾ ਸੀ। ਨਵਜੋਤ ਪਾਰਟੀ ਦੀਆਂ ਉਮੀਦਾਂ ‘ਤੇ ਖਰਾ ਉਤਰਿਆ। ਇਕ ਵਾਰ ਨਹੀਂ ਚਾਰ ਵਾਰ ਜਿੱਤਿਆ। ਅਜਿਹੇ ਉਮੀਦਵਾਰ ਨੂੰ ਟਿਕਟ ਨਾ ਦੇ ਕੇ ਭਾਜਪਾ ਨੇ ਉਸਦੇ ਦਿਲ ਨੂੰ ਦੁੱਖ ਪਹੁੰਚਾਇਆ। ਕਲਾਕਾਰ ਦਾ ਦਿਲ ਹੈ, ਭਾਵੁਕ ਹੈ, ਜਜ਼ਬਾਤੀ ਹੈ। ਇਸੇ ਭਾਵੁਕਤਾ ਦਾ ਫਾਇਦਾ ਅਰਵਿੰਦ ਕੇਜਰੀਵਾਲ ਲੈਣਾ ਚਾਹੁੰਦਾ ਸੀ।
ਆਮ ਆਦਮੀ ਪਾਰਟੀ ਦੇ ਕਨਵੀਨਰ ਲਈ ਫਰਵਰੀ 17 ਦੀਆਂ ਚੋਣਾਂ ਵਿਚ ਨਵਜੋਤ ਸਿੱਧੂ ਅਗਨਬਾਣ ਸਿੱਧ ਹੋ ਸਕਦਾ ਹੈ। ਇਹਨਾਂ ਗਿਣਤੀਆਂ ਮਿਣਤੀਆਂ ਨਾਲ ਸਿੱਧੂ ਨਾਲ ਵੱਡੇ ਵਾਅਦੇ ਕੀਤੇ ਗਏ। ਉਧਰ ਸਿੱਧੂ ਵੀ ਆਕਾਂਖਿਆਵਾਦੀ ਹੈ, ਉਸਦੇ ਸੁਪਨੇ ਵੀ ਵੱਡੇ ਹਨ। ਉਹ ਵੀ ਪੰਜਾਬ ਦਾ ਮੁੱਖ ਮੰਤਰੀ ਬਣਨਾ ਲੋਚਦਾ ਹੈ। ਮਜੀਠੀਆ ਤੋਂ ਆਪਣੀ ਹੋਈ ਹੇਠੀ ਦਾ ਬਦਲਾ ਲੈਣਾ ਚਾਹੁੰਦਾ ਹੈ। ਉਸਨੂੰ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਕੋਈ ਧਿਰ ਦੀ ਜ਼ਰੂਰਤ ਹੈ। ਭਾਰਤੀ ਜਨਤਾ ਪਾਰਟੀ ਵਿਚ ਰਹਿ ਕੇ ਅਜਿਹਾ ਹੋਣਾ ਤਦ ਹੀ ਸੰਭਵ ਹੋ ਸਕਦਾ ਸੀ ਜੇਕਰ ਉਸਨੂੰ ਕੈਬਨਿਟ ਮੰਤਰੀ ਬਣਾਇਆ ਜਾਂਦਾ ਜਾਂ ਫਿਰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਬਣਨ ਦੀ ਉਸਦੀ ਲਾਲਸਾ ਸੀ। ਉਹ ਕਿਸੇ ਵੀ ਤਰੀਕੇ ਨਾਲ ਆਪਣਾ ਸਿਆਸੀ ਕੱਦ ਆਪਣੇ ਜਜ਼ਬਾਤੀ ਵਿਰੋਧੀਆਂ ਤੋਂ ਜੇ ਵੱਧ ਨਹੀਂ ਤਾਂ ਘੱਟੋ ਘੱਟ ਬਰਾਬਰ ਜ਼ਰੂਰ ਕਰਨਾ ਚਾਹੁੰਦਾ ਸੀ। ਨਵਜੋਤ ਸਿੱਧੂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਭਾਜਪਾ ਨੇ ਜੋ ਉਸਨੂੰ ਵੱਧ ਤੋਂ ਵੱਧ ਦੇਣਾ ਸੀ, ਉਹ ਦੇ ਦਿੰਤਾ ਹੈ। ਸਿੱਧੂ ਮੰਤਰੀ ਵੀ ਨਾ ਬਣਿਆ ਅਤੇ ਨਾ ਹੀ ਪੰਜਾਬ ਭਾਜਪਾ ਦਾ ਪ੍ਰਧਾਨ। ਉਸਨੇ ਝਾੜੂ ਫੜਨ ਦੀ ਸੋਚੀ ਪਰ ਅੰਦਰੋਂ ਵਿਰੋਧ ਦੀ ਸੁਰ ਉਚੀ ਹੋਣ ਲੱਗ ਪਈ। ਅਰਵਿੰਦ ਕੇਜਰੀਵਾਲ ਨੂੰ ਵੀ ਉਸਦੇ ਸਲਾਹਕਾਰਾਂ ਨੇ ਸਮਝਾਇਆ ਕਿ ਜੇ ਇਹ ਮੁੱਖ ਮੰਤਰੀ ਬਣ ਗਿਆ ਤਾਂ ਤੇਰੇ ਪੱਲੇ ਕੀ ਪਊਗਾ। ਇਸਨੇ ਸਿਸੋਦੀਆ ਬਣ ਕੇ ਨਹੀਂ ਰਹਿਣਾ। ਹੁਣ ਗੱਲ ਲੱਗਭੱਗ ਟੁੱਟ ਚੁੱਕੀ ਹੈ। ਹੁਣ ਤਾਂ ੲਹ ਵੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਨਵਜੋਤ ਸਿੱਧੂ ਮੁੜ ਭਾਜਪਾ ਵਿਚ ਸਰਗਰਮ ਹੋਵੇਗਾ ਕਿਉਂਕਿ ਅਜੇ ਉਸ ਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ। ਕੀ ਸਵੇਰ ਦਾ ਭੁੱਲਿਆ ਆਥਣ ਨੂੰ ਘਰ ਮੁੜਨ ਦਾ ਹੌਸਲਾ ਕਰੇਗਾ? ਜੇ ਕਰ ਵੀ ਲਵੇ ਤਾਂ ਕੀ ਘਰ ਵਾਲੇ ਉਸਨੂੰ ਮੁੜ ਘਰ ਵਾੜਨਗੇ? ਹਾਲ ਦੀ ਘੜੀ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਨਵਜੋਤ ਸਿੱਧੂ ਨਾਲ ਮਾੜੀ ਹੋਈ, ਨਾ ਘਰ ਦਾ ਰਿਹਾ ਨਾ ਘਾਟ ਦਾ। ਨਵਜੋਤ ਸਿੰਘ ਸਿੱਧੂ ‘ਤੇ ਇਹ ਸ਼ੇਅਰ ਢੁੱਕ ਰਿਹਾ ਹੈ:
ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ
ਨਾ ਇਧਰ ਕੇ ਰਹੇ ਨਾ ਉਧਰ ਕੇ।

LEAVE A REPLY