3ਚੰਡੀਗੜ੍ਹ  : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਮਿੱਟੀ ਦੇ ਪੁੱਤਰ ਸੁੱਚਾ ਸਿੰਘ ਛੋਟੇਪੁਰ ਖਿਲਾਫ ਗੰਦੀਆਂ ਚਾਲਾਂ ਚੱਲਣ ਵਾਲੇ ਉੱਤਰ ਪ੍ਰਦੇਸ਼, ਦਿੱਲੀ ਤੇ ਹਰਿਆਣਾ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨਿੰਦਾ ਕੀਤੀ ਹੈ, ਜਿਸ ਛੋਟੇਪੁਰ ਨੇ ਪੰਜਾਬ ‘ਚ ਪਾਰਟੀ ਨੂੰ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਪਾਲਿਆ ਤੇ ਸੰਭਾਲਿਆ।
ਉਨ੍ਹਾਂ ਨੇ ਛੋਟੇਪੁਰ ਖਿਲਾਫ ਸਟਿੰਗ ਆਪ੍ਰੇਸ਼ਨ ਨੂੰ ਲੈ ਕੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕਿਹਾ ਕਿ ਇਹ ਸਟਿੰਗ ਆਪ੍ਰੇਸ਼ਨ ਸਪੱਸ਼ਟ ਤੌਰ ‘ਤੇ ਪਾਰਟੀ ਦੀ ਅੰਦਰੂਨੀ ਚਾਲਬਾਜ਼ੀ ਦਾ ਹਿੱਸਾ ਪ੍ਰਤੀਤ ਹੁੰਦਾ ਹੈ, ਜਿਸਨੂੰ ਬਾਹਰੀ ਆਪ ਆਗੂਆਂ ਨੇ ਪਲਾਨ ਕਰਕੇ ਅੰਜ਼ਾਮ ਦਿੱਤਾ। ਜਿਹੜੇ ਆਪਣੇ ਸਥਾਨਕ ਪਿੱਠੂਆਂ ਤੇ ਬੇਮੇਲ ਆਗੂਆਂ ਰਾਹੀਂ ਪੰਜਾਬ ਨੂੰ ਰਿਮੋਟ ਨਾਲ ਕੰਟਰੋਲ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਕੇਜਰੀਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਆਗੂਆਂ ਵੱਲੋਂ ਪੰਜਾਬ ‘ਚ ਆਪਣਾ ਸਿਆਸੀ ਕਰਿਅਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਚ ਆਏ ਵੱਡੇ ਬਦਲਾਆਂ ਨੂੰ ਦੇਖਣ।
ਇਥੇ ਜ਼ਾਰੀ ਬਿਆਨ ‘ਚ ਕੈਪਟਨ ਅਮਰਿੰਦਰ ਨੇ ਜਿਥੇ ਇਹ ਕਹਿੰਦਿਆਂ ਛੋਟੇਪੁਰ ਦਾ ਬਚਾਅ ਕੀਤਾ ਹੈ ਕਿ ਉਹ ਪਿਛਲੇ 35 ਸਾਲਾਂ ਤੋਂ ਛੋਟੇਪੁਰ ਨੂੰ ਜਾਣਦੇ ਹਨ, ਜਦਕਿ ਆਪ ਨੂੰ ਬੀਤੇ ਦੋ ਸਾਲਾਂ ਦੌਰਾਨ ਪੰਜਾਬ ‘ਚ ਵੱਡੇ ਪੱਧਰ ‘ਤੇ ਹੋਏ ਕਰੋੜਾਂ ਰੁਪਏ ਦੇ ਖਰਚੇ ਦਾ ਹਿਸਾਬ ਦੇਣਾ ਚਾਹੀਦਾ ਹੈ।
ਆਪ ਵੱਲੋਂ ਛੋਟੇਪੁਰ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਦਿਸ਼ਾ ‘ਚ ਚੁੱਕੇ ਕਦਮ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ, ਸੰਜੈ ਸਿੰਘ, ਦੁਰਗੇਸ਼ ਪਾਠਕ ਤੇ ਆਸ਼ੀਸ਼ ਖੇਤਾਨ ਵਰਗੇ ਲੋਕਾਂ ਵੱਲੋਂ ਕੀਤੀ ਗਈ ਬਹੁਤ ਹੀ ਸ਼ਰਮਨਾਕ ਕੋਸ਼ਿਸ਼ ਹੈ, ਜਿਹੜੇ ਪਾਰਟੀ ਨੂੰ ਦਿੱਲੀ, ਯੂ.ਪੀ. ਤੇ ਹਰਿਆਣਾ ਤੋਂ ਕੰਟਰੋਲ ਕਰਨਾ ਚਾਹੁੰਦੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੇ ਛੋਟੇਪੁਰ ਨਾਲ ਵੱਡੀਆਂ ਸਿਆਸੀ ਦੂਰੀਆਂ ਹਨ, ਲੇਕਿਨ ਉਹ ਛੋਟੇਪੁਰ ਦੀ ਇਮਾਨਦਾਰੀ ਤੇ ਮਿਹਨਤ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਅੰਦਰੂਨੀ ਚਾਲਬਾਜ਼ੀ ਦਾ ਸ਼ਿਕਾਰ ਬਣਾਏ ਜਾਣ ਨੂੰ ਉਹ ਚੁੱਪ ਚਾਪ ਨਹੀਂ ਦੇਖ ਸਕਦੇ ਹਨ। ਇਹ ਬਹੁਤ ਹੀ ਗਲਤ ਹੈ ਕਿ ਜਦੋਂ ਤੁਸੀਂ ਇਕ ਵਿਅਕਤੀ ਨੂੰ ਪਸੰਦ ਨਹੀਂ ਕਰਦੇ ਹੋ, ਤਾਂ ਤੁਸੀਂ ਉਸਨੂੰ ਟਾਰਗੇਟ ਕਰਦਿਆਂ ਉਸਦੇ ਬੇਦਾਗ ਅਕਸ ‘ਤੇ ਦਾਗ ਲਗਾਉਣੇ ਸ਼ੁਰੂ ਕਰ ਦਿੰਦੇ ਹੋ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਦਾ ਲੋਕਾਂ ਨੂੰ ਇਸਤੇਮਾਲ ਕਰਨ ਤੇ ਫਿਰ ਚੁੱਕ ਕੇ ਸੁੱਟ ਦੇਣ ਦਾ ਇਤਿਹਾਸ ਤੇ ਚਰਿੱਤਰ ਰਿਹਾ ਹੈ। ਇਹੋ ਉਨ੍ਹਾਂ ਨੇ ਆਪਣੇ ਗੁਰੂ ਅੰਨਾ ਹਜ਼ਾਰੇ, ਕਿਰਨ ਬੇਦੀ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਨਾਲ ਕੀਤਾ ਤੇ ਛੋਟੇਪੁਰ ਹੁਣ ਅਗਲੇ ਸ਼ਿਕਾਰ ਹਨ, ਨਾ ਕਿ ਆਖਿਰੀ। ਇਸ ਲੜੀ ਹੇਠ ਕੇਜਰੀਵਾਲ ਨੂੰ ਪਹਿਲਾਂ ਹੀ ਉਨ੍ਹਾਂ ਵਿਅਕਤੀਆਂ ਦੀ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ, ਜਿਨ੍ਹਾਂ ਨੂੰ ਉਹ ਅਵਾਜ਼ ਚੁੱਕਣ ਤੋਂ ਬਾਅਦ ਬਾਹਰ ਸੁੱਟਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਰਿਮੋਟ ਕੰਟਰੋਲ ਦੀ ਤਰ੍ਹਾਂ ਕੰਮ ਕਰਨਾ ਚਾਹੁੰਦੇ ਹਨ। ਜਿਹੜੇ ਉਨ੍ਹਾਂ ਸਾਰੇ ਆਗੂਆਂ ਨੂੰ ਉਖਾੜ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਇਹ ਸਮਝਦੇ ਹਨ ਕਿ ਉਹ ਇਨ੍ਹਾਂ ਦੀ ਸੋਚ ਤੇ ਅਧਿਕਾਰ ‘ਤੇ ਸਵਾਲ ਖੜ੍ਹੇ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਇਨ੍ਹਾਂ ਨੇ ਦੋ ਸੰਸਦ ਮੈਂਬਰਾਂ ਧਰਮਵੀਰ ਗਾਂਧੀ ਤੇ ਹਰਿੰਦਰ ਖਾਲਸਾ ਨਾਲ ਵੀ ਇਹੋ ਹੀ ਕੀਤਾ ਸੀ ਤੇ ਹੁਣ ਇਹ ਛੋਟੇਪੁਰ ਨਾਲ ਵੀ ਅਜਿਹਾ ਹੀ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਆਪ ਨੂੰ ਬੀਤੇ ਦੋ ਸਾਲਾਂ ਦੌਰਾਨ ਪੰਜਾਬ ‘ਚ ਵੱਡੇ ਪੱਧਰ ‘ਤੇ ਖਰਚੇ ਗਏ ਪੈਸਿਆਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ, ਜਿਹੜੀ ਰਕਮ ਹਜ਼ਾਰਾਂ ਕਰੋੜਾਂ ਰੁਪਏ ਦੀ ਬਣਦੀ ਹੈ। ਉਨ੍ਹਾਂ ਨੇ ਕੇਜਰੀਵਾਲ ਤੋਂ ਸਵਾਲ ਕੀਤਾ ਕਿ ਵੱਡੀਆਂ ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਪੈਸੇ ਕਿੱਥੋਂ ਆਏ ਹਨ?
ਕੈਪਟਨ ਅਮਰਿੰਦਰ ਨੇ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਆਪ ਆਗੂਆਂ ਦੀ ਜ਼ਿੰਦਗੀ ‘ਚ ਆਏ ਵੱਡੇ ਬਦਲਾਆਂ ਬਾਰੇ ਵੀ ਸਵਾਲ ਕੀਤੇ ਹਨ, ਜਿਹੜੇ ਆਮ ਵਿਅਕਤੀਆਂ ਤੋਂ ਹੁਣ ਵੱਡੇ ਅਮੀਰਾਂ ਵਾਲੀਆਂ ਲਗਜ਼ਰੀ ਗੱਡੀਆਂ ‘ਚ ਘੁੰਮ ਰਹੇ ਹਨ। ਆਪ ਆਗੂਆਂ ਦੀ ਜ਼ਿੰਦਗੀ ‘ਚ ਆਇਆ ਬਦਲਾਅ ਪੰਜਾਬ ‘ਚ ਮਸ਼ਹੂਰ ਤੇ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਤੇ ਲੋਕ ਹੈਰਾਨ ਹਨ ਕਿ ਕਿਵੇਂ ਇਹ ਮੁਮਕਿਨ ਹੋਇਆ ਹੈ ਕਿ ਜਦੋਂ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਵਰਗੇ ਆਪ ਆਗੂਆਂ ਨੇ ਪੰਜਾਬ ‘ਚ ਆਪਣੇ ਕਰਿਅਰ ਦੀ ਸ਼ੁਰੂਆਤ ਕੀਤੀ ਸੀ, ਉਹ ਸਾਰੇ ਇਕ ਛੋਟੀ ਜਿਹੀ ਕਾਰ ‘ਚ ਭਰ ਕੇ ਆਏ ਸਨ। ਜਦਕਿ ਹੁਣ ਹਰੇਕ ਕੋਲ ਕੁਝ ਲਗਜ਼ਰੀ ਐਸ.ਯੂ.ਵੀ ਗੱਡੀਆਂ ਵੀ ਹਨ। ਸਚਮੁੱਚ ਬਹੁਤ ਹੀ ਵੱਡੀ ਤਰੱਕੀ ਕੀਤੀ ਹੈ!

LEAVE A REPLY