1ਚੰਡੀਗੜ੍ਹ  :  ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰਨ ਤੋਂ ਬਾਅਦ ਤੋਂ ਹੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ (ਆਪ) ਨੇ ‘ਵੱਡਾ ਫੈਸਲਾ’ ਆਖਰਕਾਰ ਲੈ ਹੀ ਲਿਆ। ਲੀਡਰਸ਼ਿਪ ਵਲੋਂ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਸਹਿਮਤੀ ਬਣਾ ਲਈ ਗਈ ਹੈ ਤੇ ਇਸ ਲਈ ਹਰ ਤਰ੍ਹਾਂ ਦੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਹਨ, ਹਾਲਾਂਕਿ ਸ਼ੁੱਕਰਵਾਰ ਨੂੰ ਇਸ ਫੈਸਲੇ ‘ਤੇ ਪੀ. ਏ. ਸੀ. ਦੀ ਮੋਹਰ ਲਗਾਈ ਜਾਵੇਗੀ ਤੇ ਉਸ ਤੋਂ ਬਾਅਦ ਹੀ ਇਸ ਦਾ ਐਲਾਨ ਵੀ ਹੋਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਪੰਜਾਬ ਵਿਚ ਆਪ ਦੇ ਕਨਵੀਨਰ ਦੇ ਤੌਰ ‘ਤੇ ਹਿੰਮਤ ਸਿੰਘ ਸ਼ੇਰਗਿੱਲ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਜਾਵੇਗੀ। ਉਧਰ, ਸੁੱਚਾ ਸਿੰਘ ਛੋਟੇਪੁਰ ਵਲੋਂ ਵੀ ਸ਼ੁੱਕਰਵਾਰ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ ਪਰ ਸੰਭਾਵਨਾ ਹੈ ਕਿ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਛੋਟੇਪੁਰ ਨੂੰ ‘ਆਜ਼ਾਦ’ ਕਰ ਦੇਵੇਗੀ। ਚਰਚਾ ਇਹ ਵੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਆਪਣਾ ਨਵਾਂ ਟਿਕਾਣਾ ਲੱਭ ਚੁੱਕੇ ਹਨ ਤੇ ਸੰਭਵ ਹੈ ਕਿ ਆਪ ਤੋਂ ਕੱਢੇ ਜਾਣ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਨਵੇਂ ਟਿਕਾਣੇ ਵੱਲ ਕੂਚ ਕਰਨ ਦਾ ਐਲਾਨ ਕਰਨਗੇ।
ਇਨ੍ਹਾਂ ਨੇਤਾਵਾਂ ਨੇ ਕਿਹਾ-ਛੋਟੇਪੁਰ ਨੂੰ ਬਾਹਰ ਕਰੋ
ਇਸ ਪਿੱਛੋਂ ਪਾਰਟੀ ਨੇ 21 ਨੇਤਾਵਾਂ ਦੇ ਹਸਤਾਖਰਾਂ ਵਾਲੀ ਚਿੱਠੀ ਜਿਸ ਵਿਚ ਪ੍ਰਮੁੱਖ ਤੌਰ ‘ਤੇ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਯਾਮਿਨੀ ਗੋਮਰ, ਐੱਚ. ਐੱਸ. ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਹਰਜੀਤ ਬੈਂਸ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਕਰਤਾਰ ਸਿੰਘ ਸੰਘਵੀਂ, ਗੁਰਪ੍ਰੀਤ ਸਿੰਘ ਘੁੱਗੀ, ਪ੍ਰੋ. ਬਲਜਿੰਦਰ ਕੌਰ, ਆਰ. ਆਰ. ਭਾਰਦਵਾਜ, ਕਰਨਵੀਰ ਸਿੰਘ ਟਿਵਾਣਾ, ਅਮਨ ਅਰੋੜਾ ਅਤੇ ਹੋਰ ਸ਼ਾਮਲ ਹਨ, ਰਾਹੀਂ ਹਾਈਕਮਾਨ ਨੂੰ ਬੇਨਤੀ ਕੀਤੀ ਕਿ ਛੋਟੇਪੁਰ ਦੇ ‘ਕੰਮਾਂ’ ਨੂੰ ਵੇਖਦਿਆਂ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ। ‘ਆਪ’ ਦੇ ਮੀਡੀਆ ਸੈੱਲ ਨੇ ਇਸਦੀ ਪੁਸ਼ਟੀ ਕਰਦੇ ਹੋਏ ਪ੍ਰੈੱਸ ਬਿਆਨ ਜਾਰੀ ਕੀਤਾ ਹੈ ਪਰ ਸੈੱਲ ਨੇ ਉਕਤ ਨੇਤਾਵਾਂ ਦੀ ਚਿੱਠੀ ਦੀ ਕਾਪੀ ਜਾਰੀ ਨਹੀਂ ਕੀਤੀ।

LEAVE A REPLY