8ਨਵੀਂ ਦਿੱਲੀ :  ਹਾਈ ਪ੍ਰੋਫਾਈਲ ਸ਼ੀਨਾ ਬੋਰਾ ਕਤਲ ਕੇਸ ‘ਚ ਇਕ ਨਵਾਂ ਮੋੜ ਆਇਆ ਹੈ। ਕੇਸ ‘ਚ ਫੋਨ ਕਾਲਜ਼ ਦੀ ਰਿਕਾਰਡਿੰਗ ਨਾਲ ਇਕ ਵੱਡੀ ਗੱਲ ਸਾਹਮਣੇ ਆਈ ਹੈ। ਦਰਅਸਲ ਸੀ.ਬੀ.ਆਈ. ਦੇ ਹੱਥ ਜੋ ਕਾਲ ਰਿਕਾਰਡਿੰਗ ਲੱਗੀ ਹੈ, ਉਸ ਤੋਂ ਸਾਫ ਹੁੰਦਾ ਹੈ ਕਿ ਇਹ ਰਿਕਾਰਡਿੰਗ ਪੀਟਰ ਮੁਖਰਜੀ ਦੇ ਬੇਟੇ ਰਾਹੁਲ ਨੇ ਕੀਤੀ ਸੀ। ਰਿਕਾਰਡਿੰਗ ‘ਚ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਬੇਟੀ ਦੇ ਕਤਲ ਤੋਂ ਬਾਅਦ ਇੰਦਰਾਣੀ ਮੁਖਰਜੀ ਅਤੇ ਪੀਟਰ ਨੇ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਦਰਾਣੀ ਅਤੇ ਪੀਟਰ ਨੇ ਸ਼ੀਨਾ ਦੇ ਕਤਲ ਤੋਂ ਬਾਅਦ ਜਾਣਕਾਰੀ ਨੂੰ ਲੁਕਾ ਕੇ ਰਾਹੁਲ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੀ.ਬੀ.ਆਈ. ਨੇ ਰਿਕਾਰਡਿੰਗ ਦੇ 7 ਨਮੂਨਿਆਂ ਨੂੰ ਸਬੂਤ ਦੇ ਤੌਰ ‘ਤੇ ਇਸਤੇਮਾਲ ਕੀਤਾ ਹੈ। ਨਾਲ ਹੀ ਸੀ.ਬੀ.ਆਈ. ਨੇ ਕਿਹਾ ਕਿ ਜੋ ਵੀ ਸੁਰਾਗ ਸਾਹਮਣੇ ਆਏ ਹਨ, ਉਨ੍ਹਾਂ ਨੂੰ ਸਬੂਤ ਦੇ ਤੌਰ ‘ਤੇ ਕੋਰਟ ‘ਚ ਪੇਸ਼ ਕੀਤਾ ਜਾ ਚੁੱਕਿਆ ਹੈ। ਸ਼ੀਨਾ ਦੇ ਭਰਾ ਮਿਖਾਈਲ ਬੋਰਾ ਨੇ ਕਿਹਾ ਕਿ ਫੋਨ ਟੈਪਸ ਨਾਲ ਜਾਂਚ ‘ਚ ਸੀ.ਬੀ.ਆਈ. ਨੂੰ ਜ਼ਰੂਰ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਸ਼ੀਨਾ 24 ਅਪ੍ਰੈਲ 2012 ਤੋਂ ਲਾਪਤਾ ਸੀ। 25 ਅਗਸਤ 2015 ਨੂੰ ਮੁੰਬਈ ਪੁਲਸ ਨੇ ਉਸ ਦੀ ਮਾਂ ਇੰਦਰਾਣੀ ਨੂੰ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ। ਇੰਦਰਾਣੀ ਸਟਾਰ ਟੀ.ਵੀ. ਦੇ ਸਾਬਕਾ ਸੀ.ਈ.ਓ. ਪੀਟਰ ਮੁਖਰਜੀ ਦੀ ਪਤਨੀ ਹੈ। ਬਾਅਦ ‘ਚ ਇੰਦਰਾਣੀ ਦੇ ਸਾਬਕਾ ਪਤੀ ਸੰਜੀਵ ਖੰਨਾ, ਡਰਾਈਵਰ ਸ਼ਾਮਵਰ ਰਾਏ ਅਤੇ ਪੀਟਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਸ਼ਾਮਵਰ ਸਰਕਾਰੀ ਗਵਾ ਬਣ ਚੁੱਕਿਆ ਹੈ।

LEAVE A REPLY