9ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਮੌਜੂਦਾ ਸੱਤਾਧਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ‘ਚ ਹੈਟ੍ਰਿਕ ਲਾਉਣ ਦੇ ਸੁਪਨੇ ਦੇਖ ਰਹੇ ਹਨ। ਇਸ ਦੇ ਨਾਲ ਹੀ ਬਾਦਲ ਸਾਹਿਬ ਆਪਣੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ-ਨਾਲ ਸੱਤਾ ਦੇ ਬਦਲ ਰੂਪ ‘ਚ ਸਾਹਮਣੇ ਆਈ ‘ਆਪ’ ‘ਤੇ ਹਮਲੇ ਕਰ ਰਹੇ ਹਨ। ਕੱਲ੍ਹ ਬਠਿੰਡਾ ‘ਚ ਸੁਖਬੀਰ ਬਾਦਲ ਨੇ ਕੁੱਝ ਖਾਸ ਅਦਾਜ਼ ‘ਚ ਕਾਂਗਰਸ ਅਤੇ ‘ਆਪ’ ਨੂੰ ਨਿਸ਼ਾਨੇ ‘ਤੇ ਲੈਂਦਿਆ ਆਪਣੀ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ।
ਅਕਾਲੀ ਦਲ ਪ੍ਰਧਾਨ ਬਠਿੰਡਾ ‘ਚ ਆਪਣੇ ਵਰਕਰਾਂ ਨੂੰ ਜੋਸ਼ ਦੇਣ ਲਈ ਕੁੱਝ ਖਾਸ ਅੰਦਾਜ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ, “ਨਾ ਚੱਲੇਗਾ ਖੂੰਨੀ ਪੰਜਾ, ਨਾ ਆਏਗੀ ਟੋਪੀ.. ਸਿਰਫ ਝੁੱਲੇਗਾ ਕੇਸਰੀ ਝੰਡਾ ਤੇ ਤੱਕੜੀ ਚੋਣ ਨਿਸ਼ਾਨ… ਇਹੋ ਜਿਹਾ ਚੱਲ ਰਿਹਾ ਪੰਜਾਬ ‘ਚ ਤੁਫਾਨ..।” ਗੱਲ ਇੱਥੇ ਹੀ ਖਤਮ ਨਹੀਂ ਕੀਤੀ। ਉਪ ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਅਸੀਂ 95 ਸੀਟਾਂ ‘ਤੇ ਜਿੱਤ ਹਾਸਲ ਕਰਾਂਗੇ। ਆਪਣੀ ਵਿਰੋਧੀ ਆਮ ਆਦਮੀ ਪਾਰਟੀ ‘ਤੇ ਸਾਧਿਆ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਸਾਰੇ ਨਕਾਰੇ ਹੋਏ ਲੀਡਰ ‘ਆਪ’ ‘ਚ ਭਰਤੀ ਹੋਏ ਹਨ।
ਬੇਸ਼ੱਕ ਬਾਦਲ ਸਾਹਿਬ ਆਪਣੇ ਵਰਕਰਾਂ ਨੂੰ ਹੌਂਸਲਾ ਦੇਣ ਲਈ ਵੱਡੇ ਵੱਡੇ ਦਾਅਵੇ ਠੋਕ ਆਏ ਹਨ। ਪਰ ਉਨ੍ਹਾਂ ਦੀ ਇਹ ਰਾਹ ਇੰਨੀ ਅਸਾਨ ਨਜ਼ਰ ਨਹੀਂ ਆ ਰਹੀ। ਇਸ ਵੇਲੇ ਸੂਬੇ ‘ਚ ਆਪਣਾ ਡੰਕਾ ਵਜਾ ਰਹੀ ਆਮ ਆਦਮੀ ਪਾਰਟੀ ਪੰਜਾਬ ‘ਚ 100 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਨੂੰ ਪੰਜਾਬ ਵਿੱਚ ਕਿਸੇ ਨਾਲ ਆਪਣਾ ਮੁਕਾਬਲਾ ਨਹੀਂ ਲਗਦਾ। ਪਰ ਕਿਸ ਦੇ ਦਾਅਵਿਆਂ ਨੂੰ ਬੂਰ ਲਗਦਾ ਹੈ, ਇਸ ਦਾ ਜਵਾਬ ਦਾ ਸੂਬੇ ਦੀ ਜਨਤਾ 2017 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਹੀ ਦੇਵੇਗੀ।

LEAVE A REPLY