3ਉਪ ਮੁੱਖ ਮੰਤਰੀ ਨੇ ਦੁਰਗਿਆਣਾ ਮੰਦਰ ਵਿਖੇ ਸੁੰਦਰੀਕਰਨ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ  : ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਵੱਲੋਂ ਬਰਖਾਸਤ ਕੀਤੇ ਗਏ ਪਾਰਟੀ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੂੰ ਅਕਾਲੀ ਦਲ ਵਿਚ ਲਏ ਜਾਣ ਸਬੰਧੀ ਸਪੱਸ਼ਟ ਕਰਦੇ ਕਿਹਾ ਹੈ ਕਿ ਅਜਿਹੇ ਆਦਮੀਆਂ ਦੀ ਸ੍ਰੋਮਣੀ ਅਕਾਲੀ ਦਲ ਨੂੰ ਕੋਈ ਲੋੜ ਨਹੀਂ ਹੈ। ਅੱਜ ਸਥਾਨਕ ਦੁਰਗਿਆਣਾ ਮੰਦਰ ਵਿਖੇ 115 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਜਾਣ ਵਾਲੇ ਸੁੰਦਰੀਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਕਰਵਾਏ ਸਮਾਗਮ ਮੌਕੇ ਪ੍ਰੈਸ ਵੱਲੋਂ ਸ. ਛੋਟੇਪੁਰ ਨੂੰ ਸ੍ਰੋਮਣੀ ਅਕਾਲੀ ਦਲ ਵਿਚ ਲਏ ਜਾਣ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਸਾਡੇ ਕੋਲ ਦ੍ਰਿੜ, ਇਮਾਨਦਾਰ ਅਤੇ ਮਹਿਨਤੀ ਕੇਡਰ ਮੌਜੂਦ ਹੈ ਅਤੇ ਸਾਨੂੰ ਅਜਿਹੇ ਆਦਮੀਆਂ ਦੀ ਲੋੜ ਨਹੀਂ।
ਆਮ ਆਦਮੀ ਪਾਰਟੀ ਦੇ ਭਵਿੱਖ ਬਾਰੇ ਪੁੱਛ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜੋ ਦਿੱਲੀ ਵਿਚ ਲੋਕਾਂ ਨੂੰ ਆਪਣੇ ਮਗਰ ਲਗਾ ਕੇ ਸੱਤਾ ਹਥਿਆਉਣ ਵਿਚ ਕਾਮਯਾਬ ਹੋਈ ਸੀ, ਨੂੰ ਪੰਜਾਬ ਦੇ ਸੂਝਵਾਨ ਲੋਕਾਂ ਨੇ ਸਮੇਂ ਸਿਰ ਪਛਾਣ ਕੇ ਇਸ ਦਾ ਭੋਗ ਪਾ ਦਿੱਤਾ ਹੈ ਅਤੇ ਹੁਣ ਇਹ ਪਾਰਟੀ ਲੋਕਾਂ ਤੱਕ ਪਹੁੰਚਣ ਦਾ ਹੀਆ ਨਹੀਂ ਕਰੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਿਰਾਫ ਲੋਕ ਸਭਾ ਚੋਣਾਂ ਮਗਰੋਂ ਹੀ ਡਿੱਗਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਤਾਂ ਇੰਨਾਂ ਦੀਆਂ ਆਪ-ਹੁਦਰੀਆਂ ਅਤੇ ਤਾਨਾਸ਼ਾਹੀਆਂ ਕਾਰਨ ਲੋਕ ਮਨਾਂ ਵਿਚ ਭੋਗ ਪੈ ਗਿਆ ਹੈ। ਸ. ਬਾਦਲ ਨੇ ਆਮ ਆਦਮੀ ਪਾਰਟੀ ਨੂੰ ਲੋਕਾਂ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਨਕਾਰੇ ਹੋਏ ਲੀਡਰਾਂ ਦਾ ਟੋਲਾ ਦੱਸਦੇ ਕਿਹਾ ਕਿ ਇਸ ਦੇ ਸਾਰੇ ਨੇਤਾ ਪੈਸੇ ਇਕੱਠੇ ਕਰਨ ‘ਤੇ ਲੱਗੇ ਹੋਏ ਹਨ ਅਤੇ ਪਾਰਟੀ ਦੇ ਨੇਤਾ ਟਿਕਟਾਂ ਤੱਕ ਵੇਚ ਰਹੇ ਹਨ। ਉਨਾਂ ਕਿਹਾ ਕਿ ਜਿਹੜੀ ਪਾਰਟੀ ਕਿਸੇ ਧਰਮ ਦਾ ਸਤਿਕਾਰ ਨਹੀਂ ਕਰਦੀ, ਉਹ ਗੁਰੂਆਂ, ਪੀਰਾਂ ਦੀ ਧਰਤੀ ਪੰਜਾਬ ‘ਤੇ ਸਾਸ਼ਨ ਕਰਨ ਬਾਰੇ ਸੋਚ ਵੀ ਨਹੀਂ ਸਕਦੀ, ਕਿਉਂਕਿ ਪੰਜਾਬ ਵਿਚ ਸਾਰੇ ਧਰਮਾਂ ਦਾ ਲੋਕ ਵੱਸਦੇ ਹਨ ਅਤੇ ਆਪਣੇ-ਆਪਣੇ ਧਰਮ ਵਿਚ ਅਥਾਹ ਸ਼ਰਧਾ ਰੱਖਦੇ ਹਨ।
ਸ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਮਨ-ਸਾਂਤੀ, ਖੁਸ਼ਹਾਲੀ, ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਸਾਡੇ ਰਾਜ ਵਿਚ ਹਰੇਕ ਧਰਮ ਦਾ ਪੂਰਾ ਮਾਣ-ਸਤਿਕਾਰ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਸਾਰੇ ਧਾਰਮਿਕ ਸਥਾਨਾਂ ਨੂੰ ਨਵੀਂ ਦਿੱਖ ਦੇਣ ਦਾ ਸੁਪਨਾ ਲਿਆ ਸੀ ਅਤੇ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਅਤੇ ਤਸੱਲੀ ਹੈ ਕਿ ਸਰਕਾਰ ਨੇ ਸਾਰੇ ਧਰਮਾਂ ਦੇ ਅਸਥਾਨਾਂ ਦਾ ਸੁੰਦਰੀਕਰਨ ਕੀਤਾ ਹੈ ਅਤੇ ਨਵੀਆਂ ਯਾਦਗਾਰਾਂ ਉਸਾਰੀਆਂ ਹਨ। ਉਨਾਂ ਕਿਹਾ ਕਿ ਕੇਵਲ ਅਕਾਲੀ-ਭਾਜਪਾ ਸਰਕਾਰ ਵਿਚ ਸਾਰੇ ਧਰਮਾਂ ਦੇ ਦਿਹਾੜੇ ਸਰਕਾਰੀ ਪੱਧਰ ‘ਤੇ ਮਨਾਏ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਪੰਜਾਬ ਵਿਚ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ ਤੇ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿ ਰਹੇ ਹਨ।
ਸ. ਬਾਦਲ ਨੇ ਅੰਮ੍ਰਿਤਸਰ ਹਲਕੇ ਦੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦੇ ਕਿਹਾ ਕਿ ਚੁਣੇ ਹੋਏ ਨੁੰਮਾਇਦੇ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਆਪਣੇ ਲੋਕ ਸਭਾ  ਹਲਕੇ ਵਿਚ ਮੂੰਹ ਤੱਕ ਨਹੀਂ ਵਿਖਾਇਆ, ਵਿਕਾਸ ਕਰਵਾਉਣਾ ਤਾਂ ਬੜੇ ਦੂਰ ਦੀ ਗੱਲ ਹੈ।  ਕਾਂਗਰਸ ਅਤੇ ਆਪ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਬਾਦਲ ਨੇ ਕਿਹਾ ਕਿ ਨਾ ਤਾਂ ਇੰਨਾਂ ਦੋਵਾਂ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਪਰਵਾਹ ਹੈ ਅਤੇ ਨਾ ਹੀ ਸੂਬੇ ਦੇ ਅਮੀਰ ਸਭਿਆਚਾਰ ਤੇ ਧਾਰਮਿਕ ਵਿਰਸੇ ਦਾ ਕੋਈ ਖਿਆਲ।
ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਸ੍ਰੀ ਦੁਰਗਿਆਨਾ ਮੰਦਰ ਦੇ ਸੁਦਰੀਕਰਨ ਵਾਸਤੇ ਭਾਰਤ ਦੇ ਪ੍ਰਸਿਧ ਇਮਾਰਤਸਾਜ਼ਾਂ ਦੀ ਸਲਾਹ ਲਈ ਹੈ ਅਤੇ ਉਨਾਂ ਦੇ ਨਕਸ਼ੇ ‘ਤੇ ਹੀ ਇਹ ਸੁਦਰੀਕਰਨ ਕੀਤਾ ਜਾ ਰਿਹਾ ਹੈ, ਜਿਸ ‘ਤੇ 115 ਕਰੋੜ ਰੁਪਏ ਸਰਕਾਰ ਵੱਲੋਂ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਵਿਚ ਵੱਡੀ ਪਾਰਕਿੰਗ, ਥ੍ਰੀ ਡੀ ਆਡੀਟੋਰੀਅਮ, ਪਾਣੀ ‘ਤੇ ਚੱਲਦੀ ਸਕਰੀਨ, ਫੁਆਰੇ, ਸਰਾਂ ਆਦਿ ਬਣਾਏ ਜਾਣੇ ਹਨ। ਸ. ਬਾਦਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦਾ ਸੁੰਦਰੀਕਰਨ, ਟਾਊਨ ਪਲਾਜ਼ੇ ਦੀ ਵਿਰਾਸਤੀ ਦਿੱਖ, ਵਾਰ ਮੈਮੋਰੀਅਲ, ਸ੍ਰੀ ਦੁਰਗਿਆਣਾ ਮੰਦਰ ਨੂੰ ਨਵੀਂ ਦਿੱਖ, ਬਾਲਮੀਕ ਤੀਰਥ ਦਾ ਨਿਰਮਾਣ, ਵਾਹਗਾ ਬਾਰਡਰ ‘ਤੇ ਨਵੀਂ ਪਾਰਕਿੰਗ ਅਤੇ ਗੈਲਰੀ, ਕਿਲ੍ਹਾ ਗੋਬਿੰਦਗੜ੍ਹ ਦੀ ਸਾਂਭ-ਸੰਭਾਲ, ਵਿਰਾਸਤੀ ਪਿੰਡ ਆਦਿ ਅਜਿਹੇ ਵੱਡੇ ਪ੍ਰਾਜੈਕਟ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਵਿਚ ਸੈਰ-ਸਪਾਟਾ ਸਨਅਤ ਨੂੰ ਵੱਡਾ ਉਤਸ਼ਾਹ ਮਿਲੇਗਾ ਅਤੇ ਜੋ ਸੈਲਾਨੀ ਇੱਥੇ ਪਹਿਲਾਂ ਇਕ ਦਿਨ ਵਿਚ ਸ੍ਰੀ ਦਰਬਾਰ ਸਾਹਿਬ ਮੱਥਾ ਕੇ ਮੁੜ ਜਾਂਦਾ ਸੀ, ਹੁਣ ਸਾਰੇ ਸਥਾਨ ਵੇਖ ਲਈ ਘੱਟੋ-ਘੱਟ ਦੋ ਦਿਨ ਰੁਕੇਗਾ, ਇਸ ਨਾਲ ਹੋਟਲ, ਟਰਾਂਸਪੋਰਟ ਅਤੇ ਯਾਤਰਾ ਨਾਲ ਜੁੜਿਆ ਕਾਰੋਬਾਰ ਤੇਜ਼ੀ ਨਾਲ ਵਧੇਗਾ। ਸ. ਬਾਦਲ ਨੇ ਕਿਹਾ ਕਿ ਮੇਰੀ ਇੱਛਾ ਅੰਮ੍ਰਿਤਸਰ ਨੂੰ ਦੁਬਈ ਅਤੇ ਸਿੰਗਾਪੁਰ ਦੀ ਤਰਾਂ ਵਿਕਸਤ ਕਰਨ ਦੀ ਹੈ ਅਤੇ ਮੈਂ ਇਸ ਨੂੰ ਪੂਰਾ ਕਰਕੇ ਰਹਾਂਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਦਸੰਬਰ ਮਹੀਨੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਕਰਵਾਉਣ ਦਾ ਵਿਚਾਰ ਹੈ ਅਤੇ ਇਸ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਜਾਰੀ ਹੈ।
ਇਸ ਮੌਕੇ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸ੍ਰੀ ਦੁਰਗਿਆਨਾ ਮੰਦਰ ਲਈ ਪੰਜਾਬ ਸਰਕਾਰ ਵੱਲੋਂ ਵਿਖਾਈ ਗਈ ਦਰਿਆਦਲੀ ਲਈ ਧੰਨਵਾਦ ਕਰਦੇ ਕਿਹਾ ਕਿ ਅੰਮ੍ਰਿਤਸਰ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਸਦਕਾ ਸ਼ਹਿਰ ਦੀ ਦਿੱਖ ਨਿਖਰ ਰਹੀ ਹੈ ਅਤੇ ਹੋਰ ਦੋ ਮਹੀਨਿਆਂ ਤੱਕ ਸ਼ਹਿਰ ਵਿਚ ਬਹੁਤੇ ਪ੍ਰਾਜੈਕਟ ਚਾਲੂ ਹੋ ਜਾਣਗੇ। ਉਨਾਂ ਕਿਹਾ ਕਿ ਸ੍ਰੀ ਦੁਰਗਿਆਨਾ ਮੰਦਰ ਲਈ ਸਰਕਾਰ ਵੱਲੋਂ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਟੈਂਡਰ ਜਾਰੀ ਹੋ ਚੁੱਕਾ ਹੈ ਅਤੇ ਆਸ ਹੈ ਕਿ ਇਹ ਪ੍ਰਾਜੈਕਟ ਡੇਢ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ। ਭਾਜਪਾ ਦੇ ਸੀਨੀਅਰ ਆਗੂ ਸ੍ਰੀ ਤਰੁਣ ਚੁੱਗ ਨੇ ਵੀ ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਦਾ ਅੰਮ੍ਰਿਤਸਰ ਵਿਚ ਕਰਵਾਏ ਜਾ ਰਹੇ ਕੰਮਾਂ ਲਈ ਧੰਨਵਾਦ ਕਰਦੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 9 ਸਾਲਾਂ ਦੇ ਅਰਸੇ ਦੌਰਾਨ ਸ਼ਹਿਰ ‘ਚ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ, ਜੋ ਕਿ ਆਪਣੇ-ਆਪ ਵਿਚ ਇਕ ਮਿਸਾਲ ਹੈ।
ਇਸ ਸਮਾਗਮ ਉਪਰੰਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸਥਾਨਕ ਹੋਟਲ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਸ਼ਹਿਰ ਵਿਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਮੀਟਿੰਗ ਕੀਤੀ ਅਤੇ ਸਾਰੇ ਪ੍ਰਾਜੈਕਟ ਜਲਦੀ ਤੋਂ ਜਲਦੀ ਪੂਰੇ ਕਰਨ ਦੀ ਹਦਾਇਤ ਕੀਤੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮੇਅਰ ਬਖਸ਼ੀ ਰਾਮ ਅਰੋੜਾ, ਪ੍ਰਿੰਸੀਪਲ ਸਕੱਤਰ ਪੀ ਐਸ ਔਜਲਾ, ਚੇਅਰਮੈਨ ਸੁਰੇਸ਼ ਮਹਾਜਨ, ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਕਮਿਸ਼ਨਰ ਕਾਰਪੋਰੇਸ਼ਨ ਸੋਨਾਲੀ ਗਿਰੀ, ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁਖੀ ਸ੍ਰੀ ਸੰਦੀਪ ਰਿਸ਼ੀ, ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ. ਗੁਰਪ੍ਰਤਾਪ ਸਿੰਘ ਟਿੱਕਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਸ੍ਰੀ ਰਮੇਸ਼ ਸ਼ਰਮਾ ਅਤੇ ਹੋਰ ਆਗੂ ਵੀ ਹਾਜ਼ਰ ਸਨ।

LEAVE A REPLY