3ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਪੰਜਾਬ ਦੇ ਸਿਆਸੀ ਦ੍ਰਿਸ਼ ਨੂੰ ਹੋਰ ਉਲਝਾ ਦਿੱਤਾ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰਸ਼ਿਪ ਤੋਂ ਹਟਾਉਣ ਨਾਲ ਪਾਰਟੀ ਦੋਫਾੜ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੈਰਾਂ ‘ਤੇ ਆਪ ਕੁਹਾੜੀ ਮਾਰੀ ਹੈ। ਵਿਧਾਨ ਸਭਾ ਤੋਂ ਐਨ ਪਹਿਲਾਂ ਵਾਪਰੇ ਇਸ ਸਾਰੇ ਘਟਨਾਕ੍ਰਮ ਦਾ ਪੰਜਾਬ ਦੀਆਂ ਸਿਆਸੀ ਸਮੀਕਰਨਾਂ ‘ਤੇ ਅਸਰ ਪੈਣਾ ਤੈਅ ਹੈ।
ਦਰਅਸਲ ਹੁਣ ਤੱਕ ਮੰਨਿਆ ਜਾ ਰਿਹਾ ਸੀ ਕਿ ‘ਆਪ’ ਦਾ ਪਲੜਾ ਭਾਰੀ ਹੈ। ਕੌਮੀ ਪਾਰਟੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵਰਗਾ ਜਰਨੈਲ ਹੋਣ ਦੇ ਬਾਵਜੂਦ ਡਰ ਰਹੀ ਸੀ ਕਿ ਇਸ ਵਾਰ ‘ਆਪ’ ਖੇਡ ਵਿਗਾੜ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਵੀ ਕਾਂਗਰਸ ਦੀ ਬਜਾਏ ਆਮ ਆਦਮੀ ਪਾਰਟੀ ‘ਤੇ ਹੀ ਨਿਸ਼ਾਨਾ ਦਾਗ ਰਿਹਾ ਸੀ। ਪੰਜਾਬ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਨੂੰ ਲੱਗ ਰਿਹਾ ਸੀ ਕਿ ‘ਆਪ’ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਰਹੀ ਹੈ।
ਹੁਣ ‘ਆਪ’ ਦੇ ਇਸ ਅੰਦਰੂਨੀ ਕਲੇਸ਼ ਤੋਂ ਕਾਂਗਰਸ ਤੇ ਅਕਾਲੀ ਦਲ ਖੁਸ਼ ਹਨ। ਸੋਸ਼ਲ ਮੀਡੀਆ ‘ਤੇ ਪਿਛਲੇ ਦੋ ਦਿਨਾਂ ਦੌਰਾਨ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹੁਣ ਕਾਂਗਰਸ ਦਾ ਦਾਅ ਲੱਗ ਸਕਦਾ ਹੈ। ਕਾਂਗਰਸ ਨੇ ਵੀ ਇਸ ਮੌਕੇ ਦਾ ਲਾਹਾ ਲੈਣ ਦੀ ਰਣਨੀਤੀ ਘੜ ਲਈ ਹੈ। ਕਾਂਗਰਸ ਨੇ ਛੋਟੇਪੁਰ, ਨਵਜੋਤ ਸਿੱਧੂ ਤੇ ਪਰਗਟ ਸਿੰਘ ਨੂੰ ਪਾਰਟੀ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾਕ੍ਰਮ ਤੋਂ ਬਾਅਦ ਹੋਰ ਪਾਰਟੀਆਂ ਦੇ ਲੀਡਰ ‘ਆਪ’ ਵਿੱਚ ਜਾਂ ਦੀ ਬਜਾਏ ਕਾਂਗਰਸ ਦਾ ਹੱਥ ਫੜ ਸਕਦੇ ਹਨ।
ਦੂਜੇ ਪਾਸੇ ਟਿਕਟਾਂ ਦੀ ਵੰਡ ਮਗਰੋਂ ਕਾਂਗਰਸ ਦੇ ਲੀਡਰ ਵੀ ‘ਆਪ’ ਵਿੱਚ ਜਾਣ ਤੋਂ ਪਹਿਲਾਂ ਸੌ ਵਾਰ ਸੋਚਣਗੇ। ਕੁੱਲ ਮਿਲਾ ਕੇ ‘ਆਪ’ ਦੇ ਅੰਦਰੂਨੀ ਕਲੇਸ਼ ਦਾ ਫਾਇਦਾ ਕਾਂਗਰਸ ਨੂੰ ਹੋਏਗਾ। ਇਹ ਵੀ ਚਰਚਾ ਹੈ ਕਿ ‘ਆਪ’ ਦੇ ਬਾਗੀ ਲੀਡਰ ਤੇ ਛੋਟੇਪੁਰ ਮਿਲ ਕੇ ਕੋਈ ਸਿਆਸੀ ਫਰੰਟ ਬਣਾ ਸਕਦੇ ਹਨ। ਅਜਿਹੀ ਹਾਲਤ ਵਿੱਚ ਵੋਟ ਕਈ ਹਿੱਸਿਆਂ ਵਿੱਚ ਵੰਡੀ ਜਾਏਗੀ। ਇਸ ਦਾ ਫਾਇਦਾ ਵੀ ਅਕਾਲੀ ਦਲ ਤੇ ਕਾਂਗਰਸ ਨੂੰ ਹੀ ਹੋਏਗਾ।

LEAVE A REPLY