1ਅੰਮ੍ਰਿਤਸਰ: “ਕੇਜਰੀਵਾਲ ਪੰਜਾਬ ਆ ਕੇ ਰਹਿਣਾ ਚਾਹੇ ਤਾਂ ਰਹੇ ਮੈਨੂੰ ਉਸ ਦਾ ਕੋਈ ਡਰ ਨਹੀਂ। ਕੇਜਰੀਵਾਲ ਕਿਹੜਾ ਬੰਬ ਲੈ ਕੇ ਆ ਰਿਹਾ ਹੈ।” ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ। ਉਹ ਅੱਜ ਖਡੂਰ ਸਾਹਿਬ ਵਿੱਚ ਸੰਗਤ ਦਰਸ਼ਨ ਕਰਨ ਲਈ ਆਏ ਸਨ।
ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਵਿਵਾਦਾਂ ਬਾਰੇ ਕਿਹਾ ਕਿ ਇਹ ਪਾਰਟੀ ਆਪਣੇ ਹੀ ਲੀਡਰਾਂ ਉੱਤੇ ਗੰਭੀਰ ਇਲਜ਼ਾਮ ਲਾ ਰਹੀ ਹੈ। ਇਸ ਤੋਂ ਸਾਫ ਹੈ ਕਿ ਇਹ ਲੋਕ ਪੰਜਾਬ ਦੇ ਭਲੇ ਲਈ ਨਹੀਂ ਸਗੋਂ ਆਪਣੇ ਲਈ ਸਭ ਕੁਝ ਕਰ ਰਹੇ ਹਨ। ਛੋਟੇਪੁਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਪਰ ਇਹ ਜ਼ਰੂਰ ਪਤਾ ਹੈ ਕਿ ਉਨ੍ਹਾਂ ਦੀ ਆਪਸੀ ਲੜਾਈ ਹਾਲੇ ਮੁੱਕਣ ਦਾ ਨਾਮ ਨਹੀਂ ਲੈ ਰਹੀ।
ਪੰਜਾਬ ਦੇ ਖ਼ਜ਼ਾਨੇ ਖਾਲੀ ਹੋਣ ਬਾਰੇ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾਣ ਵਾਲੀ ਬਿਆਨਬਾਜ਼ੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਭਰੇ ਹਨ ਤੇ ਇਸ ਦਾ ਸਬੂਤ ਇਹ ਹੈ ਕਿ ਉਨ੍ਹਾਂ ਵੱਲੋਂ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਾਰਨ ਲਈ ਜ਼ਰੂਰਤ ਮੁਤਾਬਕ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਅੱਜ ਦੇ ਸੰਗਤ ਦਰਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਹੀ ਸ਼ਾਮ ਨੂੰ ਖਡੂਰ ਸਾਹਿਬ ਦੇ ਲੋਕਾਂ ਕੋਲੋਂ ਇਹ ਪਤਾ ਕੀਤਾ ਜਾਵੇ ਕਿ ਉਨ੍ਹਾਂ ਨੂੰ ਕਿੰਨਾ ਪੈਸੇ ਦਿੱਤਾ ਗਿਆ। ਜੇਕਰ ਸਰਕਾਰ ਕੋਲ ਪੈਸੇ ਨਹੀਂ ਤਾਂ ਫਿਰ ਅਸੀਂ ਇਨ੍ਹਾਂ ਨੂੰ ਪੈਸੇ ਕਿੱਥੋਂ ਦੇ ਰਹੇ ਹਾਂ। ਹੁਣ ਕਿਹਾ ਕਿ ਪੰਜਾਬ ਨੂੰ ਬਦਨਾਮ ਕਾਰਨ ਵਾਲੇ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਪੈਸੇ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲਾਂ ਵਿੱਚ ਪੰਜਾਬ ਲਈ ਖਰਚ ਕੀਤੇ ਓਨੇ ਮੈਂ 5 ਮਹੀਨਿਆਂ ਵਿੱਚ ਵੰਡ ਦਿੰਦਾ ਹਾਂ।
ਪ੍ਰਗਟ ਸਿੰਘ ਤੇ ਬੁਲਾਰੀਆ ਦੀ ਵਾਪਸੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਇਸ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਨ੍ਹਾਂ ਵੱਲੋਂ ਅੱਜ ਤੱਕ ਇਨ੍ਹਾਂ ਦੋਵਾਂ ਲੀਡਰਾਂ ਨੂੰ ਕੁਝ ਨਹੀਂ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਹੀ ਵੱਖ-ਵੱਖ ਸਮੇਂ ਤੇ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਭਾਜਪਾ ਨਾਲ ਸੀਟਾਂ ਦੀ ਵੰਡ ਤੇ ਫੇਰਬਦਲ ਬਾਰੇ ਬਾਦਲ ਨੇ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਵੀ ਗੱਲ ਨਹੀਂ ਹੋਈ।

LEAVE A REPLY