01ਬਾਲਾਘਾਟ – ਲਾਂਜੀ ਖੇਤਰ ਦੇ ਸਾਬਕਾ ਵਿਧਾਇਕ ਅਤੇ ਬਸਪਾ ਆਗੂ ਕਿਸ਼ੋਰ ਸਮਰਿਤੇ ਨੇ ਕਿਹਾ ਹੈ ਕਿ ਦੇਸ਼ ਵਿਚ ਸ਼ਾਂਤੀ ਦੇ ਦੂਤ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਹੀਂ ਸਗੋਂ ਭਗਵਾਨ ਗੌਤਮ ਬੁੱਧ ਹਨ। ਭਗਵਾਨ ਗੌਤਮ ਬੁੱਧ ਤੋਂ ਪ੍ਰੇਰਿਤ ਹੋ ਕੇ ਉਂਗਲੀਮਾਲ ਨਾਮੀ ਇਕ ਡਾਕੂ ਨੇ ਸ਼ਾਂਤੀ ਦਾ ਰਾਹ ਅਪਣਾ ਲਿਆ ਸੀ। ਸਮਰਾਟ ਅਸ਼ੋਕ ਨੇ ਵੀ ਕਲਿੰਗਾ ਦੀ ਜੰਗ ਪਿੱਛੋਂ ਸ਼ਾਂਤੀ ਦਾ ਰਾਹ ਅਪਣਾਇਆ ਸੀ। ਉਨ੍ਹਾਂ ਦੀ ਬੇਟੀ ਸੰਘਮਿੱਤਰਾ ਨੇ ਸ਼੍ਰੀਲੰਕਾ ਪਹੁੰਚ ਕੇ ਬੁੱਧ ਧਰਮ ਦਾ ਪ੍ਰਚਾਰ ਕੀਤਾ ਸੀ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਭਾਵਨਾਵਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਤੱਕ ਕਿਸੇ ਨੇ ਵੀ ਸ਼ਾਂਤੀ ਦਾ ਰਾਹ ਨਹੀਂ ਅਪਣਾਇਆ, ਜੇ ਮਹਾਤਮਾ ਗਾਂਧੀ ਸ਼ਾਂਤੀ ਦਾ ਦੂਤ ਹੁੰਦੇ ਤਾਂ ਉਨ੍ਹਾਂ ਨੂੰ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਨੇ ਆਪਣੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕਿਉਂ ਨਹੀਂ ਕੀਤਾ ਸੀ?
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡਾਕੂ ਫੂਲਨ ਦੇਵੀ ਨੇ ਵੀ ਗੌਤਮ ਬੁੱਧ ਤੋਂ ਪ੍ਰੇਰਿਤ ਹੋ ਕੇ ਆਤਮ-ਸਮਰਪਣ ਕੀਤਾ ਸੀ। ਆਚਾਰਿਆ ਵਿਨੋਬਾ ਭਾਵੇ ਤੋਂ ਪ੍ਰੇਰਿਤ ਹੋ ਕੇ ਡਾਕੂ ਮੋਹਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਥਿਆਰ ਸੁੱਟੇ ਸਨ। ਅੱਜ ਤੱਕ ਸੂਬਿਆਂ ਨੇ ਹੀ ਨਹੀਂ ਸਗੋਂ ਦੇਸ਼ ਨੇ ਵੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਸ਼ਾਂਤੀ ਦਾ ਰਾਹ ਨਹੀਂ ਫੜਿਆ ਹੈ।
ਸਾਬਕਾ ਵਿਧਾਇਕ ਨੇ ਕਿਹਾ ਕਿ ਜੇ ਮਹਾਤਮਾ ਗਾਂਧੀ ਸ਼ਾਂਤੀ ਦਾ ਦੂਤ ਹੁੰਦੇ ਤਾਂ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਦਾ ਪਰ ਅੱਜ ਤੱਕ ਉਨ੍ਹਾਂ ਨੂੰ ਇਹ ਪੁਰਸਕਾਰ ਨਹੀਂ ਦਿੱਤਾ ਗਿਆ। ਮੁਹੰਮਦ ਅਲੀ ਜਿਨਾਹ ਨੇ ਪਾਕਿਸਤਾਨ ਦੀ ਵੰਡ ਕਰਵਾਈ। ਇਸ ਦੌਰਾਨ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਮਾਰੇ ਗਏ। ਇਸ ਦੇ ਬਾਵਜੂਦ ਪਾਕਿਸਤਾਨ ਉਨ੍ਹਾਂ ਨੂੰ ਸ਼ਾਂਤੀ ਦਾ ਦੂਤ ਮੰਨਦਾ ਹੈ। ਜੋ ਹਿੰਸਾ ਦਾ ਰਾਹ ਅਪਣਾਉਂਦੇ ਹਨ, ਉਹ ਕਿਵੇਂ ਸ਼ਾਂਤੀ ਦਾ ਦੂਤ ਹੋ ਸਕਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸਮੁੱਚੀ ਦੁਨੀਆ ਵਿਚ ਗੌਤਮ ਬੁੱਧ ਇਕੱਲੇ ਅਜਿਹੇ ਹਨ ਜੋ ਸ਼ਾਂਤੀ ਦਾ ਦੂਤ ਹਨ। ਉਨ੍ਹਾਂ ਕਿਹਾ ਕਿ ਉਹ 2 ਅਕਤੂਬਰ ਤੋਂ ਨਕਸਲੀ ਹਿੰਸਾ ਪ੍ਰਭਾਵਿਤ ਪਿੰਡਾਂ ‘ਚ ਸ਼ਾਂਤੀ ਮਾਰਚ ਕਰਨਗੇ।

LEAVE A REPLY