8ਮਾਜਰੀ  : ਥਾਣਾ ਮਾਜਰੀ ਅਧੀਨ ਪੈਂਦੇ ਪਿੰਡ ਫਾਂਟਵਾ ਵਿਖੇ ਪ੍ਰਵਾਸੀ ਮਜ਼ਦੂਰ ਪੰਕਜ ਪੰਡਤ (23) ਤੇ ਉਸ ਦੀ ਪਤਨੀ ਬਬਲੀ (19) ਵਾਸੀਆਨ ਪਿੰਡ ਬਨਜੋਰ ਜ਼ਿਲਾ ਖੜਕੀਆਂ ਬਿਹਾਰ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ 3 ਮਹੀਨਿਆਂ ਤੋਂ ਪਿੰਡ ਫਾਂਟਵਾ ਦੇ ਵਸਨੀਕ ਜਗੀਰ ਸਿੰਘ ਦੀ ਮੋਟਰ ‘ਤੇ ਉਕਤ ਪਤੀ-ਪਤਨੀ ਰਹਿੰਦੇ ਸਨ ਤੇ ਰਾਜ ਮਿਸਤਰੀ ਨਾਲ ਪਿੰਡ ਦੇ ਵਸਨੀਕ ਹਰਜੰਗ ਸਿੰਘ ਦੇ ਘਰ ਮਜ਼ਦੂਰੀ ਦਾ ਕੰਮ ਕਰਦੇ ਸਨ। ਜਦੋਂ ਅੱਜ ਸਵੇਰੇ ਦੋਵੇਂ ਕੰਮ ‘ਤੇ ਨਹੀਂ ਆਏ ਤਾਂ ਹਰਜੰਗ ਸਿੰਘ ਨੇ ਮੋਟਰ ‘ਤੇ ਜਾ ਕੇ ਵੇਖਿਆ ਤਾਂ ਉਥੇ ਕੋਈ ਨਹੀਂ ਸੀ, ਫਿਰ ਉਸ ਨੇ ਮੋਟਰ ਦੇ ਕਮਰੇ ਦੀ ਛੱਤ ‘ਤੇ ਜਾ ਕੇ ਵੇਖਿਆ ਤਾ ਉਥੇ ਪੰਕਜ ਤੇ ਬਬਲੀ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਇਹ ਵੇਖ ਕੇ ਹਰਜੰਗ ਸਿੰਘ ਹੱਕਾ-ਬੱਕਾ ਰਹਿ ਗਿਆ ਤੇ ਉਸ ਨੇ ਪਿੰਡ ਦੇ ਸਰਪੰਚ ਨੂੰ ਇਸ ਸਬੰਧੀ ਸੂਚਿਤ ਕੀਤਾ ਤੇ ਸਰਪੰਚ ਨੇ ਪੁਲਸ ਥਾਣਾ ਮਾਜਰੀ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ ‘ਤੇ ਸਥਾਨਕ ਪੁਲਸ ਦੇ ਐੱਸ. ਐੱਚ. ਓ. ਗੁਰਸੇਵਕ ਸਿੰਘ, ਐੱਸ. ਐੱਚ. ਓ. ਅਮਰਵੀਰ ਸਿੰਘ ਤੇ ਗੁਰਚਰਨ ਸਿੰਘ ਸੀ. ਆਈ. ਏ. ਇੰਚਾਰਜ ਮੋਹਾਲੀ ਨੇ ਮੌਕੇ ‘ਤੇ ਜਾ ਕੇ ਤਫਤੀਸ਼ ਸ਼ੁਰੂ ਕੀਤੀ। ਪੁਲਸ ਨੇ ਦੱਸਿਆ ਕਿ ਪੰਕਜ ਤੇ ਬਬਲੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ 3 ਮਹੀਨਿਆਂ ਤੋਂ ਫਾਂਟਵਾ ਵਿਖੇ ਜਗੀਰ ਸਿੰਘ ਦੀ ਮੋਟਰ ‘ਤੇ ਰਹਿ ਰਹੇ ਸਨ। ਬੀਤੀ ਰਾਤ 11 ਵਜੇ ਤੋਂ ਬਾਅਦ ਬਬਲੀ ਨਾਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪੰਕਜ ਪੰਡਤ ਨੇ ਵਿਰੋਧ ਕੀਤਾ ਤੇ ਅਣਪਛਾਤੇ ਵਿਅਕਤੀ ਨੇ ਪੰਕਜ ਦੇ ਸਿਰ ਵਿਚ ਲੱਕੜ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਉਸਦੀ ਪਤਨੀ ਬਬਲੀ ਨਾਲ ਰੇਪ ਕਰਕੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਕਿਹਾ ਕਿ ਦੋਵੇਂ ਮ੍ਰਿਤਕਾਂ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਵਿਖੇ ਭੇਜ ਦਿੱਤਾ ਹੈ ਤੇ ਉਚ ਪੱਧਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

LEAVE A REPLY