2ਚੰਡੀਗੜ੍ਹ : ਪੰਜਾਬ ‘ਚ ਮੁੱਖ ਮੰਤਰੀ ਦੇ ਅਹੁਦੇ ਲਈ ਖੁਦ ਅਰਵਿੰਦ ਕੇਜਰੀਵਾਲ ਜਾਂ ਉਨ੍ਹਾਂ ਦੀ ਪਤਨੀ ਸੁਨੀਤਾ ਲਈ ਰਸਤਾ ਸਾਫ ਕੀਤਾ ਜਾ ਰਿਹਾ ਹੈ। ਇਥੇ ਆਮ ਆਦਮੀ ਪਾਰਟੀ ਦਾ ਸੀ. ਐੱਮ. ਬਣਨ ਦਾ ਜੋ ਵੀ ਸੁਪਨਾ ਪਾਲੇਗਾ, ਉਸ ਨੂੰ ਛੋਟੇਪੁਰ ਵਾਂਗ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਹੋਵੇਗਾ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਹੀ ਕੀਤਾ ਹੈ।
ਛੋਟੇਪੁਰ ਦਾ ਕਹਿਣਾ ਹੈ ਕਿ ਪੰਜਾਬ ‘ਚ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਾ ਸਕਦੇ ਹਨ। ਸੁਨੀਤਾ ਮੂਲ ਰੂਪ ‘ਚ ਸ੍ਰੀ ਫਤਿਹਗੜ੍ਹ ਸਾਹਿਬ ਦੀ ਹੀ ਰਹਿਣ ਵਾਲੀ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਆਮ ਆਦਮੀ ਪਾਰਟੀ ਦੇ ਕਈ ਹੋਰ ਵੱਡੇ ਆਗੂਆਂ ਦੀ ਛੁੱਟੀ ਹੋ ਸਕਦੀ ਹੈ। ਦੱਸਣਯੋਗ ਹੈ ਕਿ ਮਾਝਾ ਖੇਤਰ ‘ਚ ਛੋਟੇਪੁਰ ਵੱਡੀ ਭੂਮਿਕਾ ਨਿਭਾ ਸਕਦੇ ਸਨ ਪਰ ਹੁਣ ਉਨ੍ਹਾਂ ਦੇ ਜਾਣ ਪਿੱਛੋਂ ਹੁਣ ਕੋਈ ਵੱਡਾ ਸਿੱਖ ਚਿਹਰਾ ਨਹੀਂ ਰਹਿ ਗਿਆ ਹੈ। ਛੋਟੇਪੁਰ ਨੂੰ ਕਨਵੀਨਰ ਤੋਂ ਹਟਾਏ ਜਾਣ ਦਾ ਮਾਮਲਾ ਸਮਾਜਿਕ ਅਤੇ ਸਿਆਸੀ ਹਲਕਿਆਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਸਵਾਲ ਉੱਠ ਖੜ੍ਹਾ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਅਜੇ ਤਕ ਛੋਟੇਪੁਰ ਨਾਲ ਜੁੜੇ ਸਟਿੰਗ ਦੀ ਵੀਡੀਓ ਨੂੰ ਜਨਤਕ ਕਿਉਂ ਨਹੀਂ ਕੀਤਾ। ਇਹ ਸਵਾਲ ਵੀ ਹੈ ਕਿ ਪਾਰਟੀ ਦੇ ਵੱਡੇ ਨੇਤਾ ਬੀਤੇ ਦੋ ਸਾਲ ਤੋਂ ਪਾਰਟੀ ਲਈ ਜੋ ਮੁਹਿੰਮ ਚਲਾ ਰਹੇ ਸਨ, ਲਈ ਪੈਸਾ ਕਿਥੋਂ ਆ ਰਿਹਾ ਸੀ। ਇਸ ਸਬੰਧੀ ਕੋਈ ਵੀ ਕੁਝ ਵੀ ਦੱਸਣ ਲਈ ਤਿਆਰ ਨਹੀਂ। ਨਵਜੋਤ ਸਿੰਘ ਸਿੱਧੂ ਨੇ ‘ਆਪ’ ਨਾਲੋਂ ਦੂਰੀ ਬਣਾ ਲਈ ਹੈ। ਪਹਿਲਾਂ ਸਿੱਧੂ ਨਾਲ ਸਾਰੀਆਂ ਗੱਲਾਂ ਤੈਅ ਹੋ ਗਈਆਂ ਸਨ ਅਤੇ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਪਰ ਬਾਅਦ ‘ਚ ਇਹ ਗੱਲ ਫੈਲ ਗਈ ਕਿ ਸਿੱਧੂ ਪੰਜਾਬ ਦੇ ਸੀ. ਐੱਮ. ਦੇ ਅਹੁਦੇ ਦੇ ਉਮੀਦਵਾਰ ਹੋਣਗੇ। ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਬਾਰੇ ਚਰਚੇ ਵੀ ਚੱਲ ਰਹੇ ਸਨ ਪਰ ਹੁਣ ਇਸ ਸਬੰਧੀ ਕੋਈ ਕੁਝ ਨਹੀਂ ਬੋਲ ਰਿਹਾ।

LEAVE A REPLY