4ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉੱਤੇ ਟਿਕਟ ਲਈ ਪੈਸੇ ਮੰਗਣ ਦਾ ਦੋਸ਼ ਲਾਉਣ ਵਾਲਾ ਐਨ.ਆਰ.ਆਈ. ਰਵਿੰਦਰ ਸਿੰਘ ਕੰਗ ਦਾ ਆਸਟ੍ਰੇਲੀਆ ਵਿੱਚ ਰਹਿਣ ਦਾ ਸਫ਼ਰ ਵਿਵਾਦਮਈ ਰਿਹਾ ਹੈ। ਇਸ ਦੀ ਪੁਸ਼ਟੀ ਆਸਟ੍ਰੇਲੀਆ ਦੇ ਮੀਡੀਆ ਵੱਲੋਂ 2011 ਵਿੱਚ ਉਸ ਖ਼ਿਲਾਫ਼ ਕੀਤੀ ਗਈ ਰਿਪੋਰਟਿੰਗ ਤੋਂ ਹੁੰਦੀ ਹੈ।
ਰਵਿੰਦਰ ਸਿੰਘ ਕੰਗ ਆਸਟ੍ਰੇਲੀਆ ਦੇ ਸੂਬੇ ਬ੍ਰਿਸਬੇਨ ਵਿੱਚ ਆਪਣੀ ਪਤਨੀ ਨਾਲ 2009 ਵਿੱਚ ਸਟੂਡੈਂਟ ਵੀਜ਼ੇ ਉੱਤੇ ਗਿਆ ਸੀ ਤੇ 2015 ਤੱਕ ਉਹ ਉੱਥੇ ਰਿਹਾ। ਬ੍ਰਿਸਬੇਨ ਪਹੁੰਚਣ ਤੋਂ ਬਾਅਦ ਕੰਗ ਨੇ ਟੈਕਸੀ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ। ਮਈ 2011 ਵਿੱਚ ਉਸ ਵੱਲੋਂ ਇੱਕ ਲੜਕੀ ਨਾਲ ਕੀਤੇ ਗਏ ਬੁਰੇ ਵਿਵਹਾਰ ਦਾ ਮਾਮਲਾ ਆਸਟ੍ਰੇਲੀਆ ਦੇ ਮੀਡੀਆ ਵਿੱਚ ਕਾਫ਼ੀ ਚਰਚਾ ਵਿੱਚ ਰਿਹਾ। ਚਰਚਾ ਲੜਕੀ ਨਾਲ ਬੁਰੇ ਵਿਵਹਾਰ ਦੇ ਨਾਲ ਉਸ ਦਾ ਅੰਗਰੇਜ਼ੀ ਵਿੱਚ ਹੱਥ ਤੰਗ ਹੋਣ ਦਾ ਵੀ ਸੀ।
ਰਵਿੰਦਰ ਸਿੰਘ ਕੰਗ ਦੀ ਇਸ ਹਰਕਤ ਕਾਰਨ ਆਸਟ੍ਰੇਲੀਆ ਮੀਡੀਆ ਵੱਲੋਂ ਘੱਟ ਪੜ੍ਹੇ-ਲਿਖੇ ਤੇ ਅੰਗਰੇਜ਼ੀ ਤੋਂ ਅਣਜਾਣ ਟੈਕਸੀ ਡਰਾਈਵਰਾਂ ਉੱਤੇ ਸਵਾਲ ਵੀ ਖੜ੍ਹੇ ਹੋਏ ਸਨ। ਲੜਕੀ ਨਾਲ ਬੁਰੇ ਵਿਵਹਾਰ ਕਾਰਨ ਬ੍ਰਿਸਬੇਨ ਦੀ ਅਦਾਲਤ ਨੇ ਰਵਿੰਦਰ ਸਿੰਘ ਕੰਗ ਨੂੰ ਦੋਸ਼ੀ ਐਲਾਨਦਿਆਂ ਕਮਿਊਨਿਟੀ ਸੇਵਾ ਦੀ ਸਜ਼ਾ ਵੀ ਲਾਈ ਸੀ।
ਆਸਟ੍ਰੇਲੀਆ ਵਿੱਚ ਭਾਰਤੀ ਕਾਮਿਆਂ ਦੇ ਸ਼ੋਸ਼ਣ ਕਰਨ ਦੇ ਲੱਗੇ ਦੋਸ਼ਾਂ ਨੂੰ ਸਿਰ ਤੋਂ ਖ਼ਾਰਜ ਕਰਦਿਆਂ ਕੰਗ ਨੇ ਆਖਿਆ ਹੈ ਕਿ ਉਸ ਨੂੰ ਡੀਪੋਰਟ ਨਹੀਂ ਕੀਤਾ ਗਿਆ ਸੀ। ਉਹ ਪੰਜਾਬ ਦੀ ਸੇਵਾ ਕਰਨ ਦੇ ਮਕਸਦ ਨਾਲ ਇੱਥੇ ਆਇਆ ਹੋਇਆ ਹੈ। ਸੁੱਚਾ ਛੋਟੇਪੁਰ ਉੱਤੇ ਜੋ ਪੈਸੇ ਲੈਣ ਦੀ ਗੱਲ ਰਵਿੰਦਰ ਸਿੰਘ ਕੰਗ ਵੱਲੋਂ ਕੀਤੀ ਜਾ ਰਹੀ ਹੈ, ਉਸ ਦਾ ਵੀ ਉਸ ਕੋਲ ਕੋਈ ਸਬੂਤ ਨਹੀਂ ਹੈ।
ਰਵਿੰਦਰ ਸਿੰਘ ਕੰਗ ਅਨੁਸਾਰ ਉਸ ਦੀ ਟਿਕਟ ਲਈ ਸੁੱਚਾ ਸਿੰਘ ਛੋਟੇਪੁਰ ਨਾਲ 30 ਲੱਖ ਰੁਪਏ ਵਿੱਚ ਗੱਲ ਹੋਈ ਸੀ ਜਿਸ ਵਿੱਚੋਂ ਉਸ ਨੇ ਬਟਾਲਾ ਵਿੱਚ ਚਾਰ ਲੱਖ ਰੁਪਏ ਖ਼ੁਦ ਜਾ ਕੇ ਦਿੱਤੇ ਸਨ ਪਰ ਇਸ ਗੱਲ ਦਾ ਰਵਿੰਦਰ ਸਿੰਘ ਕੰਗ ਕੋਲ ਕੋਈ ਸਬੂਤ ਨਹੀਂ। ਰਵਿੰਦਰ ਸਿੰਘ ਕੰਗ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਹਰਦਾਸਾ ਦਾ ਰਹਿਣ ਵਾਲਾ ਹੈ ਤੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਟਿਕਟ ਦਾ ਚਾਹਵਾਨ ਹੈ।

LEAVE A REPLY