7ਨਵੀਂ ਦਿੱਲੀ : ਦਿੱਲੀ ‘ਚ ਸਿਹਤ ਅਤੇ ਲੋਕ ਨਿਰਮਾਣ ਸਕੱਤਰਾਂ ਦੇ ਤਬਾਦਲਿਆਂ ਤੋਂ ਬੇਹੱਦ ਨਾਰਾਜ਼ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ ਕਿ ਉਹ ਉਪ ਰਾਜਪਾਲ ਨਜੀਬ ਜੰਗ ਰਾਹੀਂ ਦਿੱਲੀ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਹਨ। ਦਿੱਲੀ ਹਾਈਕੋਰਟ ਵੱਲੋਂ ਕੁਝ ਦਿਨ ਪਹਿਲਾਂ ਉਪ ਰਾਜਪਾਲ ਨੂੰ ਪ੍ਰਸ਼ਾਸਨਿਕ ਮਾਮਲਿਆਂ ਦਾ ਕਰਤਾ-ਧਰਤਾ ਦੱਸੇ ਜਾਣ ਪਿੱਛੋਂ ਜੰਗ ਨੇ ਮੰਗਲਵਾਰ ਸਿਹਤ ਸਕੱਤਰ ਤਰੁਣ ਸੇਮ ਅਤੇ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਸ਼੍ਰੀਵਾਸਤਵ ਨੂੰ ਤਬਦੀਲ ਕਰ ਦਿੱਤਾ। ਸੇਮ ਦੀ ਥਾਂ ਚੰਦਰਾਕਰ ਭਾਰਤੀ ਨੂੰ ਸਿਹਤ ਸਕੱਤਰ ਅਤੇ ਸ਼੍ਰੀਵਾਸਤਵ ਦੀ ਥਾਂ ‘ਤੇ ਅਸ਼ਵਨੀ ਕੁਮਾਰ ਨੂੰ ਲੋਕ ਨਿਰਮਾਣ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਤਬਾਦਲਿਆਂ ਪਿੱਛੋਂ ਬਹੁਤ ਨਾਰਾਜ਼ ਨਜ਼ਰ ਆ ਰਹੇ ਕੇਜਰੀਵਾਲ ਨੇ ਇਕ-ਇਕ ਕਰ ਕੇ ਕਈ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਮੋਦੀ ਉਪ ਰਾਜਪਾਲ ਰਾਹੀਂ ਦਿੱਲੀ ਨੂੰ ਬਰਬਾਦ ਕਰਨ ‘ਤੇ ਤੁਲੇ ਹੋਏ ਹਨ। ਇਕ ਹੋਰ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੰਗ ਅੱਗੇ ਤਰਲੇ-ਮਿੰਨਤਾਂ ਕੀਤੀਆਂ ਕਿ ਮੁਹੱਲਾ ਕਲੀਨਿਕ ਅਤੇ ਸਕੂਲ ਬਣਾਉਣ ਵਾਲੇ ਸਕੱਤਰਾਂ ਨੂੰ 31 ਮਾਰਚ ਤੱਕ ਨਾ ਹਟਾਇਆ ਜਾਵੇ ਪਰ ਉਪ ਰਾਜਪਾਲ ਨੇ ਇਕ ਵੀ ਗੱਲ ਨਹੀਂ ਮੰਨੀ।
ਮੰਗਲਵਾਰ ਕੁਝ ਅਧਿਕਾਰੀਆਂ ਦੇ ਤਬਾਦਲੇ ਸਿੱਧੇ ਹੀ ਨਜੀਬ ਜੰਗ ਨੇ ਕਰ ਦਿੱਤੇ। ਤਬਾਦਲਿਆਂ ਬਾਰੇ ਉਨ੍ਹਾਂ ਮੁੱਖ ਮੰਤਰੀ ਜਾਂ ਸੰਬੰਧਿਤ ਵਿਭਾਗ ਦੇ ਮੰਤਰੀਆਂ ਕੋਲੋਂ ਵੀ ਨਹੀਂ ਪੁੱਛਿਆ।
ਕੇਜਰੀਵਾਲ ਨੇ ਕਿਹਾ ਕਿ ਜੇ ਸਿਹਤ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਕੋਈ ਗਿਰਾਵਟ ਆਈ ਤਾਂ ਇਸ ਲਈ ਮੋਦੀ ਜ਼ਿੰਮੇਵਾਰ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਵਿਚ ਉਨ੍ਹਾਂ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਉਪ ਰਾਜਪਾਲ ਨੂੰ ਫੋਨ ‘ਤੇ ਇਨ੍ਹਾਂ ਦੋਹਾਂ ਅਧਿਕਾਰੀਆਂ ਦਾ ਤਬਾਦਲਾ ਕਰਨ ਲਈ ਕਿਹਾ। ਮੋਦੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਜੰਗ ‘ਐੱਲ. ਜੀ.’ ਦੇ ਅਹੁਦੇ ਦੇ ਯੋਗ ਨਹੀਂ : ਸਵਾਮੀ ਕੇਜਰੀਵਾਲ ਵਾਂਗ ਹਨ 420
ਰਾਜਸਭਾ ਦੇ ਮੈਂਬਰ ਅਤੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਦਾ ਹੁਣ ਨਵਾਂ ਨਿਸ਼ਾਨਾ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਹਨ। ਉਂਝ ਜੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਸ਼ਾਨੇ ‘ਤੇ ਰਹਿੰਦੇ ਹਨ ਪਰ ਇਸ ਵਾਰ ਉਹ ਭਾਜਪਾ ਦੇ ਹੀ ਇਕ ਆਗੂ ਦੇ ਨਿਸ਼ਾਨੇ ‘ਤੇ ਹਨ।
ਸਵਾਮੀ ਦਾ ਕਹਿਣਾ ਹੈ ਕਿ ਜੰਗ ਉਪ ਰਾਜਪਾਲ (ਐੱਲ. ਜੀ.) ਦੇ ਅਹੁਦੇ ਦੇ ਯੋਗ ਨਹੀਂ ਹਨ। ਸਵਾਮੀ ਮੁਤਾਬਕ ਮੇਰੇ ਖਿਆਲ ਵਿਚ ਨਜੀਬ ਜੰਗ ਦਿੱਲੀ ਨੂੰ ਚਲਾਉਣ ਦੇ ਯੋਗ ਨਹੀਂ ਹਨ। ਉਹ ਕੇਜਰੀਵਾਲ ਵਾਂਗ ਹੀ 420 ਹਨ। ਸਾਨੂੰ ਦਿੱਲੀ ਵਿਚ ਸੰਘ ਦਾ ਕੋਈ ਆਦਮੀ ਚਾਹੀਦਾ ਹੈ। ਇਸ ਤੋਂ ਪਹਿਲਾਂ ਸਵਾਮੀ ਆਰ. ਬੀ. ਆਈ. ਦੇ ਅਹੁਦਾ ਛੱਡ ਰਹੇ ਗਵਰਨਰ ਰਘੂਰਾਮ ਰਾਜਨ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ।

LEAVE A REPLY