walia-bigਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰੂਨੀ ਫ਼ੁੱਟ ਦੀ ਸ਼ਿਕਾਰ ਹੋ ਕੇ ਦੋਫ਼ਾੜ ਹੋਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਆਪ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਆਪਣੀ ਛੋਟੀ ਜਿਹੀ ਢਾਈ ਵਰ੍ਹਿਆਂ ਦੀ ਉਮਰ ਵਿੱਚ ਹੀ ਪਾਰਟੀ ਦੇ ਅਨੇਕਾਂ ਛੋਟੇ ਵੱਡੇ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਹਨਾਂ ਵਿੱਚ ਪਾਰਟੀ ਸੰਸਥਾਪਕ ਮੈਂਬਰ ਸ਼ਾਂਤੀ ਭੂਸ਼ਣ, ਜੋਗਿੰਦਰ ਯਾਦਵ, ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਫ਼ਤਿਹਗੜ੍ਹ ਸਾਹਿਬ ਤੋਂ ਐਮ. ਪੀ. ਹਰਿੰਦਰ ਸਿੰਘ ਖਾਲਸਾ, ਪੰਜਾਬ ਆਮ ਆਦਮੀ ਪਾਰਟੀ ਦੇ ਪਹਿਲੇ ਕਨਵੀਨਰ ਸੁਮੇਲ ਸਿੰਘ ਸਿੱਧੂ, ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਚੋਣਾਂ ਲੜਨ ਵਾਲੇ ਭਾਈ ਬਲਦੀਪ ਸਿੰਘ, ਅੰਮ੍ਰਿਤਸਰ ਸਾਹਿਬ ਪਾਰਟੀ ਦੇ ਉਮੀਦਵਾਰ ਰਹੇ ਅਤੇ ਅੱਖਾਂ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ, ਗਾਇਕ ਜੱਸੀ ਜਸਰਾਜ ਅਤੇ ਪਵਿੱਤਰ ਸਿੰਘ ਆਦਿ ਸ਼ਾਮਲ ਹਨ। ਹੁਣ ਇਸ ਸੂਚੀ ਵਿੱਚ ਤਾਜ਼ਾ ਨਾਮ ਪੰਜਾਬ ਆਪ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਜੁੜ ਗਿਆ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਦੇ ਹੀ ਇੱਕ ਵਰਕਰ ਵੱਲੋਂ ਕੀਤੇ ਗਏ ਇੱਕ ‘ਸਟਿੰਗ’ ਨੂੰ ਆਧਾਰ ਬਣਾ ਕੇ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਛੋਟੇਪੁਰ ਉਤੇ ਇਲਜ਼ਾਮ ਲਾਇਆ ਗਿਆ ਹੈ ਕਿ ਉਸਨੇ ਵਿਧਾਨ ਸਭਾ ਦਾ ਟਿਕਟ ਦੇਣ ਬਦਲ ਦੋ ਲੱਖ ਰੁਪਏ ਲਏ ਸਨ। ਆਪ ਦੀ ਰਾਜਨੀਤਿਕ ਮਸਲਿਆਂ ਦੀ ਕਮੇਟੀ ਨੇ ਜਰਨੈਲ ਸਿੰਘ ਅਤੇ ਜਸਵੀਰ ਸਿੰਘ ਬੀਰ ਨੂੰ ਲੈ ਕੇ ਦੋ ਮੈਂਬਰੀ ਅਨੁਸ਼ਾਸਕ ਕਮੇਟੀ ਬਣਾ ਦਿੱਤੀ ਹੈ ਜੋ ਇਸ ਮਾਮਲੇ ਦੀ ਜਾਂਚ ਕਰੇਗੀ ਪਰ ਇਸ ਤੋਂ ਪਹਿਲਾਂ ਪੰਜਾਬ ਆਮ ਆਦਮੀ ਪਾਰਟੀ ਦੇ 21 ਸੀਨੀਅਰ ਮੈਂਬਰਾਂ ਨੇ ਸੁੱਚਾ ਸਿੰਘ ਛੋਟੇਪੁਰ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇੱਕ ਪੱਤਰ ਲਿਖਿਆ ਸੀ। ਇਸ ਪੱਤਰ ਉਤੇ ਦਸਤਖਤ ਕਰਨ ਵਾਲਿਆਂ ਵਿੱਚ ਐਚ. ਐਸ. ਫ਼ੂਲਕਾ, ਭਗਵੰਤ ਮਾਨ, ਸੁਖਪਾਲ ਖਹਿਰਾ, ਜਸਵੀਰ ਸਿੰਘ ਬੀਰ, ਹਿੰਮਤ ਸਿੰਘ ਸ਼ੇਰਗਿੱਲ ਅਤੇ ਹਰਜੋਤ ਸਿੰਘ ਬੈਂਸ ਆਦਿ ਸ਼ਾਮਲ ਸਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੰਵਰ ਸੰਧੂ ਦਾ ਨਾਮ ਇਹਨਾਂ ਦਸਤਖਤ ਕਰ ਨ ਵਾਲਿਆਂ ਵਿੱਚ ਨਹੀਂ ਹੈ।
ਸੁੱਚਾ ਸਿੰਘ ਛੋਟੇਪੁਰ ਨੇ ਵੀ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖਿਆ ਹੈ। ਇਸ ਪ੍ਰੈਸ ਕਾਨਫ਼ਰੰਸ ਵਿੱਚ ਆਪਣਾ ਪੱਖ ਸਪਸ਼ਟ ਕਰਦੇ ਹੋਏ ਛੋਟੇਪੁਰ ਨੇ ਮੰਗ ਕੀਤੀ ਕਿ ਜੇਕਰ ਪਾਰਟੀ ਕੋਲ ਕੋਈ ਅਜਿਹਾ ਵੀਡੀਓ ਰਿਕਾਰਡਿੰਗ ਹੈ, ਜਿਸ ਵਿੱਚ ਉਹ ਪੈਸੇ ਲੈ ਰਹੇ ਹਨ ਤਾਂ ਉਸਨੂੰ ਜਨਤਕ ਕੀਤਾ ਜਾਵੇ। ਛੋਟੇਪੁਰ ਨੇ ਕਿਹਾ ਕਿ ਉਸਦਾ ਕੋਈ ਖਜ਼ਾਨਚੀ ਨਹੀਂ ਹੈ ਅਤੇ ਨਾ ਹੀ ਦਿੱਲੀ ਵਾਲਿਆਂ ਨੇ ਕੋਈ ਕਦੇ ਕੋਈ ਫ਼ੰਡ ਦਿੱਤਾ ਹੈ। ਬਲਕਿ ਉਹਨਾਂ ਦਿੱਲੀ ਚੋਣਾਂ ਵੇਲੇ ਆਪਣੇ ਪੱਲਿਉਂ ਅਤੇ ਹੋਰ ਦੋਸਤਾਂ ਮਿੱਤਰਾਂ ਕੋਲੋਂ ਪੈਸੇ ਮੰਗ ਕੇ 80 ਲੱਖ ਰੁਪਏ ਦਿੱਤੇ ਸਨ। ਉਹਨਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿੱਚ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਥਾਵਾ ਤੇ ਕਾਨਫ਼ਰੰਸਾਂ ਕੀਤੀਆਂ ਹਨ, ਰੋਜ਼ਾਨਾ 400-400 ਕਿਲੋਮੀਟਰ ਕਾਰਾਂ ਚਲਦੀਆਂ ਹਨ, ਇਹ ਸਭ ਖਰਚੇ ਉਹ ਆਪਣੇ ਸਾਥੀਆਂ ਵੱਲੋਂ ਕੀਤੀ ਜਾਂਦੀ ਆਰਥਿਕ ਮਦਦ ਨਾਲ ਹੀ ਕਰਦੇ ਰਹੇ ਹਨ। ਸੁੱਚਾ ਸਿੰਘ ਛੋਟੇਪੁਰ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਟਿਕਟਾਂ ਦੇਣ ਵਾਲਿਆਂ ਨੇ ਕਰੋੜਾਂ ਰੁਪਏ ਲੈ ਕੇ ਬਹੁਤ ਸਾਰੇ ਕਮਜ਼ੋਰ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਉਹਨਾਂ ਪ੍ਰੈਸ ਵਾਲਿਆਂ ਨੂੰ ਕਿਹਾ ਕਿ ਉਮੀਦਵਾਰਾਂ ਦਾ ਐਲਾਨ ਕਰਨ ਵੇਲੇ  ਸੂਬੇ ਦੇ ਕਨਵੀਨਰ ਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਗਿਆ। ਉਹਨਾਂ ਇਹ ਵੀ ਕਿਹਾ ਕਿ ਯੂਥ ਮੈਨੀਫ਼ੈਸਟੋ ਜਾਰੀ ਕਰਦਿਆਂ ਵੀ ਉਹਨਾਂ ਨੂੰ ਨਹੀਂ ਪੁੱਛਿਆ ਗਿਆ। ਮੈਨੀਫ਼ੈਸਟੋ ਤੇ ਸ੍ਰੀ ਦਰਬਾਰ ਸਾਹਿਬ ਦੀ ਫ਼ੋਟੋ ਦੇ ਨਾਲ ਕੇਜਰੀਵਾਲ ਅਤੇ ਝਾੜੂ ਦੀ ਫ਼ੋਟੋ ਵਾਲੇ ਵਿਵਾਦ ਸਮੇਂ ਜਦੋਂ ਛੋਟੇਪੁਰ ਨੇ ਇਹ ਗੱਲ ਸੱਚ ਦੱਸ ਦਿੱਤੀ ਕਿ ਮੈਨੀਫ਼ੈਸਟੋ ਛਾਪਣ ਵੇਲੇ ਉਸਨੂੰ ਵਿਸ਼ਵਾਸ ਵਿੱਚ ਨਹੀਂ ਲਿਆ ਤਾਂ ਅਰਵਿੰਦ ਕੇਜਰੀਵਾਲ ਨੇ ਛੋਟੇਪੁਰ ਨੂੰ ਕਿਹਾ ਕਿ ਉਹ ਝੂਠ ਬੋਲ ਸਕਦਾ ਸੀ। ਇਸ ਸਬੰਧੀ ਛੋਟੇਪੁਰ ਨੇ ਆਪ ਦੇ ਕੌਮੀ ਕਨਵੀਨਰ ਉਪਰ ਬੜਾ ਸੰਗੀਨ ਇਲਜ਼ਾਮ ਲਗਾਇਆ। ਉਹਨਾਂ ਦੱਸਿਆ ਕਿ ਮੈਂ ਕੇਜਰੀਵਾਲ ਨੂੰ ਕਿਹਾ ਕਿ ਜੇ ਮੈਂ ਝੂਠ ਬੋਲ ਦਿੰਦਾ ਤਾਂ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਤੋਂ ਖਾਰਜ ਕੀਤਾ ਜਾਂਦਾ। ਇਸ ਤੇ ਕੇਜਰੀਵਾਲ ਦਾ ਕਹਿਣਾ ਸੀ ‘ਫ਼ਿਰ ਕਿਆ ਹੋਤਾ ਅਗਰ ਸਿੱਖੀ ਤੋਂ ਨਿਕਾਲ ਦੇਤੇ’। ਸੁੱਚਾ ਸਿੰਘ ਛੋਟੇਪੁਰ ਦਾ ਇਹ ਇਲਜ਼ਾਮ ਅਰਵਿੰਦ ਕੇਜਰੀਵਾਲ ਨੂੰ ਸਿੱਖ ਭਾਵਨਾਵਾਂ ਸਬੰਧੀ ਸੰਵੇਦਨਹੀਣ ਸਿੱਧ ਕਰਦਾ ਹੈ। ਛੋਟੇਪੁਰ ਨੇ ਇਸ ਪ੍ਰੈਸ ਕਾਨਫ਼ਰੰਸ ਵਿੱਚ ਭਗਵੰਤ ਮਾਨ ਨੂੰ ਨਸ਼ੇੜੀ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜਾਸੂਸ ਦੱਸਿਆ। ਉਹਨਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਦਾ ਆਪ ਵਿੱਚ ਦਾਖਲਾ ਰੋਕਣ ਵਿੱਚ ਭਗਵੰਤ ਮਾਨ ਜ਼ਿੰਮੇਵਾਰ ਹੈ।
ਅਕਾਲੀ ਦਲ ਅਤੇ ਕਾਂਗਰਸ ਦੋਵਾਂ ਪਾਰਟੀਆਂ ਵਿੱਚ ਕੰਮ ਕਰ ਚੁੱਕੇ ਛੋਟੇਪੁਰ ਦਾ ਅਕਸ ਕਾਫ਼ੀ ਹੱਦ ਤੱਕ ਸਾਫ਼-ਸੁਥਰਾ ਰਿਹਾ ਹੈ। ਉਹਨਾਂ 50 ਵਰ੍ਹਿਆਂ ਦੇ ਸਿਆਸੀ ਸਫ਼ਰ ਦੌਰਾਨ ਉਹਨਾਂ ਉਤੇ ਭ੍ਰਿਸ਼ਟਾਚਾਰ ਸਬੰਧੀ ਕੋਈ ਵੱਡਾ ਦੋਸ਼ ਨਹੀਂ ਲੱਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਛੋਟੇਪੁਰ ਨੂੰ ‘ਬੇਦਾਗ ਰਾਜਨੀਤਿਕ ਕੈਰੀਅਰ’ ਵਾਲਾ ਨੇਤਾ ਕਿਹਾ ਸੀ। ਉਂਝ ਸੁੱਚਾ ਸਿੰਘ ਛੋਟੇਪੁਰ ਦਾ ਅਕਸ ਸੁਤੰਤਰ ਵਿੱਚਾਰਾਂ ਵਾਲੇ ਨੇਤਾ ਦਾ ਰਿਹਾ ਹੈ। ਇਸ ਗੱਲ ਦਾ ਸਬੂਤ ਹੈ ਕਿ ਬਰਨਾਲਾ ਸਰਕਾਰ ਨੇ ਜਦੋਂ 1986 ਵਿੱਚ ‘ਉਪਰੇਸ਼ਨ ਬਲੈਕ ਥੰਡਰ’ ਕੀਤਾ ਸੀ, ਤਾਂ ਉਸ ਸਮੇਂ ਬਰਨਾਲਾ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਦੇ ਤੌਰ ‘ਤੇ ਕੰਮ ਕਰ ਰਹੇ ਛੋਟੇਪੁਰ ਉਪਰੇਸ਼ਨ ਦੇ ਵਿਰੋਧ ਵਿੱਚ ਅਸਤੀਫ਼ਾ ਦੇ ਗਏ ਸਨ। 67 ਵਰ੍ਹਿਆਂ ਦੇ ਛੋਟੇਪੁਰ ਨੇ ਆਪਣਾ ਸਿਆਸ ਸਫ਼ਰ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਆਰੰਭ ਕਰ ਦਿੱਤਾ ਸੀ। ਉਹ ਗੁਰਦਾਸਪੁਰ ਗੌਰਮਿੰਟ ਕਾਲਜ ਯੂਨੀਅਨ ਦੇ ਪ੍ਰਧਾਨ ਰਹੇ। ਕਾਲਜ ਦੀ ਰਾਜਨੀਤੀ ਤੋਂ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸ. ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। 1980 ਤੋਂ 1986 ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। 1985 ਵਿੱਚ ਉਹ ਧਾਰੀਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਅਤੇ ਬਰਨਾਲਾ ਸਰਕਾਰ ਵਿੱਚ ਸਿਹਤ ਦੇ ਰਾਜ ਮੰਤਰੀ ਰਹੇ। 29 ਅਪ੍ਰੈਲ 1986 ਨੂੰ ਸਰਕਾਰ ਵੱਲੋਂ ਕੀਤੇ ਉਪਰੇਸ਼ਨ ਬਲੈਕ ਥੰਡਰ ਦੇ ਵਿਰੋਧ ਵਿੱਚ ਅਸਫ਼ੀਤਾ ਦੇਣ ਤੋਂ ਬਾਅਦ ਮਾਨ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। 1992 ਅਤੇ 1997 ਵਿੱਚ ਮਾ ਅਕਾਲੀ ਦਲ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲਿਆ ਲੇਕਿਨ ਹਾਰ ਦਾ ਮੂੰਹ ਦੇਖਣਾ ਪਿਆ। 2002 ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਆਜ਼ਾਦ ਉਮੀਦਵਾਰ ਵਜੋਂ ਧਾਰੀਵਾਲ ਤੋਂ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ। ਕੈਪਟਨ ਦੀ ਸਰਕਾਰ ਉਪਰ ਜਦੋਂ ਰਾਜਿੰਦਰ ਕੌਰ ਭੱਠਲ ਗਰੁੱਪ ਦੀ ਬਗਾਵਤ ਕਾਰਨ ਸੰਕਟ ਆਇਆ ਤਾਂ ਆਜ਼ਾਦ ਮੈਂਬਰ ਛੋਟੇਪੁਰ ਨੇ ਕੈਪਟਨ ਦਾ ਸਾਥ ਦਿੱਤਾ ਸੀ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਕੈਪਟਨ ਅਤੇ ਛੋਟੇਪੁਰ ਦੀ ਨੇੜਤਾ ਕਾਇਮ ਹੈ। 2009 ਵਿੱਚ ਛੋਟੇਪੁਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਉਸਨੇ ਪ੍ਰਤਾਪ ਸਿੰਘ ਬਾਜਵਾ ਦੀ ਮਦਦ ਕੀਤੀ। 2012 ਦੀਆਂ ਚੋਣਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਛੋਟੇਪੁਰ ਦਾ ਟਿਕਟ ਕੱਟ ਕੇ ਆਪਣੀ ਪਤਨੀ ਨੂੰ ਦੇ ਦਿੱਤਾ ਤਾਂ ਛੋਟੇਪੁਰ ਨੇ ਫ਼ਿਰ ਬਗਾਵਤ ਕਰ ਦਿੱਤੀ। ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਹਾਰ ਗਿਆ। ਫ਼ਿਰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ 2014 ਵਿੱਚ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਹਰ ਦਾ ਮੂੰਹ ਵੇਖਣਾ ਪਿਆ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਦਾ ਕਨਵੀਨਰ ਬਣਾ ਦਿੱਤਾ। ਉਹਨਾਂ ਨੇ ਬੜੀ ਮਿਹਨਤ ਨਾਲ ਪੰਜਾਬ ਵਿੱਚ ਆਪ ਦੀਆਂ ਜੜ੍ਹਾਂ ਲਾਈਆਂ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਅਰਵਿੰਦ ਕੇਜਰੀਵਾਲ ਨੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਪੰਜਾਬ ਦੀ ਕਮਾਂਡ ਸੌਂਪ ਦਿੱਤੀ। ਹੁਣ ਜਦੋਂ ਪੰਜਾਬ ਵਿਧਾਨ ਸਭਾ ਲਈ ਟਿਕਟਾਂ ਦੀ ਵੰਡ ਹੋਣ ਲੱਗੀ ਤਾਂ ਛੋਟੇਪੁਰ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਾ। ਜਦੋਂ ਆਪ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਤਾਂ ਛੋਟੇਪੁਰ ਨੂੰ ਪੂਰੀ ਤਰ੍ਹਾਂ ਹਾਸ਼ੀਏ ‘ਤੇ ਧੱਕ ਦਿੱਤਾ। ਇਸ ਗੱਲ ਦਾ ਜ਼ਿਕਰ ਉਸਨੇ ਪ੍ਰੈਸ ਕਾਨਫ਼ਰੰਸ ਵਿੱਚ ਕੀਤਾ ਸੀ। ਛੋਟੇਪੁਰ ਨੇ ਟਿਕਟਾਂ ਦੀ ਵੰਡ ‘ਤੇ ਉਠਾਏ ਸਵਾਲ ਜਦੋਂ ਕੇਜਰੀਵਾਲ ਕੋਲ ਉਠਾਉਣੇ ਚਾਹੇ ਤਾਂ ਕੇਜਰੀਵਾਲ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ। ਛੋਟੇਪੁਰ ਦੇ ਸਮਰਥਕਾਂ ਦਾ ਇਹ ਮੰਨਣਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ। ਇਸ ਘਟਨਾ ਚੱਕਰ ਨੇ ਆਪ ਦੀ ਫ਼ੁੱਟ ਜੱਗ ਜਾਹਿਰ ਕਰ ਦਿੱਤੀ। ਜਿਸ ਤਰੀਕੇ ਨਾਲ ਛੋਟੇਪੁਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ, ਉਸ ਨਾਲ ਨਿਰਪੱਖ ਸੋਚ ਵਾਲੇ ਲੋਕਾਂ ਦੀ ਹਮਦਰਦੀ ਛੋਟੇਪੁਰ ਨਾਲ ਹੋ ਗਈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਸਦਮੇ ਵਿੱਚ ਆ ਗਏ ਅਤੇ ਪੰਜਾਬ ਵਿੱਚ ਕੇਜਰੀਵਾਲ ਦੇ ਸੂਬੇਦਾਰਾਂ ਸੰਜੇ ਸਿੰਘ, ਦੁਰਗੇਸ਼ ਪਾਠਕ, ਅਸ਼ੀਸ਼ ਖੇਤਾਨ ਅਤੇ ਹੋਰ ਗੈਰ ਪੰਜਾਬੀ ਨੇਤਾਵਾਂ ਖਿਲਾਫ਼ ਆਵਾਜ਼ ਉੱਠਣੀ ਆਰੰਭ ਹੋ ਗਈ। ਜਲੰਧਰ ਵਿਖੇ ਕੀਤੀ ਇੱਕ ਕਾਨਫ਼ਰੰਸ ਵਿੱਚ ਆਪ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਪੰਜਾਬ ਤੋਂ ਵਾਪਸ ਬੁਲਾ ਲਿਆ ਜਾਵੇ। ਉਸਨੇ ਸਾਰੇ ਘਟਨਾ ਚੱਕਰ ਨੂੰ ਮੰਦਭਾਗਾ ਦੱਸਿਆ। ਪੰਜਾਬ ਦੇ 13 ਜੌਨਲ ਕਨਵੀਨਰਾਂ ਵਿੱਚੋਂ 6 ਕਨਵੀਨਰ ਛੋਟੇਪੁਰ ਦੀ ਮਦਦ ‘ਤੇ ਆ ਗਏ ਹਨ। ਗੁਰਦਾਸਪੁਰ ਅਤੇ ਮਾਝੇ ਦੇ ਕਈ ਸ਼ਹਿਰਾਂ ਵਿੱਚ ਛੋਟੇਪੁਰ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਛੋਟੇਪੁਰ ਨੂੰ ਨਿਰਦੋਸ਼ ਸਮਝ ਕੇ ਲੋਕ ਇਸਦੇ ਨਾਲ ਆ ਰਹੇ ਹਨ। ਛੋਟੇਪੁਰ ਦਾ ਮਾਝਾ ਖੇਤਰ ਵਿੱਚ ਕਾਫ਼ੀ ਪ੍ਰਭਾਵ ਹੈ। ਜੇ ਹਾਲਾਤ ਇਉਂ ਹੀ ਵਿਗੜਦੇ ਰਹੇ ਤਾਂ ਆਪ ਦੀ ਸਾਖ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ।
ਦੂਜੇ ਪਾਸੇ ਡਾ. ਧਰਮਵੀਰ ਗਾਂਧੀ ਨੇ ਆਪਣਾ ਇੱਕ ਸਿਆਸੀ ਫ਼ਰੰਟ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਨਰਾਜ਼ ਵਰਕਰਾਂ ਨੇ ਡਾ. ਗਾਂਧੀ ਦੀ ਅਗਵਾਈ ਵਿੱਚ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਉਧਰ ਸਵਰਾਜ ਅਭਿਆਨ ਪਾਰਟੀ ਪੰਜਾਬ ਵੀ ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਵਿੱਚ ਚੋਣਾਂ ਲੜਨ ਲਈ ਤਿਆਰ ਹੋ ਰਹੀ ਹੈ। ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਪ੍ਰੋ. ਮਨਜੀਤ ਸਿੰਘ, ਸੁਮੇਲ ਸਿੰਘ ਸਿੱਧੂ ਅਤੇ ਜੱਸੀ ਜਸਰਾਜ ਵਰਗੇ ਲੋਕ ਬਹੁਤ ਉਚੀ ਸੁਰ ਵਿੱਚ ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਨੂੰ ਭੰਡ ਰਹੇ ਹਨ। ਆਪ ਦੀ ਖਾਨਾਜੰਗੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਨੇਤਾਵਾਂ ਦੇ ਚਿਹਰਿਆਂ ਤੇ ਥੋੜ੍ਹੀ ਮੁਸਕਰਾਹਟ ਲਿਆਂਦੀ ਹੈ। ਇਹ ਪਾਰਟੀਆਂ ਅੰਦਰੋ ਅੰਦਰੀ ਕੇਜਰੀਵਾਲ ਵਿਰੋਧੀ ਲੋਕਾਂ ਦੀ ਹਰ ਪੱਖੋਂ ਮਦਦ ਵੀ ਕਰਨਗੀਆਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੇਜਰੀਵਾਲ ਉਪਰ ਅੱਤਵਾਦੀ ਗੱਠਜੋੜ ਦੇ ਇਲਜ਼ਾਮ ਹਿੰਦੂ ਵੋਟਰਾਂ ‘ਤੇ ਅਸਰ ਪਾਉਣਗੇ। ਅਜਿਹੇ ਹਾਲਾਤ ਵਿੱਚ ਜੇ ਛੋਟੇਪੁਰ ਵੀ ਇਹ ਸਾਰੇ ਵਿਰੋਧੀਆਂ ਨਾਲ ਮਿਲ ਜਾਂਦਾ ਹੈ ਤਾਂ 0ਆਪ’ ਲਈ ਵੱਡਾ ਖਤਰਾ ਖੜ੍ਹਾ ਹੋ ਜਾਵੇਗਾ। ਆਪ ਦਾ ਵਰਕਰ ਟਿਕਟਾਂ ਦੀ ਵੰਡ ਤੋਂ ਵੀ ਨਾਖੁਸ਼ ਹੈ। ਅਮਨ ਅਰੋੜਾ, ਅਨੂ ਰੰਧਾਵਾ, ਦੇਵ ਮਾਨ, ਗੁਰਪ੍ਰੀਤ ਸਿੰਘ ਭੱਟੀ ਅਤੇ ਸੱਜਣ ਸਿੰਘ ਚੀਮਾ ਆਦਿ ਅਨੇਕਾਂ ਉਮੀਦਵਾਰਾਂ ਦੇ ਨਾਮ ‘ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ। ਸਿਰਫ਼ ਛੋਟੇਪੁਰ ਹੀ ਸਵਾਲ ਨਹੀਂ ਕਰਦਾ ਸਗੋਂ ਆਮ ਵਰਕਰ ਵੀ ਕਰਦਾ ਹੈ ਕਿ ਟਿਕਟਾਂ ਦੀ ਵੰਡ ਵਿੱਚ ਆਮ ਵਰਕਰ ਦੀ ਪੁੱਛ ਪੜਤਾਲ ਕਿੱਥੇ ਹੈ? ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਕੀ ਇਹ ਟਿਕਟਾਂ ਵਿਕ ਰਹੀਆਂ ਹਨ, ਇਹ ਸਵਾਲ ਵਿਰੋਧੀ ਵੀ ਚੁੱਕ ਰਹੇ ਹਨ, ਮੀਡੀਆ ਵੀ ਅਤੇ ਕੁਝ ਨਾਖੁਸ਼ ਵਰਕਰ ਵੀ ਗੈਰ-ਪੰਜਾਬੀ ਨੇਤਾਵਾਂ ਦੀ ਕਮਾਂਡ ਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿੱਚ ਇਸ ਪਾਰਟੀ ਦੀ ਹਵਾ ਕਿੰਨਾ ਕੁ ਚਿਰ ਕਾਇਮ ਰਹਿ ਸਕਦੀ ਹੈ ਅਤੇ ਪਾਰਟੀ ਵਿੱਚ ਵੱਧ ਰਹੀ ਫ਼ੁੱਟ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਤਾਂ ਜੋ ਪਾਰਟੀ ਦੀ ਸ਼ਾਖ ਨੂੰ ਹੋਰ ਡਿੱਗਣ ਤੋਂ ਬਚਾਇਆ ਜਾ ਸਕੇ। ਇਸ ਗੱਲ ਦੀ ਚਿੰਤਾ ਆਪ ਦੇ ਹਮਦਰਦਾਂ ਨੂੰ ਵੀ ਹੈ ਅਤੇ ਉਹਨਾਂ ਲੋਕਾਂ ਨੂੰੰ ਵੀ ਹੈ ਜਿਹੜੇ ਇਸ ਨਵੀਂ ਪਾਰਟੀ ਉਤੇ ਵੱਡੀਆਂ ਉਮੀਦਾਂ ਲਾਈ ਬੈਠੇ ਸਨ। ਜੇ ਆਪ ਦੀ ਇਹ ਖਾਨਾਜੰਗੀ ਇਉਂ ਹੀ ਜਾਰੀ ਰਹੀ ਤਾਂ ਇਹ ਚਿੰਤਾ ਨਿਰਾਸ਼ਾ ਵਿੱਚ ਵੀ ਬ ਦਲ ਸਕਦੀ ਹੈ। ‘ਆਪ’ ਦੇ ਹਮਦਰਦਾਂ ਦੀ ਨਿਰਾਸ਼ਾ ਅਤੇ ਚਿੰਤਾ ਦੋਵੇਂ ਰਵਾਇਤੀ ਪਾਰਟੀਆਂ ਲਈ ਖੁਸ਼ੀ ਅਤੇ ਤਸੱਲੀ ਦਾ ਕਾਰਨ ਬਣ ਸਕਦੀਆਂ ਹਨ।

LEAVE A REPLY