7ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ ਵੱਲੋਂ ਭੜਕਾਏ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵੀਰਵਾਰ ਨੂੰ ਬੱਸੀ ਪਠਾਨਾ ਵਿਖੇ ਪੱਤਰਕਾਰਾਂ ਉੱਤੇ ਕੀਤੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਾਨ ਨੂੰ ਦੰਗਿਆਂ ਤੇ ਮਾਰਕੁੱਟ ਲਈ ਨਾਮਜ਼ਦ ਕੀਤੇ ਜਾਣ ਅਤੇ ਲੋਕਾਂ ਵਿਚਾਲੇ ਜਾਣ ਨੂੰ ਲੈ ਕੇ ਉਨ੍ਹਾਂ ਦੀ ਕਾਬਲਿਅਤ ਦੀ ਮੈਡੀਕਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਕ ਬਿਆਨ ਰਾਹੀਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਮਾਨ ਵਰਗੇ ਆਪ ਆਗੂਆਂ ‘ਚ ਨਿਰਾਸ਼ਾ ਦੀ ਨਿਸ਼ਾਨੀ ਹੈ, ਜਿਹੜੇ ਪਾਰਟੀ ‘ਚ ਬਣੇ ਹਾਲਾਤਾਂ ਨੂੰ ਲੈ ਕੇ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਨੇ ਸਲਾਹ ਦਿੱਤੀ ਹੈ ਕਿ ਸੰਗਰੂਰ ਤੋਂ ਐਮ.ਪੀ ਦੇ ਸਰਵਜਨਿਕ ਪ੍ਰੋਗਰਾਮਾਂ ‘ਚ ਜਾਣ ਤੇ ਸੰਬੋਧਨ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਭੇਜਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਹੋਰ ਲੋਕਾਂ ਨੂੰ ਹਿੰਸਾ ਲਈ ਉਕਸਾ ਤੇ ਭੜਕਾ ਨਾ ਸਕਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਪੱਤਰਕਾਰਾਂ ਖਿਲਾਫ ਭੜਕਾਇਆ ਸੀ ਅਤੇ ਅਗਲੀ ਵਾਰ ਕੋਈ ਹੋਰ ਨਿਸ਼ਾਨਾ ਬਣ ਸਕਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਵਤੀਰਾ ਕਾਨੂੰਨ ਤੇ ਵਿਵਸਥਾ ਦੀ ਗੰਭੀਰ ਸਮੱਸਿਆ ਪੈਦਾ ਕਰ ਸਕਦਾ ਹੈ, ਜਿਸਨੂੰ ਜਾਂਚ ਕੀਤੇ ਬਗੈਰ ਜਾਣ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਅਜਿਹੇ ‘ਚ ਮਾਣ ਨੂੰ ਨਾ ਸਿਰਫ ਮੈਡੀਕਲ ਤੇ ਦਿਮਾਗੀ ਇਲਾਜ਼ ਦੀ ਲੋੜ ਹੈ, ਬਲਕਿ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ।
ਪੰਜਾਬ ਦੇ ਮਾੜੇ ਹਾਲਾਤਾਂ ਤੋਂ ਧਿਆਨ ਭਟਕਾਉਣ ਵਾਸਤੇ ਦਿੱਲੀ ‘ਚ ਦਲਿਤ ਮੰਤਰੀ ਨੂੰ ਹਟਾਇਆ ਗਿਆ
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਬੁਝ ਕੇ ਦਲਿਤ ਮੰਤਰੀ ਸੰਦੀਪ ਕੁਮਾਰ ਨੂੰ ਹਟਾਇਆ ਹੈ, ਜਿਹੜੇ ਪੰਜਾਬ ‘ਚ ਪਾਰਟੀ ਦੇ ਮਾੜੇ ਹਾਲਾਤਾਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੁਮਾਰ ਨੂੰ ਮੰਤਰੀ ਨਿਯੁਕਤ ਕਰਨ ਤੋਂ ਪਹਿਲਾਂ ਹੀ ਕੇਜਰੀਵਾਲ ਨੂੰ ਸੀ.ਡੀ ਬਾਰੇ ਪਤਾ ਸੀ।
ਉਸ ਵੇਲੇ ਕੇਜਰੀਵਾਲ ਨੇ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਅਤੇ ਕੁਮਾਰ ਨੂੰ ਮੰਤਰੀ ਨਿਯੁਕਤ ਕਰ ਦਿੱਤਾ ਸੀ। ਹੁਣ ਉਨ੍ਹਾਂ ਨੇ ਪੰਜਾਬ ‘ਚ ਪਾਰਟੀ ਦੇ ਬੁਰੇ ਹਾਲਾਤਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਉਸੇ ਸੀ.ਡੀ ਦਾ ਇਸਤੇਮਾਲ ਕੀਤਾ ਹੈ। ਜਿਨ੍ਹਾਂ ਨੇ ਇਕ ਦਲਿਤ ਹੋਣ ਕਾਰਨ ਸੰਦੀਪ ਕੁਮਾਰ ਨੂੰ ਅਸਾਨੀ ਨਾਲ ਬਲੀ ਦਾ ਬੱਕਰਾ ਬਣਾ ਲਿਆ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਸੰਦੀਪ ਕੁਮਾਰ ਖਿਲਾਫ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕੁਮਾਰ ਨੂੰ ਹਟਾਏ ਜਾਣ ਦੇ ਸਮੇਂ ਉਪਰ ਸਵਾਲ ਖੜ੍ਹੇ ਕਰਦਿਆਂ ਪੁੱਛਿਆ ਹੈ ਕਿ ਕਿਉਂ ਉਨ੍ਹਾਂ ਨੂੰ ਹੁਣ ਹਟਾਇਆ ਗਿਆ ਹੈ? ਕਿਉਂ ਕੇਜਰੀਵਾਲ ਨੇ ਉਸਨੂੰ ਮੰਤਰੀ ਬਣਾਇਆ ਸੀ, ਜਿਹੜੇ ਇਸ ਬਾਰੇ ਜਾਣਦੇ ਸਨ? ਕਿਉਂਕਿ ਇਹ ਸੀ.ਡੀ ਹਾਲੇ ‘ਚ ਨਹੀਂ ਆਈ ਸੀ ਅਤੇ ਇਸ ਬਾਰੇ ਕੇਜਰੀਵਾਲ ਪਹਿਲਾਂ ਤੋਂ ਹੀ ਜਾਣਦੇ ਸਨ। ਜਾਂ ਸਿਰਫ ਇਸ ਲਈ ਕਿਉਂਕਿ ਉਹ ਦਲਿਤ ਹਨ, ਕੇਜਰੀਵਾਲ ਨੇ ਸਮਝਿਆ ਕਿ ਉਨ੍ਹਾਂ ਦਾ ਅਸਾਨੀ ਨਾਲ ਬਲਿਦਾਨ ਦਿੱਤਾ ਜਾ ਸਕਦਾ ਹੈ।
ਛੋਟੇਪੁਰ ਦੀ ਜਾਂਚ ਕਰਨ ਨੂੰ ਲੈ ਕੇ ਜਰਨੈਲ, ਬੀਰ ਦੀ ਭਰੋਸੇਮੰਦੀ, ਨੈਤਿਕ ਅਧਾਰ ਉਪਰ ਕੀਤੇ ਸਵਾਲ
ਕੈਪਟਨ ਅਮਰਿੰਦਰ ਨੇ ਆਪ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉਪਰ ਲੱਗੇ ਦੋਸ਼ਾਂ ਦੀ ਜਾਂਚ ਕਰਨ ਨੂੰ ਲੈ ਕੇ ਜਸਬੀਰ ਸਿੰਘ ਬੀਰ ਤੇ ਜਰਨੈਲ ਸਿੰਘ ਦੇ ਨੈਤਿਕ ਅਧਿਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਛੋਟੇਪੁਰ ਖਿਲਾਫ ਫੈਸਲਾ ਦੇਣ ਲਈ ਇਨ੍ਹਾਂ ਕੋਲ ਨਾ ਭਰੋਸੇਮੰਦੀ ਹੈ ਤੇ ਨਾ ਹੀ ਅਧਿਕਾਰ।
ਉਨ੍ਹਾਂ ਨੇ ਕਿਹਾ ਕਿ ਬਰਾੜ ਪਾਰਟੀ ਦੇ 21 ਆਗੂਆਂ ‘ਚੋਂ ਇਕ ਸਨ, ਜਿਨ੍ਹਾਂ ਨੇ ਛੋਟੇਪੁਰ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ। ਕਿਵੇਂ ਇਕ ਸ਼ਿਕਾਇਤਕਰਤਾ ਉਸ ਵਿਅਕਤੀ ਖਿਲਾਫ ਫੈਸਲਾ ਦੇ ਸਕਦਾ ਹੈ, ਜਿਸਦੀ ਉਸਨੇ ਸ਼ਿਕਾਇਤ ਕੀਤੀ ਹੈ? ਇਸ ਤੋਂ ਸਿਰਫ ਇਹੋ ਪਤਾ ਚੱਲਦਾ ਹੈ ਕਿ ਇਹ ਜਾਂਚ ਇਕ ਵਿਖਾਵਾ ਹੈ ਤੇ ਪਾਰਟੀ ਛੋਟੇਪੁਰ ਤੋਂ ਛੁਟਕਾਰਾ ਚਾਹੁੰਦੀ ਹੈ।
ਦੋਨਾਂ ਦੀ ਭਰੋਸੇਮੰਦੀ ‘ਤੇ ਸਵਾਲ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਰਨੈਲ ਸਿੰਘ ਦੀ ਸਿਰਫ ਇਕੋਮਾਤਰ ਯੋਗਤਾ ਹੈ ਕਿ ਉਨ੍ਹਾਂ ਨੇ ਤਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਉਪਰ ਪ੍ਰੈਸ ਕਾਨਫਰੰਸ ‘ਚ ਜੁੱਤਾ ਉਛਾਲਿਆ ਸੀ, ਜਿਸ ਲਈ ਆਪ ਨੇ ਪਾਰਟੀ ਟਿਕਟ ਨਾਲ ਨਵਾਜਿਆ ਸੀ। ਬੀਰ ਬਾਰੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬਾਰੇ ਕੁਝ ਕਹਿਣਾ ਵੀ ਸਹੀ ਨਹੀਂ ਹੈ, ਕਿਉਂਕਿ ਇਨ੍ਹਾਂ ਦੀ ਭਰੋਸੇਮੰਦੀ ਵੀ ਸਵਾਲਾਂ ‘ਚ ਹੈ।

LEAVE A REPLY