1ਲੰਬੀ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੇੜੇ ਪਾਣੀ ਦੀ ਟੈਂਕੀ ‘ਤੇ ਚੜ੍ਹ ਤਿੰਨ ਅਧਿਆਪਕ ਮਰਨ ਵਰਤ ‘ਤੇ ਬੈਠੇ ਹਨ। ਇਹ ਤਿੰਨੇ ਖੁਦ ਨੂੰ ਸਰਕਾਰ ਦੀਆਂ ਨੀਤੀਆਂ ਦੇ ਚੱਲਦੇ ਬੇਰੁਜਗਾਰੀ ਦਾ ਸ਼ਿਕਾਰ ਦੱਸ ਰਹੇ ਹਨ। ਇਨ੍ਹਾਂ ਕੋਲ ਕੁਝ ਵੀ ਖਾਣ ਪੀਣ ਨੂੰ ਨਾ ਹੋਣ ਦੀ ਹਾਲਤ ਪਿਆਸ ਲੱਗਣ ‘ਤੇ ਇਨ੍ਹਾਂ ਨੇ ਪਾਣੀ ਦੀ ਟੈਂਕੀ ‘ਚੋਂ ਜੁੱਤਿਆਂ ਨਾਲ ਪਾਣੀ ਕੱਢ ਕੇ ਪੀਤਾ। ਹਾਲਾਂਕਿ ਇਲਜ਼ਾਮ ਹਨ ਕਿ ਪੁਲਿਸ ਪ੍ਰਸ਼ਾਸਨ ਨੇ ਟੈਂਕੀ ਵੀ ਖਾਲੀ ਕਰਵਾ ਦਿੱਤੀ ਹੈ ਕਿ ਉਹ ਪਾਣੀ ਵੀ ਨਾ ਪੀ ਸਕਣ।
ਇਹ ਤਿੰਨ ਅਧਿਆਪਕ ਸਲਿੰਦਰ ਕੁਮਾਰ, ਗਗਨ ਤੇ ਰਾਕੇਸ਼ ਕੁਮਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਸਨ। ਸੋਮਵਾਰ ਦੁਪਹਿਰ ਨੂੰ ਇਹ ਪਾਣੀ ਦੀ ਟੈਂਕੀ ‘ਤੇ ਜਾ ਚੜ੍ਹੇ। ਜਦਕਿ 9 ਅਧਿਆਪਕਾਂ ਨੂੰ ਟੈਂਕੀ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਅਧਿਆਪਕਾਂ ਦੀ ਯੂਨੀਅਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਕੰਬੋਜ਼ ਨੇ ਕਿਹਾ ਹੈ ਕਿ ਮੰਗਾਂ ਪੂਰੀਆਂ ਹੋਣ ‘ਤੇ ਹੀ ਇਹ ਅਧਿਆਪਕ ਹੇਠਾਂ ਉੱਤਰਨਗੇ।
ਪ੍ਰਸ਼ਾਸਨ ਵੱਲੋਂ ਟੈਂਕੀ ਦਾ ਪਾਣੀ ਬੰਦ ਕੀਤੇ ਜਾਣ ਦੇ ਮੁੱਦੇ ‘ਤੇ ਵਾਟਰ ਸਪਲਾਈ ਵਿਭਾਗ ਦਾ ਤਰਕ ਹੈ ਕਿ ਕਿਤੇ ਟੈਂਕੀ ‘ਤੇ ਚੜ੍ਹਿਆ ਵਿਅਕਤੀ ਪ੍ਰੇਸ਼ਾਨ ਹੋ ਕੇ ਟੈਂਕੀ ਦੇ ਪਾਣੀ ‘ਚ ਛਾਲ ਨਾ ਮਾਰ ਦੇਵੇ। ਇਸ ਕਾਰਨ ਪਾਣੀ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਦੋ ਟੈਂਕੀਆਂ ਹਨ। ਹੁਣ ਦੂਸਰੀ ਟੈਂਕੀ ਤੋਂ ਪਿੰਡ ਨੂੰ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਹਾਲਾਂਕਿ ਇਸ ਮਾਮਲੇ ‘ਤੇ ਸਿਵਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਲਈ ਖਾਣ ਪੀਣ ਦਾ ਸਾਮਾਨ ਲਿਆਂਦਾ ਗਿਆ ਸੀ, ਪਰ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਐਸ.ਡੀ.ਐਮ. ਮਲੋਟ ਮੁਤਾਬਕ ਅਧਿਆਪਕਾਂ ਨੇ ਸੀਐਮ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਮੰਨ ਲਿਆ ਗਿਆ ਪਰ ਇਸ ਦੇ ਬਾਵਜੂਦ ਅਧਿਆਪਕ ਨਹੀਂ ਮੰਨੇ।

LEAVE A REPLY