2ਮੁੰਬਈ :  ਇਹ ਸ਼ਹਿਰ ਹਮੇਸ਼ਾ ਆਪਣੀ ਦਰਿਆਦਿਲੀ ਦੇ ਕਿੱਸਿਆਂ ਲਈ ਜਾਣਿਆ ਜਾਂਦਾ ਹੈ ਪਰ ਹਾਲ ‘ਚ ਇਸੇ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦੁਨੀਆ ਦੇ ਸਾਹਮਣੇ ਇਕ ਮਿਸਾਲ ਕਾਇਮ ਕੀਤੀ ਹੈ। ਕੌਸਾ ਇਲਾਕੇ ‘ਚ ਸੋਮਵਾਰ ਦੀ ਰਾਤ ਇਕ ਹਿੰਦੂ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ ਮੁੰਬਰਾ ਇਲਾਕੇ ‘ਚ ਰਹਿਣ ਵਾਲੇ ਕੁਝ ਮੁਸਲਿਮ ਨੌਜਵਾਨਾਂ ਨੇ ਕੀਤਾ।
ਰਿਪੋਰਟ ਅਨੁਸਾਰ ਮਹਿਮੂਦ ਅਪਾਰਟਮੈਂਟ ‘ਚ ਰਹਿਣ ਵਾਲੇ 65 ਸਾਲਾ ਬਜ਼ੁਰਗ ਵਾਮਨ ਕਦਮ ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਸੀ। ਦੇਰ ਰਾਤ ਹੋ ਗਈ ਪਰ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਇਹ ਗੱਲ ਜਦੋਂ ਉੱਥੋਂ ਦੇ ਨੌਜਵਾਨਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਅੱਗੇ ਆ ਕੇ ਖੁਦ ਹੀ ਪਹਿਲ ਕਰਦੇ ਹੋਏ ਬਜ਼ੁਰਗ ਦੇ ਅੰਤਿਮ ਸੰਸਕਾਰ ਦੀ ਤਿਆਰੀ ਕੀਤੀ। ਉਨ੍ਹਾਂ ਨੇ ਅੰਤਿਮ ਸੰਸਕਾਰ ਲਈ ਜ਼ਰੂਰੀ ਰਵਾਇਤੀ ਸਾਮਾਨ- ਬਾਂਸ, ਰੱਸੀ, ਮਟਕਾ, ਅਗਰਬੱਤੀਆਂ ਨਾਲ ਕੱਪੜਾ ਅਤੇ ਇਕ ਫੂਸ ਦਾ ਆਸਨ ਖਰੀਦਿਆ। ਇਸ ਤੋਂ ਬਾਅਦ ਲਾਸ਼ ਨੂੰ ਸਵੇਰੇ ਤਿੰਨ ਵਜੇ ਇਕ ਸ਼ਮਸ਼ਾਨ ਘਾਟ ਲੈ ਗਏ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ।
ਅਜਿਹੀ ਮਿਸਾਲ ਪੇਸ਼ ਕਰਨ ਵਾਲੇ ਨੌਜਵਾਨਾਂ ‘ਚ ਖਲੀਲ ਪਵਨੇ, ਫਹਦ ਦਬੀਰ, ਨਵਾਜ ਦਬੀਰ, ਰਾਹੀਲ ਦਬੀਰ, ਸ਼ਬਾਨ ਖਾਨ, ਮਕਸੂਦ ਖਾਨ, ਫਾਰੂਖ ਖਾਨ, ਮੁਹੰਮਦ ਕਸਮ ਸ਼ੇਖ ਸ਼ਾਮਲ ਰਹੇ। ਜਦੋਂ ਮੁੰਬਰਾ ਕਲਵਾ ਦੇ ਵਿਧਾਇਕ ਜਿਤੇਂਦਰ ਨੂੰ ਇਸ ਗੱਲ ਦੀ ਜਾਣਕਾਰੀ ਹੋਈ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਉਨ੍ਹਾਂ ਨੌਜਵਾਨਾਂ ਦੀ ਤਰੀਫ ਕੀਤੀ। ਇਸ ਤੋਂ ਇਲਾਵਾ ਮੁਸਲਿਮ ਬਹੁਲ ਮੁੰਬਰਾ ਦੇ ਵਾਸੀਆਂ ਨੇ ਵੀ ਇਸ ਕੰਮ ਦੀ ਕਾਫੀ ਤਰੀਫ ਕੀਤੀ ਹੈ।

LEAVE A REPLY